ਕਿਸਾਨਾਂ ਨੂੰ ‘ਮਾਓਵਾਦੀ’ ਤੇ ‘ਅੰਦੋਲਨਜੀਵੀ’ ਦੱਸਣ ਵਾਲਿਆਂ ਨੂੰ ਭੁੱਲ ਨਾ ਜਾਇਓ: ਗੁਰਮੀਤ ਖੁੱਡੀਆਂl
ਕਿਸਾਨਾਂ ਨੂੰ ‘ਮਾਓਵਾਦੀ’ ਤੇ ‘ਅੰਦੋਲਨਜੀਵੀ’ ਦੱਸਣ ਵਾਲਿਆਂ ਨੂੰ ਭੁੱਲ ਨਾ ਜਾਇਓ: ਗੁਰਮੀਤ ਖੁੱਡੀਆਂ
ਬਠਿੰਡਾ (ਦਿਹਾਤੀ) ਹਲਕੇ ’ਚ ਕੀਤਾ ਚੋਣ ਪ੍ਰਚਾਰ; ਜਿੱਤਣ ਮਗਰੋਂ ’ਕੱਲੇ-’ਕੱਲੇ ਵੋਟਰ ਦਾ ਕਰਜ਼ ਚੁਕਾਵਾਂਗਾ
ਬਠਿੰਡਾ, 29 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਚੇਤੇ ਕਰਵਾਇਆ ਹੈ ਕਿ ਇਹ ਉਹੀ ਭਾਜਪਾ ਅਤੇ ਅਕਾਲੀ ਦਲ ਹੈ, ਜਿਨ੍ਹਾਂ ਨੇ ਆਪਸ ਵਿੱਚ ਮਸੇਰ ਭਾਈ ਹੁੰਦਿਆਂ ‘ਰਾਹਾਂ ’ਚ ਕੰਡੇ ਵਿਛਾਉਣ’ ਦੀ ਕਹਾਵਤ ਨੂੰ ਮਾਤ ਦੇ ਕੇ ‘ਰਾਹਾਂ ’ਚ ਕਿੱਲ ਗੱਡਣ’ ਦਾ ਮੁਹਾਵਰਾ ਪ੍ਰਚੱਲਿਤ ਕੀਤਾ ਸੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੋਹ ਦੇ ਜਵਾਰਭਾਟੇ ਨੂੰ ਆਪਣੇ ਹੰਕਾਰ ਨਾਲ ਦਬਾਉਣ ਵਾਲੇ ਉਦੋਂ ਇਹ ਭੁੱਲ ਗਏ ਕਿ ਇਹ ਗੱਡੇ ਗਏ ਕਿੱਲ ਇੱਕ ਦਿਨ ਤੁਹਾਡੇ ਕਫ਼ਨਾਂ ਦੇ ਆਖਰੀ ਕਿੱਲ ਸਾਬਿਤ ਹੋਣਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੰਦੋਲਨਕਾਰੀ ਕਿਸਾਨਾਂ ਨੂੰ ‘ਮਾਓਵਾਦੀ’ ਅਤੇ ਨਰਿੰਦਰ ਮੋਦੀ ‘ਅੰਦੋਲਨਜੀਵੀ’ ਕਹਿ ਕੇ ਭੰਡੀ ਪ੍ਰਚਾਰ ਕਰਦੇ ਰਹੇ। ਉਨ੍ਹਾਂ ਆਖਿਆ ਕਿ ਅੰਨਦਾਤਿਆਂ ਨੇ ਜਦੋਂ ਬਾਦਲ ਪਿੰਡ ’ਚ ਬਾਦਲਾਂ ਦੇ ਘਰ ਅੱਗੇ ਪੱਕਾ ਮੋਰਚਾ ਲਾ ਕੇ ਇਨ੍ਹਾਂ ਦੀ ਸ਼ਾਹ ਰਗ ਦੱਬ ਲਈ ਤਾਂ ਕਿਤੇ ਜਾ ਕੇ ਇਨ੍ਹਾਂ ਡਰਾਮੇਬਾਜ਼ੀ ਕਰਦਿਆਂ ਭਾਜਪਾ ਨਾਲੋਂ ਨਿਖੇੜਾ ਕਰਨ ਦਾ ‘ਡਰਾਮਾ’ ਕੀਤਾ। ਡਰਾਮੇ ਦਾ ਰਾਜ਼ ਇਹ ਸੀ ਕਿ ਗੱਠਜੋੜ ਦੇ ਅੱਧੇ ਵੋਟ ਬੈਂਕ ਨੂੰ ਅਕਾਲੀ ਦਲ ਦੇ ਨਾਲ ਰੱਖਣਾ ਸੀ, ਪਰ ਕੁੱਝ ਦਿਨਾਂ ਬਾਅਦ ਹੀ ਇਸ ਡਰਾਮੇਬਾਜ਼ੀ ਦਾ ਪਰਦਾਫ਼ਾਸ਼ ਉਦੋਂ ਹੋ ਗਿਆ, ਜਦੋਂ ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’ ਦੀ ਕਹਾਵਤ ਵਾਂਗ ਅਕਾਲੀ-ਭਾਜਪਾਈ ਖੁੱਲ੍ਹੇਆਮ ਇਕ-ਦੂਜੇ ਦੇ ਸਾਹਾਂ ’ਚ ਸਾਹ ਮੁੜ ਲੈਣ ਲੱਗੇ।
ਸ੍ਰੀ ਖੁੱਡੀਆਂ ਨੇ ਖੁਲਾਸਾ ਕੀਤਾ ਕਿ ਹੁਣ ਇਨ੍ਹਾਂ ਦੋਵਾਂ ਨਾਲ ਤੀਜੀ ਕਾਂਗਰਸ ਵੀ ਰਲ ਗਈ ਹੈ ਅਤੇ ਹੁਣ ਤਿੰਨੇ ਇੱਕ-ਦੂਜੇ ਖ਼ਿਲਾਫ਼ ਕਮਜ਼ੋਰ ਉਮੀਦਵਾਰ ਖੜ੍ਹੇ ਕਰਕੇ ‘ਦੋਸਤਾਨਾ ਮੈਚ’ ਖੇਡ ਰਹੇ ਹਨ। ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਸੁਚੇਤ ਕੀਤਾ ਕਿ ਫੈਸਲਾ ਉਨ੍ਹਾਂ ਦੇ ਹੱਥ ਹੈ ਕਿ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਸੌਂਪਣੀ ਹੈ ਜਾਂ ‘ਅਮਰ ਅਕਬਰ ਐਂਥਨੀ’ ਦੇ। ਉਨ੍ਹਾਂ ਦਲੀਲ ਦਿੱਤੀ ਕਿ ਇੱਕ ਪਾਸੇ ਉਹ ਬੇਅਸੂਲਾ ਗੱਠਜੋੜ ਹੈ, ਜਿਸ ਨੇ ਪੰਜਾਬ ਦੇ ਕਮਾਈ ਵਾਲੇ ਅਸਾਸਿਆਂ ਨੂੰ ਸੱਤਰ ਸਾਲਾਂ ’ਚ ਲੁੱਟਣ ਵਾਲੀਆਂ ਕਸਰਾਂ ਕੱਢੀਆਂ ਹਨ ਅਤੇ ਦੂਜੇ ਪਾਸੇ ਆਮ ਲੋਕਾਂ ਦੀ ਪਾਰਟੀ ਹੈ ਜਿਸ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਅਤੇ ਹੁਣ ਵੀ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਬੜੀ ਸ਼ਿੱਦਤ ਨਾਲ ਯਤਨਸ਼ੀਲ ਹੈ।
ਸ੍ਰੀ ਖੁੱਡੀਆਂ ਨੇ ਮਾਣ ਨਾਲ ਉਮੀਦ ਜਿਤਾਈ ਕਿ ਬਠਿੰਡਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰਕ ਮੈਂਬਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਕੱਲੇ-ਇਕੱਲੇ ਵੋਟਰ ਵੱਲੋਂ ਮਿਲੇ ਫ਼ਤਵੇ ਦੀ ਕੀਮਤ ਹਲਕੇ ਦੇ ਕੰਮ ਕਰਵਾ ਕੇ ਅਦਾ ਕਰਨਗੇ।
ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਬਹਿਮਣ ਦੀਵਾਨਾ, ਬੁਲਾਡੇ ਵਾਲਾ, ਦਿਉਣ, ਬੁਰਜ ਮਹਿਮਾ, ਬੱਲੂਆਣਾ, ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ, ਸਰਦਾਰਗੜ੍ਹ, ਚੁੱਘੇ ਕਲਾਂ, ਚੁੱਘੇ ਖੁਰਦ, ਬੀੜ ਬਹਿਮਣ, ਬੀੜ ਬਸਤੀਆਂ, ਫ਼ੂਸ ਮੰਡੀ, ਗੁਲਾਬਗੜ੍ਹ, ਕੋਟ ਫੱਤਾ, ਗਹਿਰੀ ਭਾਗੀ, ਮਹਿਤਾ ਅਤੇ ਸੰਗਤ ਮੰਡੀ ਵਿਖੇ ਲੋਕ ਮਿਲਣੀਆਂ ਕੀਤੀਆਂ।