ਪਾਣੀ ਅਤੇ ਬੈਕਟੀਰੀਆ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੀ ਸਫ਼ਾਈ ਜ਼ਰੂਰੀ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਪਾਣੀ ਅਤੇ ਬੈਕਟੀਰੀਆ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੀ ਸਫ਼ਾਈ ਜ਼ਰੂਰੀ, ਡੀ ਸੀ ਨੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ
ਮੋਹਾਲੀ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਪਹਿਲੀ ਐੱਫ ਆਈ ਆਰ ਦਰਜ ਕੀਤੀ
ਕਮਿਸ਼ਨਰ ਐਮ ਸੀ ਅਤੇ ਏ ਡੀ ਸੀ (ਡੀ) ਨੇ ਕੁੰਭੜਾ ਦਾ ਸਾਂਝਾ ਦੌਰਾ ਕੀਤਾ ਅਤੇ ਰੋਕਥਾਮ ਗਤੀਵਿਧੀਆਂ ਦਾ ਜਾਇਜ਼ਾ ਲਿਆ
ਜ਼ਿਲ੍ਹਾ ਹਸਪਤਾਲ ਵਿੱਚ ਹੈਜ਼ੇ ਦੇ ਤਿੰਨ ਮਰੀਜ਼ਾਂ ਸਮੇਤ ਕੁੱਲ 12 ਮਰੀਜ਼ ਇਲਾਜ ਅਧੀਨ
ਐਸ.ਏ.ਐਸ.ਨਗਰ, 26 ਜੁਲਾਈ, 2024:
ਜ਼ਿਲ੍ਹਾ ਮੈਜਿਸਟ੍ਰੇਟ, ਆਸ਼ਿਕਾ ਜੈਨ ਨੇ ਘਰ/ਦੁਕਾਨ/ਹੋਟਲ/ਪੀ.ਜੀ. ਮਾਲਕਾਂ ਵੱਲੋਂ ਪਾਣੀ ਦੇ ਸਟੋਰੇਜ ਟੈਂਕਾਂ ਦੀ ਸਫ਼ਾਈ ਕਰਨ ਵਿੱਚ ਢਿੱਲ-ਮੱਠ ਨੂੰ ਗੰਭੀਰਤਾ ਨਾਲ ਲੈਂਦਿਆਂ, ਜੋ ਕਿ ਹੈਜ਼ਾ ਅਤੇ ਦਸਤ ਦਾ ਇੱਕ ਵੱਡਾ ਕਾਰਨ ਵੀ ਸਾਬਤ ਹੋ ਰਿਹਾ ਹੈ, ਸਥਾਨਕ ਅਧਿਕਾਰੀਆਂ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) ਦੀ ਧਾਰਾ 163 (1) ਅਧੀਨ ਜਾਰੀ ਰੋਕਥਾਮ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਹੁਕਮਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਬੈਕਟੀਰੀਆ ਅਧਾਰਿਤ ਬਿਮਾਰੀਆਂ ਦੀ ਰੋਕਥਾਮ ਦੇ ਮੱਦੇਨਜ਼ਰ ਘਰਾਂ, ਕਿਰਾਏ ਦੇ ਮਕਾਨਾਂ/ਦੁਕਾਨਾਂ ਅਤੇ ਹੋਟਲਾਂ/ਪੀਜੀ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ ਦੀ ਨਿਯਮਤ ਸਫ਼ਾਈ ਕਰਨ ਬਾਰੇ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ। ਕਮਿਸ਼ਨਰ ਐਮ.ਸੀ., ਈ.ਓ.ਐਮ.ਸੀ., ਬੀ.ਡੀ.ਪੀ.ਓਜ਼., ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਅਤੇ ਸਿਵਲ ਸਰਜਨ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਲੋਕ ਹਿੱਤ ਵਿੱਚ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ।
ਡੀ ਐਸ ਪੀ ਸਿਟੀ-2, ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਸਿਟੀ ਪੁਲੀਸ ਨੇ ਬੀ ਐਨ ਐਸ ਦੀ ਧਾਰਾ 223 ਤਹਿਤ ਪੁਲਿਸ ਥਾਣਾ ਫੇਜ਼ 8, ਮੁਹਾਲੀ ਵਿਖੇ ਇਸ ਸਬੰਧੀ ਪਹਿਲੀ ਐਫ ਆਈ ਆਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਮ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਇਸ ਦੌਰਾਨ ਹਸਪਤਾਲ ਵਿੱਚ ਹੈਜ਼ਾ ਅਤੇ ਦਸਤ (ਡਾਇਰੀਆ) ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 12 ਹੈ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਤਿੰਨ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਚਾਰ ਨੂੰ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਰਿਪੋਰਟ ਕੀਤੇ ਗਏ ਮਰੀਜ਼ਾਂ ਦੀ ਕੁੱਲ ਗਿਣਤੀ 89 ਹੈ, ਜਿਸ ਵਿੱਚ ਹੈਜ਼ੇ ਦੇ ਚਾਰ ਪੁਸ਼ਟੀ ਕੀਤੇ ਕੇਸ ਸ਼ਾਮਲ ਹਨ। ਹੈਜ਼ਾ ਪਾਜ਼ੇਟਿਵ ਵਾਲੇ ਤਿੰਨ ਮਰੀਜ਼ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਇਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਕੁੰਭੜਾ ਵਿਖੇ ਚਲਾਈਆਂ ਜਾ ਰਹੀਆਂ ਰੋਕਥਾਮ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਅਤੇ ਏ ਡੀ ਸੀ (ਵਿਕਾਸ) ਸੋਨਮ ਚੌਧਰੀ ਨੇ ਜ਼ਮੀਨੀ ਪੱਧਰ 'ਤੇ ਚੱਲ ਰਹੀਆਂ ਰੋਕਥਾਮ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਸਾਂਝਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਕੁੰਭੜਾ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਵਿਭਾਗੀ ਟਿਊਬਵੈੱਲਾਂ ਰਾਹੀਂ ਅਤੇ ਗਮਾਡਾ ਵੱਲੋਂ ਨਹਿਰੀ ਪਾਣੀ ਰਾਹੀਂ ਜਲ ਸਪਲਾਈ ਅਤੇ ਸੀਵਰੇਜ ਦਾ ਪ੍ਰਬੰਧ ਨਗਰ ਨਿਗਮ ਮੁਹਾਲੀ ਵੱਲੋਂ ਕੀਤਾ ਜਾਂਦਾ ਹੈ। ਖੇਤਰ ਦੀ ਜਲ ਸਪਲਾਈ ਵਿੱਚ ਨੁਕਸ ਦਾ ਕਾਰਨ/ਜਾਂਚ ਕਰਨ ਲਈ ਖੇਤਰ ਵਿੱਚ ਆਰ ਆਰ ਟੀ (ਰੈਪਿਡ ਰਿਸਪਾਂਸ ਟੀਮਾਂ) ਦੁਆਰਾ ਸਰਵੇਖਣ ਕੀਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਪਾਣੀ ਦੇ ਟੈਂਕਰਾਂ ਰਾਹੀਂ ਇਲਾਕੇ ਵਿੱਚ ਬਦਲਵੇਂ ਪਾਣੀ ਦੀ ਸਪਲਾਈ ਦਿੱਤੀ ਗਈ ਹੈ, ਉਨ੍ਹਾਂ ਨੂੰ ਸੋਧੇ ਨਹਿਰੀ ਪਾਣੀ ਨਾਲ ਭਰਿਆ ਜਾ ਰਿਹਾ ਹੈ। ਬੈਕਟੀਰੀਆ ਨੂੰ ਖਤਮ ਕਰਨ ਲਈ ਸੁਪਰ ਕਲੋਰੀਨੇਸ਼ਨ ਕੀਤੀ ਗਈ ਹੈ। ਸੀਵਰੇਜ ਬਲਾਕ ਨੂੰ ਐਮ.ਸੀ. ਵੱਲੋਂ ਸਾਫ਼ ਕੀਤਾ ਗਿਆ ਹੈ ਅਤੇ ਪਾਣੀ ਪਾਈਪਲਾਈਨ ਦੀ ਸਫਾਈ ਯਕੀਨੀ ਬਣਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਐਚ ਟੂ ਐਸ ਕਿੱਟਾਂ ਅਤੇ ਰੈਸੀਡੁਅਲ ਕਲੋਰੀਨ ਕਿੱਟਾਂ ਦੀ ਵਰਤੋਂ ਕਰਕੇ ਰੈਗੂਲਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਪਿੰਡ ਵਿੱਚੋਂ ਭੌਤਿਕ, ਰਸਾਇਣਕ ਅਤੇ ਬੈਕਟੀਰੀਓਲੋਜੀਕਲ ਮਾਪਦੰਡਾਂ ਲਈ ਸੈਂਪਲ ਲਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੀਐਚ-2 ਮੁਹਾਲੀ ਸਥਿਤ ਜਲ ਸਪਲਾਈ ਵਿਭਾਗ ਦੀ ਖੇਤਰੀ ਵਾਟਰ ਟੈਸਟਿੰਗ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਜਾ ਰਿਹਾ ਹੈ। ਕਿਸੇ ਵੀ ਡਰੇਨ ਪਾਈਪ ਨੂੰ ਸਥਿਤੀ ਆਮ ਹੋਣ ਤੱਕ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਵਿੱਚ ਰਲਣ ਦਾ ਮੂਲ ਕਾਰਨ ਬਣ ਸਕਦੀ ਹੈ।
ਕਿਉਂਕਿ ਇਹ ਇਲਾਕਾ ਅਰਧ-ਸ਼ਹਿਰੀ ਹੈ, ਇੱਥੇ ਬਹੁਤ ਸਾਰੇ ਪੀ ਜੀ ਹਨ ਜੋ ਆਪਣੇ ਧਰਤੀ ਹੇਠਲੇ ਟਿਊਬਵੈਲਾਂ ਤੋਂ ਪਾਣੀ ਦੀ ਸਪਲਾਈ ਵਰਤ ਰਹੇ ਹਨ ਅਤੇ ਜ਼ਮੀਨਦੋਜ਼ ਟੈਂਕੀਆਂ ਵਿੱਚ ਪਾਣੀ ਸਟੋਰ ਕਰ ਰਹੇ ਹਨ ਜੋ ਕਿ ਉਸਾਰੀ ਤੋਂ ਬਾਅਦ ਇੱਕ ਵਾਰ ਵੀ ਸਾਫ਼ ਨਹੀਂ ਕੀਤੇ ਗਏ ਹਨ, ਇਹ ਪਾਣੀ ਦੇ ਦੂਸ਼ਿਤ ਹੋਣ ਦਾ ਵੱਡਾ ਸਰੋਤ ਹੈ। ਇਨ੍ਹਾਂ ਸਾਰੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀਆਂ ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਾਫ਼ ਕਰਨ ਨਹੀਂ ਤਾਂ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਡਾਇਰੀਆ ਦਾ ਪਹਿਲਾ ਕੇਸ 22 ਜੁਲਾਈ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਨਗਰ ਨਿਗਮ ਵੱਲੋਂ ਇਸ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਇੱਕ ਰੋਜ਼ਾਨਾ ਡਾਕਟਰੀ ਜਾਂਚ ਕੈਂਪ, ਜਾਗਰੂਕਤਾ ਗਤੀਵਿਧੀਆਂ ਜਿਵੇਂ ਕਿ ਉਬਾਲੇ ਅਤੇ ਕਲੋਰੀਨੇਟਡ ਪਾਣੀ ਦਾ ਸੇਵਨ, ਉਲਟੀ ਅਤੇ ਦਸਤ ਦੇ ਲੱਛਣਾਂ ਦੀ ਸਥਿਤੀ ਵਿੱਚ ਤੁਰੰਤ ਨਜ਼ਦੀਕੀ ਡਾਕਟਰੀ ਟੀਮ ਨਾਲ ਸੰਪਰਕ ਕਰਨ ਲਈ ਹਦਾਇਤ ਅਤੇ ਫ਼ੋਨ ਕਾਲਾਂ (ਕਾਲ ਸੈਂਟਰ) ਦੁਆਰਾ ਮਰੀਜ਼ਾਂ ਦੀ ਸਿਹਤ ਤੇ ਨਿਗ੍ਹਾ ਰੱਖਣਾ, ਐਮ ਸੀ ਦੁਆਰਾ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਈ ਟੈਂਕਰ ਪ੍ਰਮੁੱਖ ਚੱਲ ਰਹੀਆਂ ਗਤੀਵਿਧੀਆਂ ਵਿੱਚੇ ਸ਼ਾਮਿਲ ਹਨ।