ਸੰਤੁਲਿਤ ਖ਼ੁਰਾਕ-ਸਿਹਤ ਦਾ ਰਾਜ਼- ਡਾ: ਦਲਜੀਤ ਕੌਰ
ਸੰਤੁਲਿਤ ਖ਼ੁਰਾਕ-ਸਿਹਤ ਦਾ ਰਾਜ਼- ਡਾ: ਦਲਜੀਤ ਕੌਰ
ਕੀਰਤਪੁਰ ਸਾਹਿਬ 20 ਅਪ੍ਰੈਲ (2025)
ਜਨ ਅਰੋਗਿਆ ਕੇਂਦਰ ਦਹਿਣੀ, ਗੱਜਪੁਰ, ਕਲਸੇੜਾ, ਨਾਨਗਰਾਂ ਅਤੇ ਦੱਸਗਰਾਈਂ ਵਿਖੇ ਵਿਸ਼ਵ ਲੀਵਰ (ਜਿਗਰ) ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਖਾਣ ਵਾਲੀਆਂ ਚੀਜ਼ਾਂ ਵਿੱਚ ਤੇਲ ਦੀ 10 ਫ਼ੀਸਦੀ ਵਰਤੋਂ ਘਟਾਉਣ ਦੀ ਸਹੁੰ ਚੁਕਾਈ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਜਿਗਰ ਨਾਲ ਸੰਬੰਧਿਤ ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਜਿਗਰ ਮਨੁੱਖੀ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ 500 ਤੋਂ ਵੱਧ ਕਾਰਜ ਕਰਦਾ ਹੈ। ਇਹ ਸਰੀਰ ਦੀ ਡੀਟੌਕਸੀਫਿਕੇਸ਼ਨ, ਮੈਟਾਬੋਲਿਜ਼ਮ, ਪਚਨ ਅਤੇ ਪੌਸ਼ਣ ਸੰਬੰਧੀ ਕਈ ਮੁੱਖ ਭੂਮਿਕਾਵਾਂ ਨਿਭਾਉਂਦਾ ਹੈ। ਉਹਨਾਂ ਦੱਸਿਆ ਕਿ ਲੀਵਰ ਨੂੰ "ਸਰੀਰ ਦੀ ਰਸੋਈ" ਵੀ ਆਖਿਆ ਜਾਂਦਾ ਹੈ, ਕਿਉਂਕਿ ਇਹ ਖੁਰਾਕ ਤੋਂ ਪੋਸ਼ਣ ਤੱਤਾਂ ਨੂੰ ਸਰੀਰ ਵਿੱਚ ਵੰਡਣ ਅਤੇ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਲੀਵਰ ਖ਼ਰਾਬ ਹੋ ਜਾਵੇ ਤਾਂ ਇਹ ਨਾ ਸਿਰਫ਼ ਹਾਜਮੇ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਲਿਵਰ ਸਿਰੋਸਿਸ, ਫੈਟੀ ਲਿਵਰ, ਹੈਪੈਟਾਈਟਿਸ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ।
ਵਿਸ਼ਵ ਜਿਗਰ ਦਿਵਸ 2025 ਦੇ ਥੀਮ 'ਫੂਡ ਇਜ਼ ਮੈਡੀਸਨ' ਦਾ ਜ਼ਿਕਰ ਕਰਦਿਆਂ ਡਾ. ਦਲਜੀਤ ਕੌਰ ਨੇ ਦੱਸਿਆ ਕਿ ਪੁਰਾਣੇ ਸਮਿਆਂ ਤੋਂ ਹੀ ਆਯੁਰਵੈਦਿਕ ਵਿੱਚ ਕਿਹਾ ਜਾਂਦਾ ਹੈ ਕਿ "ਜੇਕਰ ਤੁਸੀਂ ਸਹੀ ਖੁਰਾਕ ਲੈਂਦੇ ਹੋ, ਤਾਂ ਤੁਹਾਨੂੰ ਦਵਾਈ ਦੀ ਲੋੜ ਨਹੀਂ ਅਤੇ ਜੇਕਰ ਤੁਸੀਂ ਸਿਹਤਮੰਦ ਖੁਰਾਕ ਨਹੀਂ ਖਾਂਦੇ ਤਾਂ ਦਵਾਈ ਵੀ ਕੰਮ ਨਹੀਂ ਕਰੇਗੀ।" ਉਹਨਾਂ ਕਿਹਾ ਕਿ ਸੰਤੁਲਿਤ ਭੋਜਨ ਸਿਰਫ਼ ਭੁੱਖ ਮਿਟਾਉਣ ਲਈ ਨਹੀਂ, ਸਗੋਂ ਸਰੀਰ ਨੂੰ ਠੀਕ ਰੱਖਣ ਦਾ ਸੌਖਾ ਅਤੇ ਅਸਰਦਾਰ ਤਰੀਕਾ ਹੈ। ਉਹਨਾਂ ਜਿਗਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰੀਆਂ ਸਬਜ਼ੀਆਂ, ਲਹਸੁਣ, ਅਦਰਕ ਤੇ ਹਲਦੀ ਦਾ ਸੇਵਨ ਕਰਨ ਅਤੇ ਵੱਧ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ, ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਅਤੇ ਰੋਜ਼ਾਨਾ ਕਸਰਤ ਕਰਨਾ ਲੀਵਰ ਨੂੰ ਸਿਹਤਮੰਦ ਰੱਖਣ ਦਾ ਸੱਭ ਤੋਂ ਆਸਾਨ ਤਰੀਕਾ ਹੈ। ਇਸ ਮੌਕੇ ਬਲਾਕ ਐਜੂਕੇਟਰ ਰਤਿਕਾ ਉਬਰਾਏ,ਸੀ.ਐੱਚ.ਓ. ਰਾਜਪ੍ਰੀਤ, ਪੂਨਮ, ਮਨਪ੍ਰੀਤ, ਅੰਜੂ ਸੈਣੀ, ਗਗਨਦੀਪ ਕੌਰ, ਮਲਟੀਪਰਪਜ਼ ਹੈਲਥ ਵਰਕਰ ਰਵਿੰਦਰ ਸਿੰਘ, ਅਮਿਤ ਸ਼ਰਮਾ ਹਾਜ਼ਰ ਸਨ।