Hindi

15 ਦਿਨਾਂ 'ਚ ਹੋਵੇ ਬ੍ਰਿਜ ਭੂਸਣ ਦੀ ਗ੍ਰਿਫ਼ਤਾਰੀ|

15 ਦਿਨਾਂ 'ਚ ਹੋਵੇ ਬ੍ਰਿਜ ਭੂਸਣ ਦੀ ਗ੍ਰਿਫ਼ਤਾਰੀ', ਜੰਤਰ-ਮੰਤਰ ਪਹੁੰਚੇ ਕਿਸਾਨਾਂ ਨੇ ਦਿੱਤਾ ਸਰਕਾਰ ਨੂੰ ਅਲਟੀਮੇਟਮ

ਨਵੀਂ ਦਿੱਲੀ - ਦਿੱਲੀ ਦੇ ਜੰਤਰ-ਮੰਤਰ 'ਤੇ ਪਿਛਲੇ 14 ਦਿਨਾਂ (23 ਅਪ੍ਰੈਲ) ਤੋਂ ਧਰਨੇ 'ਤੇ ਬੈਠੇ ਪਹਿਲਵਾਨਾਂ ਦਾ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਹੈ। ਖਾਪ ਪੰਚਾਇਤਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਜੰਤਰ-ਮੰਤਰ ਪਹੁੰਚ ਗਈਆਂ ਹਨ। ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੋਵਾਂ ਦੇ ਵਰਕਰਾਂ ਨੇ ਜੰਤਰ-ਮੰਤਰ ਵਿਖੇ ਵਡਾ ਇਕੱਠ ਕੀਤਾ। ਇਸ ਦੌਰਾਨ ਪੰਜਾਬ ਤੋਂ ਗਈ ਬੀਕੇਯੂ ਜਥੇਬੰਦੀ ਦੇ ਮੈਂਬਰਾਂ ਨੇ ਲੰਗਰ ਵੀ ਵਰਤਾਇਆ।  

 

 

ਭਾਰੀ ਭੀੜ ਨੂੰ ਦੇਖਦਿਆਂ ਦਿੱਲੀ ਪੁਲਿਸ ਪਹਿਲਾਂ ਹੀ ਅਲਰਟ ਹੋ ਗਈ ਸੀ। ਸੋਨੀਪਤ-ਦਿੱਲੀ-ਹਰਿਆਣਾ ਸਰਹੱਦ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ ਸਵੇਰ ਤੋਂ ਹੀ ਸਿੰਘੂ ਬਾਰਡਰ 'ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਐਸਐਸਬੀ ਬਟਾਲੀਅਨ ਵੀ ਇੱਥੇ ਤਾਇਨਾਤ ਹੈ। ਪੁਲਿਸ ਇਥੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਹੈ। ਇਸ ਦੌਰਾਨ ਕਿਸਾਨਾਂ ਤੇ ਪਹਿਲਵਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ।  

 

ਕਿਸਾਨ ਜਥੇਬੰਦੀਆਂ ਨੇ ਅੱਜ ਧਰਨੇ ਵਾਲੀ ਥਾਂ ’ਤੇ ਪਹਿਲਵਾਨਾਂ ਨਾਲ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ 24 ਖਾਪਾਂ ਦੇ ਮੁਖੀ ਰਾਕੇਸ਼ ਟਿਕੈਤ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਮੰਚ 'ਤੇ ਨਜ਼ਰ ਆਏ। ਕਿਸਾਨਾਂ ਅਤੇ ਪਹਿਲਵਾਨਾਂ ਨੇ ਸਰਕਾਰ ਨੂੰ 15 ਦਿਨਾਂ ਦੀ ਸਮਾਂ ਸੀਮਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਖਾਪ ਪੰਚਾਇਤਾਂ ਨੇ ਬ੍ਰਿਜ ਭੂਸ਼ਣ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਜੇਕਰ ਬ੍ਰਿਜ ਭੂਸ਼ਣ ਨੂੰ 21 ਮਈ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡਾ ਫੈਸਲਾ ਲਿਆ ਜਾਵੇਗਾ।

 

ਰਾਕੇਸ਼ ਟਿਕੈਤ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਵਾਨਾਂ ਨੇ ਸਾਨੂੰ ਸ਼ਾਂਤਮਈ ਅੰਦੋਲਨ ਦਾ ਸਮਰਥਨ ਕਰਨ ਅਤੇ ਵਲੰਟੀਅਰ ਤਾਇਨਾਤ ਕਰਨ ਲਈ ਕਿਹਾ ਹੈ। ਟਿਕੈਤ ਨੇ ਅੱਗੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਉਨ੍ਹਾਂ ਨੂੰ ਅਜਨਬੀਆਂ ਵਾਂਗ ਮਹਿਸੂਸ ਕਰਵਾਇਆ ਜਾ ਰਿਹਾ ਹੈ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਿਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। 

ਜੰਤਰ-ਮੰਤਰ 'ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਮੁੱਦੇ 'ਤੇ ਖਾਪ ਪੰਚਾਇਤਾਂ ਸਾਡੇ ਨਾਲ ਹਨ। ਅੰਦੋਲਨ ਦੀ ਰੂਪ ਰੇਖਾ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ। ਇਸ ਮੁੱਦੇ 'ਤੇ ਮੋਦੀ ਸਰਕਾਰ ਦੀ ਆਲੋਚਨਾ ਕਿਉਂ ਨਹੀਂ ਕੀਤੀ ਜਾ ਰਹੀ, ਕੀ ਰਾਹੁਲ ਗਾਂਧੀ ਦੀ ਇਸ ਮੁੱਦੇ 'ਤੇ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ? ਇਸ ਦੇ ਲਈ ਕਦੇ ਮਿਰਚਾਂ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਕਿਤੇ ਕੁੱਝ ਕਰਨਾ ਪੈਂਦਾ ਹੈ ਤੇ ਕਿਤੇ ਕੁੱਝ। 


Comment As:

Comment (0)