Hindi

ਪਿੰਡਾਂ ’ਚ ਬਣ ਰਹੇ ਖੇਡ ਮੈਦਾਨਾਂ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ

ਪਿੰਡਾਂ ’ਚ ਬਣ ਰਹੇ ਖੇਡ ਮੈਦਾਨਾਂ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਪਿੰਡਾਂ ’ਚ ਹਰਿਆਵਲ ਲਹਿਰ ਤਹਿਤ ਨਿਰਧਾਰਿਤ ਟੀਚੇ ’ਚ ਰੁੱਖ ਲਾਉਣ ਦੀ ਹਦਾਇਤ

ਪਿੰਡਾਂ ’ਚ ਬਣ ਰਹੇ ਖੇਡ ਮੈਦਾਨਾਂ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ

ਵਰਤੀਆਂ ਜਾ ਚੁੱਕੀਆਂ ਗਰਾਂਟਾਂ ਦੇ ਸਰਟੀਫ਼ਿਕੇਟ 15 ਅਗਸਤ ਤੱਕ ਜਮ੍ਹਾਂ ਕਰਵਾਉਣ ਦੇ ਆਦੇਸ਼

ਮਨਰੇਗਾ ਤਹਿਤ ਵਿਕਾਸ ਦੇ ਕੰਮਾਂ ’ਚ ਤੇਜ਼ੀ ਲਿਆਉਣ ਦੇ ਆਦੇਸ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਗਸਤ, 2024:
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਗੁਜ਼ਾਰੀ ਦੀ ਮਾਸਿਕ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ’ਚ ਚੱਲ ਰਹੀ ਹਰਿਆਵਲ ਲਹਿਰ ਤਹਿਤ ਪੌਦੇ ਲਾਉਣ ਦੀ ਮੁਹਿੰਮ ਤਹਿਤ ਵਿਭਾਗ ਲਈ ਨਿਰਧਾਰਿਤ ਟੀਚੇ ਨੂੰ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਮਨਰੇਗਾ ਸਟਾਫ਼ ਨਾਲ ਕਲ੍ਹ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਨੇ 2,50,328 ਪੌਦਿਆਂ ਦੇ ਟੀਚੇ ਦੇ ਮੁਕਾਬਲੇ 69.40 ਫ਼ੀਸਦੀ ਰੁੱਖ ਹੀ ਲੱਗਣ ’ਤੇ ਨਾ-ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਇਸ ਨੂੰ ਅਗਲੇ ਹਫ਼ਤੇ ’ਚ 100 ਫ਼ੀਸਦੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪੌਦੇ ਸੁਰੱਖਿਅਤ ਥਾਂਵਾਂ ’ਤੇ ਲਾਏ ਜਾਣ ਤਾਂ ਜੋ ਇਨ੍ਹਾਂ ਦੇ ਵਧਣ ਦੀ ਦਰ ਵੱਧ ਤੋਂ ਵੱਧ ਯਕੀਨੀ ਬਣਾਈ ਜਾ ਸਕੇ।
ਪਿੰਡਾਂ ’ਚ ਬਣਾਏ ਜਾ ਰਹੇ 154 ਖੇਡ ਮੈਦਾਨਾਂ ’ਚ 56 ਦਾ ਕੰਮ ਹੀ ਮੁਕੰਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ 81 ਖੇਡ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ, ਉਸ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਬਾਕੀ ਥਾਂਵਾਂ ’ਤੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਰੁਕਾਵਟ ਹੈ, ਉਸ ਨੂੰ ਜਲਦ ਦੂਰ ਕਰਕੇ ਉਨ੍ਹਾਂ ਥਾਂਵਾਂ ’ਤੇ ਵੀ ਉਸਾਰੀ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਇਸ ਫ਼ਲੈਗਸ਼ਿੱਪ ਪ੍ਰੋਗਰਾਮ ਨੂੰ ਪੂਰਾ ਕਰਨ ’ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਪ੍ਰਾਜੈਕਟ ਕਰੀਬ 15.75 ਕਰੋੜ ਰੁਪਏ ਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਵਰਤੀਆਂ ਜਾ ਚੁੱਕੀਆਂ ਵਿਕਾਸ ਗਰਾਂਟਾਂ ਜੋ ਵੱਖ-ਵੱਖ ਮਦਾਂ (ਵਿੱਤ ਕਮਿਸ਼ਨ, ਐਮ ਪੀ ਲੈਡ ਆਦਿ) ਅਧੀਨ ਜਾਰੀ ਕੀਤੀਆਂ ਗਈਆਂ ਸਨ, ਦੇ ਵਰਤੋਂ ਸਰਟੀਫ਼ਿਕੇਟ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ 15 ਅਗਸਤ ਤੱਕ ਹਰ ਹਾਲਤ ’ਚ ਜਮ੍ਹਾਂ ਕਰਵਾਉਣ ਦੀ ਤਾਕੀਦ ਵੀ ਕੀਤੀ।
ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਸਕੀਮ ਦਾ ਇਸ ਸਾਲ ਦਾ ਹੁਣ ਤੱਕ ਦਾ ਲੇਖਾ-ਜੋਖਾ ਲੈਂਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਨਿਰਧਾਰਿਤ ਟੀਚੇ ਮੁਤਾਬਕ 35.99 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ’ਚ ਦੱਸਿਆ ਗਿਆ ਕਿ ਹੁਣ ਤੱਕ 51.42 ਫ਼ੀਸਦੀ ਫ਼ੰਡ ਖਰਚੇ ਗਏ ਹਨ ਜਦਕਿ ਨਿਰਧਾਰਿਤ ਟੀਚੇ ਮੁਤਾਬਕ 55.13 ਫ਼ੀਸਦੀ ਰੋਜ਼ਗਾਰ ਦਿਹਾੜੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਕੀਮ ਦੀ ਮੂਲ ਭਾਵਨਾ ਤਹਿਤ ਵਿਕਾਸ ਦੇ ਨਾਲ-ਨਾਲ ਸਕੀਮ ਤਹਿਤ ਰਜਿਸਟਰ ਮਜ਼ਦੂਰਾਂ ਨੂੰ ਲੋੜੀਂਦੀਆਂ ਸ਼ਰਤਾਂ ਮੁਤਾਬਕ ਕੰਮ ਵੀ ਉਪਲਬਧ ਕਰਵਾਇਆ ਜਾਵੇ।
ਉਨ੍ਹਾਂ ਨੇ ਪਿੰਡਾਂ ’ਚ ਠੋਸ ਤੇ ਤਰਲ ਕੂੜੇ ਦੇ ਨਿਪਟਾਰੇ ਲਈ ਸੋਕ ਪਿੱਟਸ ਅਤੇ ਕੰਪੋਸਟ ਪਿੱਟਾਂ ਬਣਾਏ ਜਾਣ ਅਤੇ ਲੋਕਾਂ ’ਚ ਸੁੱਕੇ ਅਤੇ ਗਿੱਲੇ ਕੂੜੇ ਪ੍ਰਤੀ ਚੇਤਨਾ ਵਧਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਬਰਸਾਤੀ ਮੌਸਮ ਦੌਰਾਨ ਪਿੰਡਾਂ ’ਚ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਲੋਕਾਂ ਨੂੰ ਪਾਣੀ ਉਬਾਲ ਕੇ ਹੀ ਪੀਣ ਲਈ ਜਾਗਰੂਕ ਕਰਨ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਰੋਕਥਾਮ ਲਈ ਫ਼ੋਗਿੰਗ ਲਗਾਤਾਰ ਕਰਵਾਏ ਜਾਣ ਦੀ ਬੀ ਡੀ ਪੀ ਓਜ਼ ਨੂੰ ਹਦਾਇਤ ਕੀਤੀ।
ਇਸ ਮੀਟਿੰਗ ਦੌਰਾਨ ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਐਸ ਡੀ ਐਮ ਖਰੜ ਗੁਰਮੰਦਰ ਸਿੰਘ ਅਤੇ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉੱਪ ਮੁੱਖ ਕਾਰਜਕਾਰੀ ਅਫ਼ਸਰ ਰਣਜੀਤ ਸਿੰਘ ਵੀ ਮੌਜੂਦ ਸਨ।


Comment As:

Comment (0)