Hindi
IMG-20241114-WA0047

ਵਿਦਿਆਰਥੀਆਂ ਨੂੰ ਉੱਦਮੀ ਹੁਨਰ ਨਾਲ ਸਸ਼ਕਤ ਕਰਨ ਲਈ 5000 ਤੋਂ ਵੱਧ ਅਧਿਆਪਕਾਂ ਨੂੰ ਬਿਜ਼ਨਸ

ਵਿਦਿਆਰਥੀਆਂ ਨੂੰ ਉੱਦਮੀ ਹੁਨਰ ਨਾਲ ਸਸ਼ਕਤ ਕਰਨ ਲਈ 5000 ਤੋਂ ਵੱਧ ਅਧਿਆਪਕਾਂ ਨੂੰ ਬਿਜ਼ਨਸ

ਵਿਦਿਆਰਥੀਆਂ ਨੂੰ ਉੱਦਮੀ ਹੁਨਰ ਨਾਲ ਸਸ਼ਕਤ ਕਰਨ ਲਈ 5000 ਤੋਂ ਵੱਧ ਅਧਿਆਪਕਾਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ ਸਿਖਲਾਈ ਦਿੱਤੀ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 14 ਨਵੰਬਰ:


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਪ੍ਰਮੁੱਖ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਹਿੱਸੇ ਵਜੋਂ ਪੰਜਾਬ ਭਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 5000 ਤੋਂ ਵੱਧ ਲੈਕਚਰਾਰ-ਗਰੇਡ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਬਾਰੇ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ 11ਵੀਂ ਜਮਾਤ ਦੇ 1,78,000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਅਨੁਭਵੀ ਸਿੱਖਿਆ ਜ਼ਰੀਏ 21ਵੀਂ ਸਦੀ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕ ਪ੍ਰਮੁੱਖ ਉਪਰਾਲਾ ਹੈ, ਜੋ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਨੂੰ ਵਿਕਸਤ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਨੌਕਰੀ ਸਿਰਜਣਹਾਰਾਂ ਵਿੱਚ ਤਬਦੀਲ ਕਰਨ ਯੋਗ ਬਣਾਉਣ ਵਿੱਚ ਸਹਾਈ ਹੋਵੇਗਾ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਹੈਂਡ-ਆਨ ਬਿਜ਼ਨਸ ਪ੍ਰੋਜੈਕਟਾਂ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਆਲੋਚਨਾਤਮਕ ਸੋਚ, ਰਚਨਾਤਮਕਤਾ ਅਤੇ ਸਮੱਸਿਆ ਹੱਲ ਕਰਨ ਵੱਲ ਸਿੱਖਿਅਤ ਕਰਦਾ ਹੈ।
ਇਸ ਪਰਿਵਰਤਨਸ਼ੀਲ ਪਹਿਲਕਦਮੀ ਰਾਹੀਂ, ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ, ਉੱਦਮੀ ਮਾਨਸਿਕਤਾ ਅਤੇ 21ਵੀਂ ਸਦੀ ਦੇ ਹੁਨਰਾਂ ਨਾਲ ਲੈਸ ਕਰਕੇ ਉਹਨਾਂ ਦਾ ਸਮਾਜਿਕ-ਆਰਥਿਕ ਵਿਕਾਸ ਕਰਕੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਜ਼ਿਕਰਯੋਗ ਹੈ ਕਿ ਮਾਨ ਸਰਕਾਰ ਵੱਲੋਂ ਨਵੰਬਰ 2022 ਵਿੱਚ ਨੌਜਵਾਨ ਉੱਦਮੀ ਪ੍ਰੋਗਰਾਮ ਯੋਜਨਾ ਤਹਿਤ ਸ਼ੁਰੂ ਕੀਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੇ ਇਸਦੇ ਪਾਇਲਟ ਪੜਾਅ ਵਿੱਚ ਤੁਰੰਤ ਪ੍ਰਭਾਵ ਦਿਖਾਇਆ। ਇਸ ਪ੍ਰੋਗਰਾਮ ਵਿੱਚ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 11,041 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ 3,032 ਵਿਦਿਆਰਥੀਆਂ ਨੇ ਅਸਲ ਸੰਸਾਰ ਦੀਆਂ ਸਥਿਤੀਆਂ ਸਬੰਧੀ ਆਪਣੇ ਕਾਰੋਬਾਰੀ ਵਿਚਾਰਾਂ ਦਾ ਸਮਰਥਨ ਕਰਨ ਵਾਸਤੇ ਕੁੱਲ 60 ਲੱਖ ਰੁਪਏ ਤੋਂ ਵੱਧ ਦੀ ਸੀਡ ਮਨੀ ਪ੍ਰਾਪਤ ਕੀਤੀ।
ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਾਰੇ 1,920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕਰਦਿਆਂ ਵੱਡੇ ਪੱਧਰ 'ਤੇ ਵਿਸਥਾਰ ਕਰਨਾ ਪ੍ਰੋਗਰਾਮ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਇਸ ਵਿੱਚ ਅਕਾਦਮਿਕ ਸਾਲ 2023-2024 ਦੌਰਾਨ 7,813 ਅਧਿਆਪਕਾਂ ਅਤੇ 11ਵੀਂ ਜਮਾਤ ਦੇ 1,83,192 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਰਾਜ ਦੀਆਂ ਵਿਦਿਅਕ ਪਹਿਲਕਦਮੀਆਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ 1,38,676 ਵਿਦਿਆਰਥੀਆਂ ਨੇ ਵਪਾਰਕ ਵਿਚਾਰਾਂ ਨੂੰ ਵਿਕਸਿਤ ਕਰਨ ਲਈ 19,989 ਟੀਮਾਂ ਬਣਾਈਆਂ ਹਨ। ਪ੍ਰੋਗਰਾਮ ਦੀ ਵਿਆਪਕ ਅਪੀਲ ਨੂੰ ਦਰਸਾਉਂਦੇ ਹੋਏ, ਲਗਭਗ 7,500 ਟੀਮਾਂ ਵਿੱਚੋਂ 52,050 ਵਿਦਿਆਰਥੀ (ਹੁਣ 12 ਵੀਂ ਜਮਾਤ ਵਿੱਚ) ਨੂੰ ਸੀਡ ਮਨੀ ਦੇਣ ਲਈ ਚੁਣਿਆ ਗਿਆ ਸੀ।

ਸੂਬਾ ਸਰਕਾਰ ਨੇ ਨੌਜਵਾਨ ਉੱਦਮੀਆਂ ਲਈ 10.41 ਕਰੋੜ ਰੁਪਏ ਸੀਡ ਮਨੀ ਵਜੋਂ ਅਲਾਟ ਕਰਦੇ ਹੋਏ ਇੱਕ ਮਹੱਤਵਪੂਰਨ ਵਚਨਬੱਧਤਾ ਦੁਹਰਾਈ ਹੈ। 1 ਅਕਤੂਬਰ, 2024 ਤੱਕ, 46,910 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ 9.38 ਕਰੋੜ ਰੁਪਏ ਜਮ੍ਹਾ ਕਰ ਦਿੱਤੇ ਗਏ ਹਨ, ਹੋਰ ਵਿਦਿਆਰਥੀਆਂ ਨੂੰ ਸੀਡ ਮਨੀ ਦੇਣ ਵੀ ਜਲਦ ਹੀ ਦੇ ਦਿੱਤੀ ਜਾਵੇਗੀ।
ਮੌਜੂਦਾ ਸਮੇਂ 5,000 ਤੋਂ ਵੱਧ ਲੈਕਚਰਾਰ-ਗਰੇਡ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣਾਉਣ ਲਈ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਵਿਆਪਕ ਸਿਖਲਾਈ ਲਈ ਹੈ। ਇਹ ਪ੍ਰੋਗਰਾਮ ਯਕੀਨੀ ਬਣਾਉਂਦਾ ਹੈ ਕਿ ਸਿੱਖਿਅਕ ਉੱਦਮੀ ਮਾਨਸਿਕਤਾ ਅਤੇ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਸਤੇ ਪੂਰੀ ਤਰ੍ਹਾਂ ਲੈਸ ਹਨ।

ਸ. ਬੈਂਸ ਨੇ ਇਹ ਵੀ ਦੱਸਿਆ  ਕਿ ਪ੍ਰੋਗਰਾਮ ਦਾ ਅੰਤਮ ਟੀਚਾ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੂੰ ਰੋਜ਼ਗਾਰ ਸਿਰਜਣਹਾਰਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਵਿੱਚ ਤਬਦੀਲ ਕਰਨਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਉੱਦਮੀਆਂ ਦਾ ਸੂਬਾ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਹੈ ਅਤੇ ਬਾਕੀ ਰਹਿੰਦੀ ਸੀਡ ਮਨੀ ਬੈਂਕ ਦੇ ਆਗਾਮੀ ਕੰਮਕਾਜੀ ਦਿਨਾਂ ਵਿੱਚ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।


Comment As:

Comment (0)