ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ 'ਵਿਸ਼ਵ ਪੁਸਤਕ ਦਿਵਸ' ਮੌਕੇ ਪੁਸਤਕ ਪ੍ਰਦਰਸ਼ਨੀ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ 'ਵਿਸ਼ਵ ਪੁਸਤਕ ਦਿਵਸ' ਮੌਕੇ ਪੁਸਤਕ ਪ੍ਰਦਰਸ਼ਨੀ
ਬਰਨਾਲਾ, 23 ਅਪ੍ਰੈਲ
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਨਿਰਦੇਸ਼ਕ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ,ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਵਿਸ਼ਵ ਪੁਸਤਕ ਦਿਵਸ ਮੌਕੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਅਪ੍ਰੈਲ 1998 ਨੂੰ ਪਹਿਲੀ ਵਾਰ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ। ਪੁਸਤਕ ਸਭਿਆਚਾਰ ਪੈਦਾ ਕਰਨਾ ਹੀ ਵਿਸ਼ਵ ਪੁਸਤਕ ਦਿਵਸ ਦਾ ਮੁੱਖ ਮਨੋਰਥ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨਾ ਸਾਡੇ ਸਮਾਜ ਦੀ ਮੁੱਖ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਵਿਚ ਪੁਸਤਕਾਂ ਮੋਹਰੀ ਭੂਮਿਕਾ ਅਦਾ ਕਰਦੀਆਂ ਹਨ।ਪੁਸਤਕਾਂ ਇਨਸਾਨ ਨੂੰ ਜ਼ਿੰਦਗੀ ਜੀਣ ਦਾ ਸਲੀਕਾ ਦੱਸਣ ਦੇ ਨਾਲ ਰਸਤੇ ਦੀਆਂ ਮੁਸੀਬਤਾਂ ਦਾ ਡਟ ਕੇ ਟਾਕਰਾ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਉਹਨਾਂ ਕਿਹਾ ਕਿ ਪੁਸਤਕਾਂ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪੁਜਦਾ ਕਰਨ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਪੁਸਤਕ ਵਿੱਕਰੀ ਕੇਂਦਰ ਦੇ ਇੰਚਾਰਜ ਸੰਦੀਪ ਕੌਰ ਦੇ ਪ੍ਰਬੰਧਾਂ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਪ੍ਰਤੀ ਪ੍ਰਬੰਧਕੀ ਕੰਪਲੈਕਸ ਦੇ ਮੁਲਾਜਮਾਂ ਸਮੇਤ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕਾਂ ਵੱਲੋਂ ਭਾਰੀ ਦਿਲਚਸਪੀ ਵਿਖਾਈ ਗਈ। ਵਿੱਕਰੀ ਕੇਂਦਰ ਇੰਚਾਰਜ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਸਮਾਜਿਕ,ਧਾਰਮਿਕ, ਇਤਿਹਾਸਕ ਅਤੇ ਆਮ ਜਾਣਕਾਰੀ ਨਾਲ ਸੰਬੰਧਿਤ ਪੁਸਤਕਾਂ ਬਹੁਤ ਹੀ ਘੱਟ ਕੀਮਤ 'ਤੇ ਪਾਠਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਦਰਸ਼ਨੀ ਦੇ ਨਾਲ ਨਾਲ ਪਾਠਕ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿੱਕਰੀ ਕੇਂਦਰ ਤੋਂ ਪੁਸਤਕਾਂ ਦੀ ਖਰੀਦ ਕਰ ਸਕਦੇ ਹਨ। ਇਸ ਮੌਕੇ ਦਫਤਰ ਦੇ ਕਰਮਚਾਰੀ ਗੁਰਪ੍ਰੀਤ ਕੌਰ ਅਤੇ ਗੋਬਿੰਦ ਸਿੰਘ ਵੀ ਹਾਜ਼ਰ ਰਹੇ।