-ਅਗਲੇ 5 ਸਾਲਾਂ ਅੰਦਰ ਪੰਜਾਬ 'ਚ ਲੜਕੀਆਂ ਦਾ ਲਿੰਗ ਅਨੁਪਾਤ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ ਪੂਰਾ ਕਰਾਂਗੇ-ਡਾ. ਬਲਬੀਰ ਸਿੰਘ
-ਕਿਹਾ, ''ਪੰਜਾਬ 'ਚ 500 ਆਮ ਆਦਮੀ ਕਲੀਨਿਕ ਹੋਰ ਬਣਨਗੇ, ਡੈਂਟਲ ਤੇ ਸਪੈਸ਼ਲਿਸਟ ਕਲੀਨਿਕ ਵੀ ਬਣਾਏ ਜਾਣਗੇ''
-ਪੰਜਾਬ ਦੀ ਸਿਹਤ ਹੁਣ ਡਾ. ਬਲਬੀਰ ਸਿੰਘ ਦੇ ਸੁਰੱਖਿਅਤ ਹੱਥਾਂ 'ਚ-ਅਜੀਤ ਪਾਲ ਸਿੰਘ ਕੋਹਲੀ
ਪਟਿਆਲਾ, 13 ਜਨਵਰੀ:: Dhiyan Di Lohri: ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ 'ਚ ਇਸ ਸਮੇਂ ਲੜਕੀਆਂ ਦੇ 1000 ਪਿੱਛੇ 926 ਲਿੰਗ ਅਨੁਪਾਤ ਨੂੰ ਅਗਲੇ ਪੰਜ ਸਾਲਾਂ ਅੰਦਰ ਲੜਕਿਆਂ ਦੇ ਬਰਾਬਰ ਕਰਨ ਦਾ ਟੀਚਾ ਪੂਰਾ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਇੱਥੇ ਤ੍ਰਿਪੜੀ ਦੇ ਸਿਟੀਜਨ ਵੈਲਫੇਅਰ ਪਾਰਕ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਸਦਕਾ ਪੰਜਾਬ ਨੂੰ ਸਿਹਤ ਦੇ ਮਾਮਲੇ 'ਚ ਮੋਹਰੀ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਪਹਿਲਾਂ ਬਣੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਬਾਅਦ ਹੁਣ 500 ਅਜਿਹੇ ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਬਾਅਦ 'ਚ ਡੈਂਟਲ ਅਤੇ ਸਪੈਸ਼ਲਿਸਟ ਕਲੀਨਿਕ ਵੀ ਬਣਾਏ ਜਾਣਗੇ।
ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਲ 2022 'ਚ 1000 ਵਿੱਚੋਂ 989 ਨਾਲ ਪਟਿਆਲਾ ਪੰਜਾਬ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਹੈ ਪਰੰਤੂ ਸਾਨੂੰ ਇਹ ਪ੍ਰਣ ਕਰਨਾ ਪਵੇਗਾ ਕਿ ਇਹ ਅਨੁਪਾਤ ਰਾਜ ਭਰ ਵਿੱਚ ਹੀ ਮੁੰਡਿਆਂ ਦੇ ਬਰਾਬਰ ਹੋਵੇ।
ਡਾ. ਬਲਬੀਰ ਸਿੰਘ ਨੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਾਨਵਰਾਂ ਤੇ ਪਸ਼ੂ-ਪੰਛੀਆਂ 'ਚ ਅਜਿਹਾ ਨਹੀਂ ਕਿ ਉਹ ਆਪਣੇ ਬੱਚਿਆਂ 'ਚ ਕੋਈ ਵਿਤਕਰਾ ਕਰਦੇ ਹਨ ਪਰੰਤੂ ਅਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਆਪਣੀਆਂ ਧੀਆਂ ਨੂੰ ਕੁੱਖ 'ਚ ਹੀ ਮਾਰ ਦਿੰਦੇ ਹਾਂ ਇਸ ਲਈ ਸਾਨੂੰ ਹੁਣ ਧੀਆਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਪੈਣਗੇ ਤਾਂ ਹੀ ਸਾਡੀਆਂ ਧੀਆਂ ਆਪਣੇ ਮਾਪਿਆਂ ਤੇ ਸਮਾਜ ਦਾ ਨਾਮ ਉੱਚਾ ਕਰਨਗੀਆਂ।
ਡਾ. ਬਲਬੀਰ ਸਿੰਘ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਅਗਲੇ ਇੱਕ ਸਾਲ ਦੇ ਅੰਦਰ-ਅੰਦਰ ਸੂਬੇ 'ਚ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤਾਂ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਨੇ ਹਲਕਾ ਪਟਿਆਲਾ ਦਿਹਾਤੀ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਅੰਦਰ ਉਲੀਕੇ ਸਾਰੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਹੁਣ ਸੂਬੇ ਦਾ ਸਿਹਤ ਵਿਭਾਗ ਡਾ. ਬਲਬੀਰ ਸਿੰਘ ਦੇ ਸੁਰੱਖਿਅਤ ਹੱਥਾਂ 'ਚ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਪੰਜਾਬ ਨੂੰ ਸਿਹਤ ਅਤੇ ਸਿੱਖਿਆ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਲਿਆਉਣ ਦਾ ਸੁਪਨਾ ਲਾਜਮੀ ਪੂਰਾ ਹੋਵੇਗਾ। ਅਜੀਤਪਾਲ ਕੋਹਲੀ ਨੇ ਕਿਹਾ ਕਿ ਡਾ. ਬਲਬੀਰ ਸਿੰਘ ਦੇ ਸਿਹਤ ਮੰਤਰੀ ਬਣਨ ਕਰਕੇ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਨੂੰ ਲੋਹੜੀ ਦੀਆਂ ਦੂਹਰੀਆਂ ਵਧਾਈਆਂ ਹਨ। ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਰਵਿੰਦਰਪਾਲ ਕੌਰ ਤੇ ਸਟੇਟ ਨੋਡਲ ਅਫ਼ਸਰ ਪੀ.ਸੀ.ਪੀ.ਐਨ.ਡੀ.ਟੀ. ਡਾ. ਅੰਮ੍ਰਿਤ ਬੜਿੰਗ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਰੁਪਿੰਦਰਜੀਤ ਕੌਰ, ਰਾਹੁਲ ਸੈਣੀ, ਬਲਵਿੰਦਰ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਪ ਦੇ ਸੂਬਾ ਜਰਨੈਲ ਮੰਨੂ, ਆਪ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮੁਲਾਜਮ ਵਿੰਗ ਸੂਬਾ ਪ੍ਰਧਾਨ ਪ੍ਰਿੰਸੀਪਲ ਜੇ.ਪੀ. ਸਿੰਘ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਐਡਵੋਕੇਟ ਮਨਪ੍ਰੀਤ ਸਿੰਘ, ਹਰਸ਼ਪਾਲ ਰਾਹੁਲ, ਸਿਵਲ ਸਰਜਨ ਡਾ. ਦਲਬੀਰ ਕੌਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਜਤਿੰਦਰ ਕਾਂਸਲ, ਆਈ.ਐਮ.ਏ. ਪੰਜਾਬ ਪ੍ਰਧਾਨ ਡਾ. ਭਗਵੰਤ ਸਿੰਘ, ਸੀ.ਐਚ.ਸੀ. ਤ੍ਰਿਪੜੀ ਦੇ ਐਸ.ਐਮ.ਓ. ਡਾ. ਵਿਕਾਸ ਗੋਇਲ, ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਹਰੀ ਚੰਦ ਬਾਂਸਲ, ਸੁਰਜੀਤ ਗਾਂਧੀ, ਸ਼ੰਕਰ ਖੁਰਾਣਾ, ਸੀਨੀਅਰ ਸਿਟੀਜਨਜ ਗੁਡ ਮਾਰਨਿੰਗ ਵੈਲਫੇਅਰ ਪਾਰਕ ਦੇ ਇੰਚਾਰਜ ਦੀਨ ਦਿਆਲ ਆਦਿ ਸਮੇਤ ਵੱਡੀ ਗਿਣਤੀ ਧੀਆਂ ਦੇ ਮਾਪੇ ਅਤੇ ਇਲਾਕਾ ਨਿਵਾਸੀ ਪੁੱਜੇ ਹੋਏ ਸਨ। ਸਰਕਾਰੀ ਮਾਤਾ ਕੌਸ਼ੱਲਿਆ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਸਿਹਤ ਸਕੀਮਾਂ 'ਤੇ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ ਜਦਕਿ ਬਲਜਿੰਦਰ ਠਾਕੁਰ ਨੇ ਕਵਿਤਾ ਸੁਣਾਈ।
ਇਸ ਨੂੰ ਪੜ੍ਹੋ: