ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਜ਼ਿਲ੍ਹੇ ਦੇ 2809 ਕੈਂਸਰ ਮਰੀਜ਼ਾਂ ਦਾ 36 ਕਰੋੜ 82 ਲੱਖ ਤੋਂ ਵਧੇਰੇ ਦੀ ਲਾਗਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਜ਼ਿਲ੍ਹੇ ਦੇ 2809 ਕੈਂਸਰ ਮਰੀਜ਼ਾਂ ਦਾ 36 ਕਰੋੜ 82 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਹੋਇਆ ਮੁਫ਼ਤ ਇਲਾਜ਼
ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਕੈਂਸਰ ਦੇ ਮਰੀਜ਼ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਸਾਰੇ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ
ਮਾਨਸਾ, 19 ਜੂਨ :
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸਕੀਮ ਅਧੀਨ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜ਼ ਵਿਅਕਤੀ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਸਿਵਲ ਸਰਜਨ, ਡਾ. ਹਰਦੇਵ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਪੰਜਾਬ ਅੰਦਰ ਸਾਲ 2012 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕਰਨ ਦਾ ਪ੍ਰਾਵਧਾਨ ਹੈ ਅਤੇ ਜ਼ਿਲ੍ਹਾ ਮਾਨਸਾ ਵਿਚ ਹੁਣ ਤੱਕ 2809 ਮਰੀਜ਼ਾਂ ਦਾ 36 ਕਰੋੜ 82 ਲੱਖ 97 ਹਜ਼ਾਰ 560 ਰੁਪਏ ਦੀ ਰਾਸ਼ੀ ਦਾ ਇਲਾਜ਼ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਲਾਜ਼ ਕਰਵਾਉਣ ਲਈ ਇਹ ਵਿੱਤੀ ਸਹਾਇਤਾ ਕੈਂਸਰ ਦੇ ਖਰਚੇ ਲਈ ਮਰੀਜ਼ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਸਿੱਧਾ ਹੀ ਸਬੰਧਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਜਿੱਥੇ ਮਰੀਜ਼ ਨੇ ਆਪਣਾ ਇਲਾਜ਼ ਕਰਵਾਇਆ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ 31 ਮਰੀਜ਼ਾਂ ਨੇ 26 ਲੱਖ 20 ਹਜ਼ਾਰ ਦੀ ਲਾਗਤ ਨਾਲ ਕੈਂਸਰ ਦੀ ਬਿਮਾਰੀ ਦਾ ਇਲਾਜ਼ ਕਰਵਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਛਾਤੀ ਵਿਚ ਗਿਲ੍ਹਟੀ, ਮਾਹਵਾਰੀ ਦੌਰਾਨ ਬਦਲਾਅ, ਵਾਰ-ਵਾਰ ਖੂਨ ਆਉਣਾ, ਬੱਚੇਦਾਨੀ ਵਿੱਚ ਰਸੌਲੀ ਜਾਂ ਕੋਈ ਹੋਰ ਤਕਲੀਫ ਹੁੰਦੀ ਹੈ, ਤਾਂ ਉਹ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਵਾਉਣ। ਟੈਸਟ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੈਂਸਰ ਦੀ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਉਸ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਉਸੇ ਦਿਨ ਤੋਂ ਹੀ ਸਾਰੇ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ, ਸ਼ਰਾਬ ਅਤੇ ਤੰਬਾਕੂ, ਬੀੜੀ ਸਿਗਰਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕੈਂਸਰ ਤੇ ਇਸ ਦੇ ਮੁੱਢਲੇ ਚਿੰਨ੍ਹਾਂ ਦੀ ਜਲਦੀ ਪਹਿਚਾਣ, ਸ਼ੱਕ ਪੈਣ ’ਤੇ ਸਮੇਂ ਸਿਰ ਜਾਂਚ ਕਰਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਚਰਬੀ ਵਾਲੇ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਮੇਸ਼ਾ ਸਿਹਤਮੰਦ ਖ਼ੁਰਾਕ ਖਾਣੀ ਚਾਹੀਦੀ ਹੈ, ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗਿਲ੍ਹਟੀ ਆਦਿ ਹੋਵੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਔਰਤਾਂ ਵਿੱਚ ਮਾਹਵਾਰੀ ਦੇ ਲੱਛਣਾਂ ਦੇ ਬਦਲਾਵ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣਾ ਆਲਾ ਦੁਆਲਾ ਸਾਫ ਰੱਖ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।