‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸਬ ਡਵੀਜ਼ਨ ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ 06 ਸਤੰਬਰ ਨੂੰ ਲੱਗੇਗਾ ਕੈਂਪ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸਬ ਡਵੀਜ਼ਨ ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ 06 ਸਤੰਬਰ ਨੂੰ ਲੱਗੇਗਾ ਕੈਂਪ
ਕੈਂਪ ਵਿੱਚ ਪਿੰਡ ਬੜੀ, ਬਾਕਰਪੁਰ, ਮਟਰਾ ਅਤੇ ਸਫੀਪੁਰ ਪਿੰਡਾਂ ਦੇ ਵਸਨੀਕ ਦੇ ਸਕਦੇ ਹਨ ਅਰਜ਼ੀਆਂ
ਲੋਕਾਂ ਦੀਆਂ ਸਰਕਾਰ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨਾ ਸਰਕਾਰ ਦੀ ਪਹਿਲਕਦਮੀ: ਐਸ.ਡੀ.ਐਮ ਦੀਪਾਂਕਰ ਗਰਗ
ਕੈਂਪ ਵਿੱਚ ਆਉਣ ਵਾਲੇ ਲੋਕ ਆਪਣੇ ਕੰਮ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਨਾਲ ਲਾਜ਼ਮੀ ਲੈ ਕੇ ਆਉਣ
ਐਸ.ਏ.ਐਸ. ਨਗਰ, 03 ਸਤੰਬਰ, 2024:
ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਜੋਂ ਸਬ ਡਵੀਜ਼ਨ ਮੋਹਾਲੀ ਵਿੱਚ ਪੈਂਦੇ 4 ਪਿੰਡਾਂ ਦਾ ਇੱਕ ਵਿਸ਼ੇਸ਼ ਕੈਂਪ ਪਿੰਡ ਬਾਕਰਪੁਰ ਵਿਖੇ 06 ਸਤੰਬਰ ਨੂੰ ਸਵੇਰੇ 10.00 ਤੋਂ ਦੁਪਿਹਰ 01.00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਿੰਡ ਬੜੀ, ਬਾਕਰਪੁਰ, ਮਟਰਾ ਅਤੇ ਸਫੀਪੁਰ ਪਿੰਡਾਂ ਦੇ ਵਸਨੀਕ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲਈ ਅਰਜ਼ੀਆਂ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਪਹੁੰਚ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਕੇ ‘ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਕੈਂਪ ਵਿਚ ਕੰਮ ਕਰਾਉਣ ਲਈ ਪੁੱਜ ਰਹੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆਪਣੇ ਜੋ ਵੀ ਕੰਮ ਕਰਾਉਣ ਲਈ ਜਾ ਰਹੇ ਹਨ, ਉਨ੍ਹਾਂ ਕੰਮਾਂ ਨਾਲ ਸਬੰਧਤ ਮੁਕੰਮਲ ਦਸਤਾਵੇਜ਼ ਲੈ ਕੇ ਜਾਣ ਤਾਂ ਜੋ ਉਨ੍ਹਾਂ ਦੇ ਕੰਮ ਸਹੀ, ਸੋਖੇ ਢੰਗ ਨਾਲ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਹੋ ਸਕਣ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਇਸ ਕੈਂਪ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜੋ ਸੇਵਾਵਾਂ ਮੁੱਖ ਤੌਰ 'ਤੇ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ, ਐਸ.ਸੀ., ਬੀ.ਸੀ., ਓ.ਬੀ.ਸੀ ਅਤੇ ਜਨਰਲ ਜਾਤੀ ਦੇ ਸਰਟੀਫਿਕੇਟ ਅਤੇ ਵਸਨੀਕ (ਨਿੱਜੀ) ਸਰਟੀਫ਼ਿਕੇਟ, ਮਾਸਿਕ ਸਹਾਇਤਾ ਸਕੀਮਾਂ (ਬੁਢਾਪਾ ਪੈਨਸ਼ਨਾਂ ਆਦਿ), ਵਿਆਹ ਰਜਿਸਟ੍ਰੇਸ਼ਨ, ਐਫੀਡੇਵਿਟ ਤਸਦੀਕ, ਮਾਲ ਰਿਕਾਰਡਾਂ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਦੀ ਸੇਵਾ), ਭਰ ਰਹਿਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਜਨਰੇਸ਼ਨ, ਦਸਤਾਵੇਜ਼ਾਂ ਦੀ ਕਾਊਂਟਰਸਾਈਨਿੰਗ, ਮੁਆਵਜ਼ੇ ਦੇ ਬਾਂਡ, ਬਾਰਡਰ ਸਰਟੀਫਿਕੇਟ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ.ਆਈ. ਦੇ ਦਸਤਾਵੇਜ਼ਾਂ 'ਤੇ ਕਾਊਂਟਰ ਦਸਤਖਤ, ਪੁਲਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ), ਉਸਾਰੀ ਮਜ਼ਦੂਰਾਂ/ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਰਜਿਸਟ੍ਰੇਸ਼ਨਦਾ ਨਵੀਨੀਕਰਨ, ਆਮਦਨ ਅਤੇ ਸੰਪਤੀ ਸਰਟੀਫਿਕੇਟ (ਈ.ਡਬਲਯੂ. ਐੱਸ.), ਸ਼ਗਨ ਸਕੀਮ (ਕੇਸ ਦੀ ਮਨਜ਼ੂਰੀ ਲਈ), ਅਪੰਗਤਾ ਸਰਟੀਫਿਕੇਟ/ਯੂ ਡੀ ਆਈ ਡੀ ਕਾਰਡ, ਬਿਜਲੀ ਬਿੱਲ ਦਾ ਭੁਗਤਾਨ (ਪਾਵਰ) ਅਤੇ ਪੇਂਡੂ ਖੇਤਰ ਸਰਟੀਫਿਕੇਟ (ਪੇਂਡੂ) ਆਦਿ ਸ਼ਾਮਿਲ ਹਨ।