ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਤਾਜਪੁਰ ਰੋਡ 'ਤੇ ਨਾਜਾਇਜ ਕਬਜਿਆਂ ਵਿਰੁੱਧ ਕਾਰਵਾਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਤਾਜਪੁਰ ਰੋਡ 'ਤੇ ਨਾਜਾਇਜ ਕਬਜਿਆਂ ਵਿਰੁੱਧ ਕਾਰਵਾਈ
- ਟਰੱਸਟ ਵੱਲੋਂ ਨਜ਼ਾਇਜ਼ ਕਬਜ਼ੇ ਖ਼ਾਲੀ ਕਰਵਾਉਣ ਦੀ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ - ਚੇਅਰਮੈਨ ਤਰਸੇਮ ਸਿੰਘ ਭਿੰਡਰ
ਲੁਧਿਆਣਾ, 08 ਅਗਸਤ (2024) - ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਸਥਾਨਕ ਤਾਜਪੁਰ ਰੋਡ ਵਿਖੇ ਝੁੱਗੀ ਝੌਂਪੜੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਉਣ ਦੀ ਕਾਰਵਾਈ ਕੀਤੀ ਗਈ।
ਨਗਰ ਸੁਧਾਰ ਟਰੱਸਟ, ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਟਰੱਸਟ ਦੀ ਡੇਅਰੀ ਸਕੀਮ ਤਹਿਤ ਵਿਕਸਤ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਅਤੇ ਨਾਲ ਹੀ ਕੁਝ ਪ੍ਰਵਾਸੀ ਮਜ਼ਦੂਰਾਂ ਵੱਲੋਂ ਝੂਗੀਆਂ-ਝੋਪੜੀਆਂ ਵੀ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕਬਜ਼ਾਧਾਰਕਾਂ ਨੂੰ ਪਹਿਲਾਂ ਵੀ ਇਹ ਜਗ੍ਹਾ ਖਾਲੀ ਕਰਨ ਸਬੰਧੀ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਅਣਗੋਲਿਆ ਕੀਤਾ ਜਿਸਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਸੁਧਾਰ ਟਰੱਸਟ, ਲੁਧਿਆਣਾ ਦੀ ਜ਼ਮੀਨ ਨੂੰ ਕਬਜ਼ਾਮੁਕਤ ਕਰਵਾਉਣ ਮੌਕੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਜਿਸ ਵਿੱਚ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਫ਼ਾਇਰ ਬ੍ਰਿਗੇਡ ਸ਼ਾਮਲ ਸਨ, ਦੇ ਸਹਿਯੋਗ ਨਾਲ ਸਾਰੇ ਨਾਜਾਇਜ਼ ਕਬਜ਼ੇ ਹਟਾਏ ਗਏ।
ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਟਰੱਸਟ ਵੱਲੋਂ ਨਜ਼ਾਇਜ਼ ਕਬਜ਼ੇ ਖ਼ਾਲੀ ਕਰਵਾਉਣ ਦੀ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਟਰੱਸਟ ਦੀਆਂ ਖ਼ਾਲੀ ਪਈਆਂ ਪ੍ਰਾਪਰਟੀਆਂ ਜਿਨ੍ਹਾਂ 'ਤੇ ਕੁਝ ਵਿਅਕਤੀਆਂ ਵੱਲੋਂ ਨਜ਼ਾਇਜ਼ ਕਬਜ਼ੇ ਆਦਿ ਕੀਤੇ ਹੋਏ ਹਨ, ਨੂੰ ਹਟਾਉਣ ਲਈ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਪ੍ਰੈਸ ਕਾਨਫ਼ਰੰਸ ਰਾਹੀਂ ਕਬਜ਼ਾਧਾਰਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਟਰੱਸਟ ਦੀ ਪ੍ਰਾਪਰਟੀ ਤੋਂ ਨਜ਼ਾਇਜ਼ ਕਬਜ਼ੇ ਆਪਣੇ ਆਪ ਖ਼ਾਲੀ ਕਰ ਦੇਣ ਨਹੀਂ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਟਰੱਸਟ ਦੇ ਐਕਸੀਅਨ ਨਵੀਨ ਮਲਹੋਤਰਾ, ਐਕਸੀਅਨ ਵਿਕਰਮ ਕੁਮਾਰ ਅਤੇ ਸਹਾਇਕ ਟਰੱਸਟ ਇੰਜੀਨੀਅਰਾਂ ਪਰਮਿੰਦਰ ਸਿੰਘ, ਬਲਬੀਰ ਸਿੰਘ, ਕਿਰਨਦੀਪ ਹੀਰ ਤੋਂ ਇਲਾਵਾ ਹੋਰ ਸਟਾਫ਼ ਵੀ ਮੌਜੂਦ ਸੀ।