ਪਰਾਲੀ ਅਤੇ ਹੋਰ ਫ਼ਸਲੀ ਰਹਿੰਦ ਖੂਹੰਦ ਤੇ ਆਧਾਰਿਤ ਪੈਲਟਸ ਯੂਨਿਟ ਵਾਸਤੇ ਸਰਕਾਰ ਵੱਲੋਂ 28 ਲੱਖ ਰੁਪਏ ਪ੍ਰਤੀ ਮੀਟਰਕ ਟਨ ਦੀ ਦਿੱਤੀ ਜਾਂਦੀ ਹੈ ਸਬਸਿਡੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: 10 ਜੁਲਾਈ, 2023: (ਕਾਰਤਿਕਾ ਸਿੰਘ/ ਅਰਥ ਪ੍ਰਕਾਸ਼)::
ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਚ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਸੰਭਾਲਣ ਦੇ ਯਤਨਾਂ ਤਹਿਤ ਇੰਨ ਸੀਟੂ ਸੀ.ਆਰ.ਐਮ. ਸਕੀਮ ਦੇ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਭੱਠਾ ਮਾਲਕਾਂ, ਪਰਾਲੀ ਤੋਂ ਪੈਲਟਸ ਤਿਆਰ ਕਰਨ ਵਾਲੀਆਂ ਫਰਮਾਂ ਅਤੇ ਬੇਲਰ ਮਾਲਕਾਂ ਨਾਲ ਏ. ਟੂ. ਪੀ. ਇਨਰਜੀ ਸਲੂਸ਼ਨਜ ਪਿੰਡ ਮਿਰਜਾਪੁਰ, ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਖੇ ਪੈਲਾਟਾਈਜੇਸ਼ਨ ਯੂਨਿਟ ਦਾ ਦੌਰਾ ਕੀਤਾ।
ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ. ਡਾ. ਗੁਰਮੇਲ ਸਿੰਘ ਵੱਲੋਂ ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਇੱਕ ਮੀਟਰਕ ਟਨ ਕਪੈਸਟੀ ਵਾਲੇ ਯੂਨਿਟ ਲਈ 28 ਲੱਖ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ ਜੋ ਕਿ ਵੱਧ ਤੋਂ ਵੱਧ 5 ਮੀਟਰਕ ਟਨ ਯੂਨਿਟ ਲਈ 1.40 ਕਰੋੜ ਬਣਦੀ ਹੈ। ਯੂਨਿਟ ਦੇ ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪਲਾਟ ਲਗਭਗ ਪੰਜ ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਗੰਨੇ ਦੀ ਪੱਤੀ, ਸਫੇਦੇ ਦੇ ਪੱਤੇ, ਸਰੋਂ ਦਾ ਬੂਰਾ, ਲੱਕੜ ਦਾ ਬੂਰਾਦਾ ਅਤੇ ਪਰਾਲੀ ਤੋਂ ਢਾਈ ਮੀਟਰਕ ਟਨ ਪ੍ਰਤੀ ਘੰਟਾ ਪੈਲਟਸ ਤਿਆਰ ਕਰਨ ਵਾਲਾ ਯੂਨਿਟ ਡੇਢ ਤੋਂ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਸੀ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਯੂਨਿਟ ਵੱਲੋਂ ਲਗਭਗ 80 ਪ੍ਰਤੀਸ਼ਤ ਪੈਲਟਸ ਪਰਾਲੀ ਤੋਂ ਤਿਆਰ ਕੀਤੇ ਜਾਂਦੇ ਹਨ, ਜਿਸ ਦੀ ਕਲੋਰੀਫਿਕ ਵੈਲੀਯੂ ਤਿੰਨ ਹਜ਼ਾਰ ਤੋਂ ਵੱਧ ਹੋਣ ਕਰਕੇ ਭੱਠਿਆਂ ਤੇ ਹੋਰ ਫਰਮਾਂ ਵੱਲੋਂ 6.50 ਤੋਂ 7.50 ਰੁਪਏ ਪ੍ਰਤੀ ਮੀਟਰਕ ਟਨ ਖ੍ਰੀਦੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 250 ਕਿਲੋਵਾਟ ਦਾ ਯੂਨਿਟ ਲਗਾਉਣ ਲਈ ਲਗਭਗ 6 ਲੱਖ ਰੁਪਏ ਸਕਿਊਰਟੀ ਦੇਣੀ ਪੈਂਦੀ ਹੈ, ਬਿਜਲੀ ਲੋਡ ਅਨੁਸਾਰ ਮਹੀਨਾ ਵਾਰ ਫਿਕਸ ਚਾਰਜਿਜ ਦੇਣੇ ਪੈਂਦੇ ਹਨ ਅਤੇ ਮਸ਼ੀਨਾਂ ਦੀ ਖ੍ਰੀਦ ਸਮੇਂ 18% ਜੀ.ਐਸ.ਟੀ. ਦੀ ਅਦਾਇਗੀ ਕਰਨੀ ਪੈਂਦੀ ਹੈ।
ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੰਜੀਨੀਅਰਿੰਗ ਸ਼ਾਖਾ ਦੇ ਲਖਵਿੰਦਰ ਸਿੰਘ ਜੂਨੀਅਰ ਤਕਨੀਸ਼ੀਅਨ, ਪਿੰਡ ਫਤਹਿਪੁਰ ਥੇੜੀ ਦੇ ਅਗਾਂਹਵਧੂ ਕਿਸਾਨ / ਬੇਲਰ ਮਾਲਕ ਅਵਤਾਰ ਸਿੰਘ ਅਤੇ ਗੌਰਵ ਬਾਇਓਫਿਊਲ ਦੇ ਮਾਲਕ ਵਰਿੰਦਰ ਕੁਮਾਰ ਅਤੇ ਸੁਨੀਲ ਕੁਮਾਰ ਪ੍ਰਧਾਨ ਭੱਠਾ ਯੂਨੀਅਨ ਮੋਹਾਲੀ ਦੇ ਨਾਲ ਹੋਰ ਭੱਠਾ ਮਾਲਕ ਵੀ ਹਾਜ਼ਰ ਸਨ।