Sports Stadium at Longowal
ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦੇ ਕੇ ਲੋਕ ਨਿਰਮਾਣ ਵਿਭਾਗ ਨੂੰ ਲਿਖਿਆ ਪੱਤਰ
ਚੰਡੀਗੜ੍ਹ, 25 ਫਰਵਰੀ: Sports Stadium at Longowal: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਲੌਂਗੋਵਾਲ (ਸੁਨਾਮ) ਵਿਖੇ ਅਤਿ ਆਧੁਨਿਕ ਖੇਡ ਸਟੇਡੀਅਮ ਬਣੇਗਾ। 3.96 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਡੀਅਮ ਦੀ ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਲੌਂਗੋਵਾਲ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਲਈ ਲਿਖਤੀ ਰੂਪ ਵਿੱਚ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਵਿਭਾਗ ਨੂੰ ਸੂਬੇ ਵਿੱਚ ਖੇਡਾਂ ਪੱਖੀ ਸਾਜਗਾਰ ਅਤੇ ਖਿਡਾਰੀਆਂ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਦਿੱਤੇ ਜਾ ਰਹੇ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਸੁਨਾਮ ਹਲਕੇ ਦੇ ਖਿਡਾਰੀਆਂ ਨੂੰ ਬਿਹਤਰੀਨ ਖੇਡ ਸਹੂਲਤਾਂ ਦੇਣ ਲਈ ਲੌਂਗੋਵਾਲ ਵਿਖੇ ਅਤਿ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਖੇਡ ਮੰਤਰੀ ਨੇ ਦੱਸਿਆ ਕਿ ਜਿੱਥੇ ਖੇਡ ਵਿਭਾਗ ਵੱਲੋਂ ਕਦਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਸੂਬੇ ਵਿੱਚ ਵੱਡੇ ਪੱਧਰ ਉੱਤੇ ਖਿਡਾਰੀਆਂ ਦੀ ਸਮਰੱਥਾ ਪਤਾ ਲੱਗੀ ਉੱਥੇ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਹਲਕਾ ਸੁਨਾਮ ਦੀਆਂ’ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਖੇਤਰ ਦੇ ਖਿਡਾਰੀਆਂ ਵਿੱਚ ਅਥਾਹ ਸਮਰੱਥਾ ਹੈ। ਸਿਰਫ਼ ਮੌਕਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਪਦਮ ਸ੍ਰੀ ਕੌਰ ਸਿੰਘ ਅਤੇ ਪਦਮ ਸ੍ਰੀ ਸੁਨੀਤਾ ਰਾਣੀ ਵਰਗੇ ਵੱਡੇ ਖਿਡਾਰੀ ਪੈਦਾ ਕੀਤੇ ਹਨ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਜਲਦ ਹੀ ਲੈ ਕੇ ਆ ਰਹੀ ਹੈ ਜਿਸ ਵਿੱਚ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ, ਨੌਕਰੀਆਂ ਤੋਂ ਇਲਾਵਾ ਲੰਬੇ ਸਮੇਂ ਲਈ ਅਜਿਹਾ ਖਾਕਾ ਤਿਆਰ ਕਰਨਾ ਹੈ ਤਾਂ ਜੋ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ।
ਇਸ ਨੂੰ ਪੜ੍ਹੋ:
ਕਾਰੋਬਾਰੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਪ੍ਰਤੀ ਭਰਿਆ ਹਾਂ-ਪੱਖੀ ਹੁੰਗਾਰਾ