ਨਾਗਰਿਕ ਸੇਵਾਵਾਂ ਦੀ ਘਰ ਤੱਕ ਪਹੁੰਚ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਨਾਗਰਿਕ ਸੇਵਾਵਾਂ ਦੀ ਘਰ ਤੱਕ ਪਹੁੰਚ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ
ਐਸ ਏ ਐਸ ਨਗਰ ਜ਼ਿਲ੍ਹੇ ਨੂੰ ਦੋ ਦਿਨਾਂ ਵਿੱਚ ਹੈਲਪਲਾਈਨ 1076 'ਤੇ 45 ਨਾਗਰਿਕਾਂ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ
ਡੀ ਸੀ ਨੇ ਹੈਲਪਲਾਈਨ 'ਤੇ ਆਈਆਂ ਬੇਨਤੀਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਸੇਵਾ ਕੇਂਦਰ ਮੋਹਾਲੀ ਦਾ ਦੌਰਾ ਕੀਤਾ
ਸਮਾਂਬੱਧ ਨਿਪਟਾਰੇ ਨੂੰ ਤਰਜੀਹ ਦੇਣ ਲਈ ਸੇਵਾ ਕੇਂਦਰ ਦੇ ਸਟਾਫ਼ ਨੂੰ ਨਿਰਦੇਸ਼ ਦਿੱਤੇ
ਐਸ.ਏ.ਐਸ.ਨਗਰ, 12 ਦਸੰਬਰ, 2023:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ‘ਭਗਵੰਤ ਮਾਨ ਸਰਕਾਰ, ਤੁਹਡੇ ਦੁਆਰ’ ਤਹਿਤ ਸ਼ੁਰੂ ਕੀਤੀ ਗਈ ਨਾਗਰਿਕ ਸੇਵਾਵਾਂ ਦੀ ਘਰ ਤੱਕ ਪਹੁੰਚ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਇਸ ਦੀ ਸ਼ੁਰੂਆਤ ਦੇ ਦੋ ਦਿਨਾਂ ਅੰਦਰ ਵੱਖ-ਵੱਖ ਸੇਵਾਵਾਂ ਨਾਲ ਸਬੰਧਤ 45 ਬੇਨਤੀਆਂ ਪ੍ਰਾਪਤ ਹੋਈਆਂ ਹਨ।
ਹੈਲਪਲਾਈਨ ਨੰਬਰ 1076 'ਤੇ ਨਾਗਰਿਕਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਦੇ ਨਿਪਟਾਰੇ ਦੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਸਵੇਰੇ ਸੇਵਾ ਕੇਂਦਰ, ਮੋਹਾਲੀ ਦਾ ਦੌਰਾ ਕਰਨ ਉਪਰੰਤ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਹੁਣ ਤੱਕ ਅੱਠ 'ਮੋਬਾਈਲ ਸੇਵਾ ਸਹਾਇਕ' ਸੇਵਾਵਾਂ ਦੇ ਨਿਪਟਾਰੇ ਲਈ ਰੱਖ ਚੁੱਕੇ ਹਾਂ। ਸੇਵਾ ਲਈ ਬੇਨਤੀਆਂ ਦੀ ਗਿਣਤੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਿਣਤੀ 25 ਤੋਂ 30 ਤੱਕ ਵਧਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਅਸੀਂ ਨਾਗਰਿਕ ਸੇਵਾ ਦੀ ਮੰਗ ਕਰਨ ਵਾਲਿਆਂ ਦੀ ਦੂਰੀ ਦੇ ਅਧਾਰ 'ਤੇ ਇੱਕ 'ਮੋਬਾਈਲ ਸੇਵਾ ਸਹਾਇਕ' ਨੂੰ ਵੱਧ ਤੋਂ ਵੱਧ 10 ਸੇਵਾਵਾਂ ਬੇਨਤੀਆਂ ਸੌਂਪ ਰਹੇ ਹਾਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜੋ ਪਹਿਲੀ ਕਾਲ ਘਰ ਜਾ ਕੇ ਅਟੈਂਡ ਕੀਤੀ ਗਈ ਹੈ, ਉਹ ਸੈਕਟਰ 117 ਦੇ ਜਨਮ ਸਰਟੀਫਿਕੇਟ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ “ਮੋਬਾਈਲ ਸੇਵਾ ਸਹਾਇਕਾਂ” ਨੂੰ ਤਨਦੇਹੀ ਨਾਲ ਘਰਾਂ ਤੱਕ ਸੇਵਾਵਾਂ ਪਹੁੰਚਾਉਣ ਲਈ ਕਿਹਾ ਗਿਆ ਹੈ ਕਿਉਂਕਿ ਲੋਕਾਂ ਨੂੰ ਪ੍ਰਸ਼ਾਸਨ ਤੋਂ ਬਹੁਤ ਉਮੀਦਾਂ ਹਨ।
ਹੈਲਪਲਾਈਨ ਨੰਬਰ 1076 'ਤੇ ਕੀਤੀਆਂ ਗਈਆਂ ਕਾਲਾਂ ਦੇ ਵੇਰਵੇ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਵਿੱਚ ਸੇਵਾਵਾਂ ਦੀ ਮੰਗ ਲਈ ਪੰਜ ਲਾਈਨਾਂ ਹਨ ਅਤੇ ਕਾਲ ਕਰਨ ਵਾਲਿਆਂ ਦੀ ਗਿਣਤੀ ਦੇ ਅਧਾਰ 'ਤੇ ਇਸ ਨੂੰ ਹੋਰ ਵਧਾਇਆ ਜਾਵੇਗਾ। ਅਗਲੇ ਦਿਨਾਂ ਵਿੱਚ 'ਮੋਬਾਈਲ ਸੇਵਾ ਸਹਾਇਕ' ਉਪ ਮੰਡਲ ਪੱਧਰੀ ਸੇਵਾ ਕੇਂਦਰਾਂ ਜਿਵੇਂ ਕਿ ਮੋਹਾਲੀ, ਖਰੜ ਅਤੇ ਡੇਰਾਬਸੀ ਵਿਖੇ ਤਾਇਨਾਤ ਕੀਤੇ ਜਾਣਗੇ ਤਾਂ ਜੋ ਸੇਵਾ ਪ੍ਰਾਪਤ ਕਰਨ ਵਾਲਿਆਂ ਅਤੇ ਸੇਵਾ ਦੇਣ ਜਾਣ ਵਾਲਿਆਂ ਦਾ ਸਮਾਂ ਅਤੇ ਸਫ਼ਰ ਬਚਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਦੋ 'ਟਾਈਮ ਸਲਾਟ' ਹੋਣਗੇ, ਇੱਕ ਦੁਪਹਿਰ ਤੋਂ ਪਹਿਲਾਂ ਅਤੇ ਦੂਜਾ ਦੁਪਹਿਰ ਤੋਂ ਬਾਅਦ। 'ਮੋਬਾਈਲ ਸੇਵਾ ਸਹਾਇਕ' ਸੇਵਾ ਲੈਣ ਲਈ ਕਾਲ ਕਰਨ ਵਾਲੇ ਬਿਨੈਕਾਰ ਕੋਲ ਨਿੱਜੀ ਤੌਰ 'ਤੇ ਹਾਜ਼ਰ ਹੋਣ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ਾਂ ਅਤੇ ਰਿਪੋਰਟਾਂ ਦੀ ਉਪਲਬਧਤਾ ਲਈ ਸੇਵਾ ਮੰਗਣ ਵਾਲੇ ਨੂੰ ਵੇਰਵੇ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਕੀਮ ਨਾ ਸਿਰਫ ਲੋਕਾਂ ਦੀ ਸਹੂਲਤ ਨੂੰ ਵਧਾਏਗੀ ਬਲਕਿ ਵਿਚੋਲੇ ਦੀ ਭੂਮਿਕਾ ਨੂੰ ਵੀ ਖਤਮ ਕਰੇਗੀ ਜਿਸ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਚ ਮਦਦ ਮਿਲੇਗੀ।
ਇਨ੍ਹਾਂ ਸੇਵਾਵਾਂ ਵਿੱਚ ਜਨਮ/ਐਨ.ਏ.ਸੀ. ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧ, ਮੌਤ/ਐਨ.ਏ.ਸੀ. ਸਰਟੀਫਿਕੇਟ ਜਾਰੀ ਕਰਨਾ, ਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂ, ਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ (ਸਿਹਤ) ਵਿੱਚ ਸੋਧ, ਆਮਦਨ ਦਾ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਕਰਨਾ, ਮਾਲ ਰਿਕਾਰਡ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਪ੍ਰਦਾਨ ਕਰਨਾ), ਭਾਰ-ਮੁਕਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਤਿਆਰ ਕਰਨ, ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਮੁਆਵਜ਼ੇ ਸਬੰਧੀ ਬਾਂਡ, ਬਾਰਡਰ ਏਰੀਏ ਸਬੰਧੀ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ) ਦੇ ਕਾਊਂਟਰ ਸਾਈਨ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਕਾਮੇ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਰਿਹਾਇਸ਼ੀ ਸਰਟੀਫਿਕੇਟ (ਪ੍ਰਸੋਨਲ), ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀ.ਸੀ. ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਹੋਰ ਪਛੜੀ ਸ਼੍ਰੇਣੀਆਂ ਸਬੰਧੀ ਸਰਟੀਫਿਕੇਟ (ਓ.ਬੀ.ਸੀ.), ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ (ਈ.ਡਬਲਿਊ.ਐਸ.) ਅਤੇ ਸ਼ਗਨ ਸਕੀਮ (ਕੇਸ ਨੂੰ ਮਨਜ਼ੂਰੀ ਲਈ) (ਸਮਾਜਿਕ ਨਿਆਂ), ਬਜ਼ੁਰਗਾਂ ਨੂੰ ਪੈਨਸ਼ਨ, ਵਿਧਵਾ/ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨ, ਅਪਾਹਜ ਨਾਗਰਿਕਾਂ ਨੂੰ ਪੈਨਸ਼ਨ, ਅਪੰਗਤਾ ਸਰਟੀਫਿਕੇਟ ਯੀ.ਡੀ.ਆਈ.ਡੀ. ਕਾਰਡ ਲਈ ਅਰਜ਼ੀ ਅਤੇ ਨਿਰਭਰ ਬੱਚਿਆਂ ਲਈ ਪੈਨਸ਼ਨ (ਸਮਾਜਿਕ ਸੁਰੱਖਿਆ), ਬਿਜਲੀ ਦੇ ਬਿੱਲ ਦਾ ਭੁਗਤਾਨ (ਪਾਵਰ), ਵਿਆਹ ਦੀ ਰਜਿਸਟ੍ਰੇਸ਼ਨ (ਲਾਜ਼ਮੀ), ਵਿਆਹ (ਆਨੰਦ) (ਘਰ) ਦੀ ਰਜਿਸਟ੍ਰੇਸ਼ਨ ਅਤੇ ਪੇਂਡੂ ਖੇਤਰ ਦਾ ਸਰਟੀਫਿਕੇਟ (ਪੇਂਡੂ) ਸ਼ਾਮਲ ਹਨ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਅਤੇ ਮੁੱਖ ਮੰਤਰੀ ਫੀਲਡ ਅਫਸਰ ਇੰਦਰ ਪਾਲ ਵੀ ਮੌਜੂਦ ਸਨ।