ਬਿਜਲੀ ਦੇ ਖੰਭਿਆਂ ’ਤੇ ਲਗੀਆਂ ਨਾਜਾਇਜ ਕੇਬਲਾਂ ਹਟਾਈਆਂ ਜਾਣ - ਬਿਜਲੀ ਮੰਤਰੀ
ਪੀ.ਡਬਲਯੂ.ਡੀ. ਦੀ ਜਮੀਨਾਂ ਤੋਂ ਛਡਾਏ ਜਾਣਗੇ ਗੈਰ ਕਾਨੂੰਨੀ ਕਬਜ਼ੇ
ਡਾ. ਨਿੱਜਰ ਅਤੇ ਹਰਭਜਨ ਸਿੰਘ ਈ.ਟੀ.ਓ ਨੇ ਜੀ-20 ਸਿਖਰ ਸੰਮੇਲਨ ਦੇ ਸੰਬੰਧ ‘ਚ ਅੰਮ੍ਰਿਤਸਰ ਦੇ ਸੁੰਦਰੀਕਰਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਚੰਡੀਗੜ੍ਹ, 7 ਜਨਵਰੀ: G-20 summit: ਜੀ-20 ਸੰਮਲੇਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਰਿਵਿਊ ਮੀਟਿੰਗ ਕਰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਨੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਹੋਣੇ ਚਾਹੀਦੇ ਹਨ ਅਤੇ ਕਿਸੇ ਕਿਸਮ ਦੀ ਵੀ ਅਣਗਹਿਲੀ ਵਰਤਣ ਵਾਲੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਨਿੱਜਰ ਨੇ ਦੱਸਿਆ ਕਿ ਜੀ- 20 ਸੰਮੇਲਨ ਮਾਰਚ 2023 ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੰਭਾਵੀ ਤੌਰ ਤੇ 15 ਤੋਂ 17 ਮਾਰਚ 2023 ਨੂੰ ਹੋਣ ਜਾ ਰਿਹਾ ਹੈ। ਇਸ ਜੀ-20 ਸਿਖਰ ਸੰਮੇਲਨ ਵਿਚ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਅੰਤਰਰਾਸ਼ਟਰੀ ਡੈਲੀਗੇਟ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਸੂਬੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਸਮਾਗਮ ਪੰਜਾਬ ਵਿੱਚ ਹੋਣ ਜਾ ਰਿਹਾ ਹੈ।
ਡਾ. ਨਿੱਜਰ ਨੇ ਜੀ-20 ਸਿਖਰ ਸਮੇਲਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ’ਤੇ ਤਕਰੀਬਨ 100 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸਥਾਨਕ ਸਰਕਾਰਾਂ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਅੰਤਰਰਾਸ਼ਟਰੀ ਸਮਾਗਮ ਨਾਲ ਜਿਥੇ ਸੂਬਾ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ਤੇ ਉਭਰੇਗਾ ਉਥੇ ਨਾਲ ਹੀ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਡਾ. ਨਿੱਜਰ ਨੇ ਸ਼ਹਿਰ ਦੀ ਸੁੰਦਰਤਾ ਅਤੇ ਮੁੱਢਲਾ ਢਾਂਚਾ ਮਜਬੂਤ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੰਦੇ ਕਿਹਾ ਕਿ ਸ਼ਹਿਰ ਅੰਦਰ ਜੋ ਵੀ ਕੰਮ ਕੀਤੇ ਜਾਣਗੇ ਉਹ ਸ਼ਹਿਰਵਾਸੀਆਂ ਦੇ ਲੋੜ ਮੁਤਾਬਿਕ ਮਜ਼ਬੂਤ ਅਤੇ ਵਧੀਆ ਗੁਣਵੱਤਾ ਵਾਲੇ ਕੰਮ ਹੋਣਗੇ।
ਸਥਾਨਕ ਸਰਕਾਰਾਂ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਬੀ.ਆਰ.ਟੀ.ਐਸ. ਦੇ ਰਸਤੇ ਦੌਰਾਨ ਜਿਥੇ ਵੀ ਗਰਿਲਾਂ ਟੁੱਟੀਆਂ ਹੋਈਆਂ ਹਨ ਨੂੰ ਤੁਰੰਤ ਨਵੀਆਂ ਲਗਾਈਆਂ ਜਾਣ ਅਤੇ ਬੀ.ਆਰ.ਟੀ.ਐਸ. ਦੇ ਰਸਤੇ ਵਿੱਚ ਪਏ ਟੋਇਆਂ ਨੂੰ ਭਰਿਆ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਰੁਸਤ ਕਰਨ ਦੇ ਵੀ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਦਿਖ ਨੂੰ ਬਦਲਿਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਕਾਰੀ ਬਿਜਲੀ ਦੇ ਖੰਭਿਆਂ 'ਤੇ ਲਗੀਆਂ ਨਾਜਾਇਜ ਕੇਬਲ ਤਾਰਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨਾਂ ਤਾਰਾਂ ਨਾਲ ਸ਼ਹਿਰ ਦੇ ਅਕਸ 'ਤੇ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਥਾਂ -ਥਾਂ ਤੇ ਬਿਜਲੀ ਦੇ ਜਾਲ ਫੈਲੇ ਹੋਏ ਹਨ। ਉਨ੍ਹਾਂ ਬਿਜਲੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਥੇ ਸਮੇਂ ਦੇ ਅੰਦਰ ਅੰਦਰ ਇਨ੍ਹਾਂ ਬਿਜਲੀ ਦੇ ਜਾਲਾਂ ਨੂੰ ਹਟਾਇਆ ਜਾਵੇ ਅਤੇ ਸੜ੍ਹਕਾਂ ਦੀ ਕਰਾਸਿੰਗ ’ਤੇ ਲਗੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਦਰੁਸਤ ਕੀਤਾ ਜਾਵੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪੀ.ਡਬਲਯੂ.ਡੀ. ਦੀਆਂ ਜਮੀਨਾਂ ਤੇ ਹੋਏ ਨਾਜਇਜ ਕਬਜ਼ੇ ਵੀ ਤੁਰੰਤ ਹਟਾਏ ਜਾਣ।
ਮੀਟਿੰਗ ਉਪਰੰਤ ਕੈਬਨਿਟ ਮੰਤਰੀ ਡਾ. ਨਿੱਜਰ ਅਤੇ ਸ: ਹਰਭਜਨ ਸਿੰਘ ਈ.ਟੀ.ਓ ਵਲੋਂ ਜੀ -20 ਸਿਖਰ ਸੰਮੇਲਨ ਦੌਰਾਨ ਤੈਅ ਕੀਤੇ ਗਏ ਰੂਟ ਦਾ ਦੌਰਾ ਵੀ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਹੋਣ ਵਾਲੇ ਕੰਮਾਂ ਬਾਰੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।ਇਸ ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਚੇਅਰਮੈਨ ਜਿਲਾ ਯੋਜਨਾ ਕਮੇਟੀ ਸ: ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਐਸ.ਈ. ਸ: ਇੰਦਰਜੀਤ ਸਿੰਘ, ਐਕਸੀਐਨ ਸ: ਇੰਦਰਜੀਤ ਸਿੰਘ, ਚੀਫ਼ ਇੰਜੀ: ਪੀ.ਐਸ.ਪੀ.ਸੀ.ਐਲ. ਬਾਲ ਕ੍ਰਿਸ਼ਨ, ਡਿਪਟੀ ਚੀਫ ਇੰਜ: ਜਤਿੰਦਰ ਸਿੰਘ, ਇੰਜ: ਰਾਜੀਵ ਪਰਾਸ਼ਰ, ਇੰਜੀ: ਜਗਜੀਤ ਸਿੰਘ, ਇੰਜੀ: ਬਲਕਾਰ ਸਿੰਘ ਤੋਂ ਇਲਾਵਾ ਹੋਰ ਜਿਲਾ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਕੈਪਸ਼ਨ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਜਿਲ੍ਹਾ ਅਧਿਕਾਰੀਆਂ ਨਾਲ ਜੀ-20 ਸੰਮਲੇਨ ਦੀ ਤਿਆਰੀਆਂ ਸਬੰਧੀ ਰਿਵਿਊ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਜੀ-20 ਸਿਖਰ ਸੰਮੇਲਨ ਦੇ ਤੈਅ ਕੀਤੇ ਗਏ ਰੂਟਾਂ ਦਾ ਦੌਰਾ ਕਰਦੇ ਹੋਏ।
ਇਸ ਨੂੰ ਪੜ੍ਹੋ:
ਵਿਧਾਨ ਸਭਾ ਸਪੀਕਰ ਵੱਲੋਂ ਉਘੇ ਪੱਤਰਕਾਰ ਐਨ ਐਸ ਪਰਵਾਨਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਾਣੀ ਸੁਧਾਰ ਲਈ ਕੇਂਦਰ ਤੋਂ ਫੰਡਾਂ ਦੀ ਮੰਗ