Hindi
IMG-20240610-WA0009

ਮੁੱਖ ਮੰਤਰੀ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ

ਮੁੱਖ ਮੰਤਰੀ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ

ਮੁੱਖ ਮੰਤਰੀ ਦਫ਼ਤਰ, ਪੰਜਾਬ

 

* ਸਾਡੀ ਸਰਕਾਰ ਮਹਾਨ ਸਿੱਖ ਗੁਰੂਆਂ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਸੂਬੇ ਦੀ ਸੇਵਾ ਕਰ ਰਹੀ ਹੈਃ ਮੁੱਖ ਮੰਤਰੀ
* 'ਆਪ' ਦੀ ਕਾਰਗੁਜ਼ਾਰੀ ਨੂੰ ਪਿਛਲੀਆਂ ਚੋਣਾਂ ਨਾਲੋਂ ਬਿਹਤਰ ਦੱਸਿਆ
* ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਬਕਾਇਆ 91 ਕਰੋੜ ਰੁਪਏ ਜਾਰੀ

* ਜਲੰਧਰ (ਪੱਛਮੀ) ਜ਼ਿਮਨੀ ਚੋਣ ਲਈ 'ਆਪ' ਪੂਰੀ ਤਰ੍ਹਾਂ ਤਿਆਰ
* ਕੰਗਨਾ ਵੱਲੋਂ ਪੰਜਾਬੀਆਂ ਨੂੰ ਅਤਿਵਾਦੀ ਦੱਸਣ ਵਾਲੇ ਬਿਆਨ ਦੀ ਨਿੰਦਾ
* ਐਨ.ਡੀ.ਏ. ਸਰਕਾਰ ਪਿਛਲੀਆਂ ਮੋਦੀ ਸਰਕਾਰਾਂ ਨਾਲੋਂ ਵੱਧ ਜਮਹੂਰੀ ਸਾਬਤ ਹੋਵੇਗੀ
* ਅਮਿਤ ਸ਼ਾਹ ਨੂੰ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਦੀ ਚਿੰਤਾ ਕਰਨ ਦੀ ਬਜਾਏ ਆਪਣਾ ਪੁਰਾਣਾ ਮੰਤਰਾਲਾ ਬਰਕਰਾਰ ਰੱਖਣ ਦੀ ਚਿੰਤਾ ਕਰਨੀ ਚਾਹੀਦੀ ਹੈ
* ਸੂਬੇ ਦੇ ਬਕਾਇਆ ਫੰਡ ਕੇਂਦਰ ਸਰਕਾਰ ਕੋਲ ਜਾਰੀ ਕਰਵਾਏ ਬਿੱਟੂ


ਐਸ.ਏ.ਐਸ. ਨਗਰ (ਮੁਹਾਲੀ), 10 ਜੂਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ, ਅਨਿਆਂ ਅਤੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਅਤੇ ਸਿਆਣਪ ਦਾ ਖ਼ਜ਼ਾਨਾ ਹੈ, ਜੋ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਭਗਵੰਤ ਸਿੰਘ ਮਾਨ ਨੇ ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਜ਼ਮੀਨ ਨੂੰ ਮਾਤਾ ਦੇ ਬਰਾਬਰ ਦਰਜਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਮੌਜੂਦਾ ਚੋਣਾਂ ਦੌਰਾਨ ਵੋਟ ਸ਼ੇਅਰ 2019 ਵਿੱਚ 7 ਫੀਸਦੀ ਤੋਂ ਵਧ ਕੇ 26 ਫੀਸਦੀ ਤੋਂ ਵੱਧ ਹੋ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ 2019 ਦੀ ਇੱਕ ਸੀਟ ਦੇ ਮੁਕਾਬਲੇ ਇਸ ਵਾਰ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਦਾ ਵੋਟ ਫੀਸਦ ਘਟਿਆ ਹੈ ਅਤੇ ਭਾਜਪਾ ਦਾ ਸਫ਼ਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੰਮਕਾਜ ਵਿੱਚ ਕੋਈ ਕਮੀਆਂ ਹਨ ਤਾਂ ਪਾਰਟੀ ਉਨ੍ਹਾਂ ਦਾ ਨਿਸ਼ਚਿਤ ਵਿਸ਼ਲੇਸ਼ਣ ਕਰੇਗੀ ਅਤੇ ਉਨ੍ਹਾਂ ਨੂੰ ਦੂਰ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚੋਣ ਜ਼ਾਬਤਾ ਬਹੁਤ ਲੰਮਾ ਹੋਣ ਕਾਰਨ ਸੂਬੇ ਦੇ ਵਿਕਾਸ ਵਿਚ ਰੁਕਾਵਟ ਆਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਬਕਾਇਆ 91 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਤਕਨੀਕੀ ਸਿੱਖਿਆ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 50 ਫੀਸਦੀ ਕਮੀ ਆਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਨੇਕ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੌਮੀ ਪਾਰਟੀ ਹੈ, ਜੋ ਜ਼ਿਮਨੀ ਚੋਣ ਜ਼ੋਰਦਾਰ ਢੰਗ ਨਾਲ ਲੜੇਗੀ ਅਤੇ ਜਿੱਤ ਯਕੀਨੀ ਬਣਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਇਹ ਚੋਣ ਪੂਰੀ ਤਾਕਤ ਨਾਲ ਲੜੇਗੀ ਅਤੇ ਵਿਧਾਇਕ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਇਸ ਸੀਟ 'ਤੇ ਜਿੱਤ ਦਰਜ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ 400 ਪਾਰ ਬਾਰੇ ਭਾਰੀ ਬਿਆਨਬਾਜ਼ੀ ਦੇ ਬਾਵਜੂਦ 250 ਦਾ ਅੰਕੜਾ ਪਾਰ ਨਹੀਂ ਕਰ ਸਕੀ ਅਤੇ ਹੁਣ ਮੋਦੀ ਸਰਕਾਰ ਨੂੰ ਐਨ.ਡੀ.ਏ. ਸਰਕਾਰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬਹੁਮਤ ਤੋਂ ਬਹੁਤ ਦੂਰ ਹੈ ਅਤੇ ਲੋਕ ਸਭਾ ਦੇ ਮੌਜੂਦਾ ਸਰੂਪ ਵਿੱਚ ਵਿਰੋਧੀ ਧਿਰ ਵੀ ਬਰਾਬਰ ਦੀ ਮਜ਼ਬੂਤ ​​ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤਾ ਕਿ ਭਗਵਾ ਪਾਰਟੀ ਦੀ ਤਾਨਾਸ਼ਾਹੀ ਇਸ ਵਾਰ ਨਜ਼ਰ ਨਹੀਂ ਆਵੇਗੀ ਕਿਉਂਕਿ ਉਹ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਕਰ ਕੇ ਸਰਕਾਰ ਚਲਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਵਿੱਚ ਆਮ ਚੋਣਾਂ ਹਾਰਨ ਵਾਲੇ ਕਈ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਮਸਲਿਆਂ ਖ਼ਾਸ ਕਰਕੇ ਕੇਂਦਰ ਸਰਕਾਰ ਕੋਲ ਫੰਡ ਰੋਕਣ ਦੇ ਮੁੱਦੇ ਉਠਾਉਣ ਤਾਂ ਜੋ ਉਨ੍ਹਾਂ ਨੂੰ ਤੁਰੰਤ ਜਾਰੀ ਕਰਵਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣਾ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਬਿਜਲੀ ਅਤੇ ਜਲ ਸਰੋਤ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਕੰਗਨਾ ਰਣੌਤ ਦੇ ਵੱਜਿਆ ਥੱਪੜ ਉਸ ਦੇ ਪਿਛਲੇ ਜ਼ਹਿਰੀਲੇ ਬਿਆਨਾਂ ਕਾਰਨ ਭੜਕ ਰਹੇ ਗੁੱਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਪਰ ਕੰਗਨਾ ਨੂੰ ਵੀ ਸੰਜਮ ਵਰਤਣਾ ਚਾਹੀਦਾ ਸੀ ਅਤੇ ਸਮੁੱਚੇ ਪੰਜਾਬੀਆਂ ਨੂੰ ਦਹਿਸ਼ਤਗਰਦ ਕਰਾਰ ਦੇਣ ਤੋਂ ਪਹਿਲਾਂ ਸੁਤੰਤਰਤਾ ਸੰਗਰਾਮ, ਦੇਸ਼ ਦੀ ਰੱਖਿਆ ਅਤੇ ਦੇਸ਼ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਯਾਦ ਕਰਨਾ ਚਾਹੀਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੇਤੁਕਾ ਬਿਆਨ ਕੰਗਨਾ ਵਰਗੀ ਜਨਤਕ ਹਸਤੀ ਨੂੰ ਸ਼ੋਭਾ ਨਹੀਂ ਦਿੰਦਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੇਸ਼ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ ਕਿਉਂਕਿ ਭਾਜਪਾ ਬਹੁਮਤ ਦੇ ਅੰਕੜੇ ਨੂੰ ਛੂਹਣ ਵਿੱਚ ਅਸਫ਼ਲ ਰਹੀ ਹੈ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਹੁਣ ਅਗਨੀਵੀਰ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਸ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਡਿੱਗਣ ਬਾਰੇ ਪੁੱਛੇ ਜਾਣ 'ਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਹ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਬਜਾਏ ਨਵੀਂ ਸਰਕਾਰ 'ਚ ਆਪਣਾ ਵਿਭਾਗ ਬਰਕਰਾਰ ਰੱਖਣ 'ਤੇ ਧਿਆਨ ਦੇਣਾ ਚਾਹੀਦਾ ਹੈ।


Comment As:

Comment (0)