Hindi
WhatsApp Image 2024-07-02 at 4

‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ

‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਲਾਂਡਰਾਂ ਵਿਖੇ ਸੁਵਿਧਾ ਕੈਂਪ

ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਵੱਲੋਂ ਨਹੀਂ ਛੱਡੀ ਜਾਵੇਗੀ ਕੋਈ ਕਸਰ: ਵਿਧਾਇਕ ਕੁਲਵੰਤ ਸਿੰਘ

ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਇੱਕ ਸਬ-ਡਵੀਜ਼ਨ ’ਚ ਲਾਇਆ ਜਾ ਰਿਹਾ ਹੈ ਕੈਂਪ-ਡਿਪਟੀ ਕਮਿਸ਼ਨਰ ਸਮੇਤ ਵੱਖੋ-ਵੱਖ ਅਧਿਕਾਰੀਆਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਐੱਸ.ਏ.ਐੱਸ. ਨਗਰ, 02 ਜੁਲਾਈ, 2024:

‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਅੱਜ ਪਿੰਡ ਲਾਂਡਰਾਂ ਵਿਖੇ ਲਾਏ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹਲਕਾ ਵਿਧਾਇਕ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਤੇ ਚੰਗੇ ਟਰੈਫਿਕ ਪ੍ਰਬੰਧ ਲਈ ਕਰੀਬ 17.70 ਕਰੋੜ ਦੀ ਲਾਗਤ ਨਾਲ ਮੋਹਾਲੀ ਸ਼ਹਿਰ ਵਿਖੇ ਕੈਮਰੇ ਲਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੋ ਗਰੰਟੀਆਂ ਦਿੱਤੀਆਂ ਸਨ , ਉਹਨਾਂ ਤੋਂ ਵੀ ਵੱਧ ਕੰਮ ਕੀਤਾ ਜਾ ਰਿਹਾ ਹੈ। ਸਾਰਾ ਪ੍ਰਸ਼ਾਸਨ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਾ ਹੈ। ਜਿੱਥੇ ਲੋਕਾਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ, ਓਥੇ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਹਲਕਾ ਵਿਧਾਇਕ ਨੇ ਕਿਹਾ ਕਿ ਅਧਿਕਾਰੀ ਲੋਕਾਂ ਦੇ ਹਰ ਸਵਾਲ ਦਾ ਜਵਾਬ ਦੇ ਰਹੇ ਹਨ ਤੇ ਹਰ ਮੁਸ਼ਕਲ ਹੱਲ ਕੀਤੀ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸੂਬੇ ਦੇ 86 ਫ਼ੀਸਦ ਲੋਕਾਂ ਦੇ ਬਿਜਲੀ ਦੇ ਬਿੱਲ ਸਿਫ਼ਰ ਆ ਰਹੇ ਹਨ। ਕੈਂਪ ਦੌਰਾਨ ਹਲਕਾ ਵਿਧਾਇਕ ਨੇ ਹਰ ਵਿਭਾਗ ਦੇ ਡੈਸਕ ਕੋਲ ਜਾ ਕੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ।

ਪਿੰਡ ਵਾਸੀਆਂ ਨੇ ਪਿੰਡ ਦੀਆਂ ਮੁਸ਼ਕਲਾਂ, ਜਿਸ ਵਿੱਚ ਪਿੰਡ ਦੀਆਂ ਗਲੀਆਂ ਤੇ ਸੜਕਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸ਼ਾਮਲ ਸਨ, ਸਬੰਧੀ ਵਿਧਾਇਕ ਨੂੰ ਮੰਗ ਪੱਤਰ ਵੀ ਸੌਂਪਿਆ।  ਇਹਨਾਂ ਮੰਗਾਂ ਦੀ ਪੂਰਤੀ ਸਬੰਧੀ ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿੱਤਾ। ਹਲਕਾ ਵਿਧਾਇਕ ਨੇ ਦੱਸਿਆ ਕਿ ਕੱਟੇ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਗਏ ਹਨ ਤੇ ਨਵੇਂ ਕਾਰਡ ਬਣਾਉਣ ਸਬੰਧੀ ਕਾਰਵਾਈ ਜਲਦ ਪੂਰੀ ਕਰ ਲਈ ਜਾਵੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹਨਾਂ ਕੈਂਪਾਂ ਦੇ ਰੂਪ ਵਿਚ ਸਰਕਾਰ ਵੱਲੋਂ ਸਹੂਲਤਾਂ ਲੋਕਾਂ ਦੇ ਘਰਾਂ ਦੇ ਕੋਲ ਹੀ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ ਦੀ ਸ਼ੁਰੂਆਤ ਫਰਵਰੀ ਮਹੀਨੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਮੋਹਾਲੀ ਜ਼ਿਲ੍ਹੇ ਦੇ ਭਾਂਖਰਪੁਰ ਤੋਂ ਹੀ ਕੀਤੀ ਗਈ ਸੀ। ਹੁਣ ਇਹ ਕੈਂਪ ਨਿਰਧਾਰਤ ਪਲਾਨ ਮੁਤਾਬਕ ਹਰੇਕ ਸਬ ਡਵੀਜ਼ਨ ’ਚ ਬਦਲਵੇਂ ਤੌਰ ’ਤੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਲਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਜਦੋਂ ਕੋਈ ਸੇਵਾ ਕੇਂਦਰ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ/ਐਸ ਡੀ ਐਮ ਕੰਪਲੈਕਸ ਸਥਿਤ ਦਫ਼ਤਰ ਜਾਂਦਾ ਹੈ ਤਾਂ ਉਹ ਆਪਣਾ ਕੰਮ ਛੱਡ ਕੇ ਜਾਂਦਾ ਹੈ ਤੇ ਨਾਲੇ ਕਿਰਾਇਆ ਲਗਦਾ ਹੈ। ਇਸ ਲਈ ਸਰਕਾਰ ਲੋਕਾਂ ਦੇ ਘਰਾਂ ਦੇ ਨੇੜੇ ਹੀ ਪੁੱਜ ਰਹੀ ਹੈ। ਇਸ ਲਈ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਾਰ ਕਾਰਡ ਨਾਲ ਸਬੰਧਤ ਕੰਮਾਂ ਲਈ ਹੀ ਲੋਕ ਸਭ ਤੋਂ ਵੱਧ ਸੇਵਾ ਕੇਂਦਰਾਂ ਵਿੱਚ ਜਾਂਦੇ ਹਨ। ਇਸ ਲਈ ਇਸ ਕੈਂਪ ਵਿੱਚ ਅਧਾਰ ਅਪਡੇਟ ਦੀ ਸਹੂਲਤ ਪਹਿਲ ਦੇ ਅਧਾਰ ਉੱਤੇ ਦਿੱਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਾਰ ਸਬੰਧੀ ਕੋਈ ਵੀ ਦਿੱਕਤ ਹੋਵੇ ਉਹ ਠੀਕ ਕਰਨ ਲਈ, ਅਧਾਰ ਨੂੰ ਬੈਂਕ ਖਾਤੇ ਨਾਲ ਜੋੜਨ ਸਬੰਧੀ ਤੋਂ ਇਲਾਵਾ ਜਿਨ੍ਹਾਂ ਨੇ ਬੈਂਕ ਖਾਤਾ ਨਹੀਂ ਖੁਲ੍ਹਵਾਇਆ ਉਹਨਾਂ ਦਾ ਖਾਤਾ ਖੁਲ੍ਹਵਾਉਣ ਸਬੰਧੀ, ਬੁਢਾਪਾ ਪੈਨਸ਼ਨ ਸਬੰਧੀ ਦਿੱਕਤਾਂ ਦੇ ਹੱਲ ਲਈ ਅਤੇ ਮੌਕੇ ਉੱਤੇ ਹੀ ਪੈਨਸ਼ਨ ਦੀ ਅਦਾਇਗੀ ਵਰਗੀਆਂ ਸਹੂਲਤਾਂ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਹਨ।
ਐਮ ਐਲ ਏ ਕੁਲਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇਸ ਮੌਕੇ ਲੋਕਾਂ ਵੱਲੋਂ ਬਾਰਸ਼ੀ ਪਾਣੀ ਦੇ ਹੱਲ ਲਈ ਨਾਲੇ ਦੇ ਨਿਰਮਾਣ ਦੀ ਉਠਾਈ ਗਈ ਮੰਗ ’ਤੇ ਬੀ ਡੀ ਪੀ ਓ ਮੋਹਾਲੀ ਨੂੰ ਇਸ ’ਤੇ ਤੁਰੰਤ ਬਣਦੀ ਕਾਰਵਾਈ ਕਰਨ ਲਈ ਆਖਿਆ।
ਕੈਂਪ ਦੌਰਾਨ ਸਰਕਾਰ ਵੱਲੋਂ ਘਰ-ਘਰ ਦਿੱਤੀਆਂ ਜਾਣ ਵਾਲੀਆਂ 43 ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੈਂਪ ਦੇ ਨਾਲ-ਨਾਲ ਇਹ ਸੇਵਾਵਾਂ ਟੋਲ ਫ੍ਰੀ ਨੰਬਰ 1076 ’ਤੇ ਸੰਪਰਕ ਕਰਕੇ ਭਵਿੱਖ ਵੀ ਪ੍ਰਾਪਤ ਕਰਨ ਲਈ ਦੱਸਿਆ ਗਿਆ।

ਲੋਕਾਂ ਨੇ ਆਪਣੀਆਂ ਮੁਸ਼ਕਲਾਂ ਵਿਧਾਇਕ ਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ  ਲਿਆਂਦੀਆਂ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਮੌਕੇ ਉੱਤੇ ਹੱਲ ਕੀਤੀਆਂ ਗਈਆਂ ਤੇ ਬਾਕੀਆਂ ਸਬੰਧੀ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਐੱਸ.ਡੀ.ਐਮ.ਮੋਹਾਲੀ ਦੀਪਾਂਕਰ ਗਰਗ, ਤਹਿਸੀਲਦਾਰ ਮੋਹਾਲੀ ਅਰਜਨ ਸਿੰਘ ਗਰੇਵਾਲ ਅਤੇ ਬੀ ਡੀ ਪੀ ਓ ਧਨਵੰਤ ਸਿੰਘ ਰੰਧਾਵਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।


Comment As:

Comment (0)