ਵਿਕਾਸ ਪ੍ਰੋਜੈਕਟਾਂ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਸਮੀਖਿਆ
ਐੱਸ.ਏ.ਐੱਸ. ਨਗਰ: 24 ਜੁਲਾਈ, 2023: (ਕਾਰਤਿਕਾ ਸਿੰਘ/ਅਰਥ ਪ੍ਰਕਾਸ਼)::
ਚਮਕੌਰ ਸਾਹਿਬ ਹਲਕੇ ਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਚ ਪੈਂਦੇ 35 ਪਿੰਡਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਵਲੋਂ ਡਿਪਟੀ ਕਮਿਸ਼ਨਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਇਸ ਮੌਕੇ ਹਲਕਾ ਵਿਧਾਇਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖ਼ਾਨਪੁਰ, ਖਰੜ ਵਿਖੇ ਬਣਨ ਵਾਲੇ ਐੱਸ.ਟੀ.ਪੀ. ਦਾ ਕੰਮ ਮਈ 2024 ਤੱਕ ਹਰ ਹਾਲ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਦੀ ਨਿਕਾਸੀ ਤੇ ਸੀਵਰੇਜ ਬਾਬਤ ਦਿੱਕਤਾਂ ਤੋ ਨਿਜਾਤ ਮਿਲ ਸਕੇ। ਇਸ ਦੇ ਨਾਲ ਨਾਲ ਉਹਨਾਂ ਨੇ ਖ਼ੂਨੀ ਮਾਜਰਾ, ਘੜੂੰਆਂ ਅਤੇ ਕੁਰਾਲੀ ਵਿਖੇ ਬਣਾਏ ਜਾਣ ਵਾਲੇ ਐੱਸ.ਟੀ.ਪੀਜ਼ ਦੀ ਵੀ ਸਮੀਖਿਆ ਕੀਤੀ ਤੇ ਇਹ ਪ੍ਰੋਜੈਕਟ ਹਰ ਹਾਲ ਤੈਅ ਸਮੇਂ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਹਲਕਾ ਵਿਧਾਇਕ ਨੇ ਕਿਹਾ ਕਿ ਘੜੂੰਆਂ ਵਿਖੇ ਐੱਸ ਟੀ ਪੀ ਦੀ ਅਣਹੋਂਦ ਕਾਰਨ ਲੋਕਾਂ, ਖਾਸ ਕਰ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕਾਫ਼ੀ ਮੁਸ਼ਕਲਾਂ ਦਰਪੇਸ਼ ਹਨ। ਇਸ ਲਈ ਇਸ ਪ੍ਰੋਜੈਕਟ ਲਈ ਵਿਸ਼ੇਸ਼ ਉਪਰਾਲੇ ਕਰ ਕੇ ਜਲਦ ਤੋਂ ਜਲਦ ਇਹ ਪ੍ਰੋਜੈਕਟ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ।
ਡਾ. ਚਰਨਜੀਤ ਸਿੰਘ ਨੇ ਖ਼ਾਸ ਤੌਰ ਉੱਤੇ ਕੁਰਾਲੀ ਦੇ ਖੇਤਰ ਵਿਚ ਓਵਰ ਫਲੋਅ ਹੋ ਰਹੇ ਸੀਵਰੇਜ ਦੀ ਦਿੱਕਤ ਫੌਰੀ ਦੂਰ ਕਰਨ ਲਈ ਕਿਹਾ। ਕੁਰਾਲੀ ਦੇ ਆਲੇ ਦੁਆਲੇ ਬਣ ਰਹੇ ਕੌਮੀ ਮਾਰਗਾਂ ਉੱਤੇ ਕਲਵਟਸ ਅਤੇ 10 ਸਾਈਫਨਜ਼ ਜਾਂ ਪਾਣੀ ਦੇ ਲਾਂਘੇ ਬਣਾਏ ਜਾਣੇ ਯਕੀਨੀ ਬਣਾਉਣ ਲਈ ਕਿਹਾ।
ਹਲਕਾ ਵਿਧਾਇਕ ਨੇ ਘੜੂੰਆਂ ਸਬੰਧੀ 19 ਪਿੰਡਾਂ 'ਤੇ ਅਧਾਰਤ ਮਾਸਟਰ ਪਲਾਨ ਸਬੰਧੀ ਵਿਸਥਾਰ ਵਿੱਚ ਚਰਚਾ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਾਨੂੰਨ ਅਨੁਸਾਰ ਹਰ ਯੋਗ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ।ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਡਰੋਨ ਸਰਵੇਖਣ ਪੂਰਾ ਕਰ ਲਿਆ ਗਿਆ ਹੈ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਘੜੂੰਆਂ ਵਿਖੇ ਸਿਹਤ ਸਹੂਲਤਾਂ ਬਿਹਤਰ ਬਣਾਉਣ ਬਾਬਤ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਉਹਨਾਂ ਨੇ 50 ਬਿਸਤਰਿਆਂ ਦਾ ਨਵਾਂ ਹਸਪਤਾਲ ਬਨਾਉਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਲਈ ਕਿਹਾ। ਨਾਲ ਹੀ ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਲਾਲ ਡੋਰੇ ਅਧੀਨ ਆਉਂਦੇ ਖੇਤਰ ਦੇ ਲੋਕਾਂ ਨੂੰ ਬਿਜਲੀ ਦੇ ਮੀਟਰਾਂ ਸਬੰਧੀ ਦਿੱਕਤਾਂ, ਖਾਸ ਕਰ ਕੇ ਐਨ ਓ ਸੀ ਸਬੰਧੀ ਦਿਕਤਾਂ, ਦੂਰ ਕੀਤੀਆਂ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਰੰਧਾਵਾ ਰੋਡ ਉੱਤੇ ਐੱਸ ਵਾਈ ਐਲ ਉੱਤੇ ਪੁਲ ਬਣਾਉਣ ਹਿਤ ਕਾਰਵਾਈ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ ਵਿਚ ਪਾਣੀ ਦੇ ਸੈਂਪਲ ਲਗਾਤਾਰ ਲੈਕੇ ਜਾਂਚ ਕਰਨ ਦੇ ਨਿਰਦੇਸ਼ ਦਿੰਦਿਆਂ ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਵੱਖੋ ਵੱਖ ਜਲ ਸਕੀਮਾਂ ਤਹਿਤ ਪੀਣ ਵਾਲਾ ਸਾਫ ਪਾਣੀ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਇਸ ਕਾਰਜ ਦੀ ਪ੍ਰਗਤੀ ਰਿਪੋਰਟ ਲਗਾਤਾਰ ਉਹਨਾਂ ਨੂੰ ਦਿੱਤੀ ਜਾਵੇ।
ਖੇਤਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾਵੇ ਖੇਤਾਂ ਦੀ ਮਿੱਟੀ ਦੇ ਹੋਏ ਨੁਕਸਾਨ ਬਾਬਤ ਵਿਸਥਾਰਤ ਰਿਪੋਰਟ ਫੌਰੀ ਤਿਆਰ ਕੀਤੀ ਜਾਵੇ
ਸ. ਚਰਨਜੀਤ ਸਿੰਘ ਨੇ ਕਿਹਾ ਕਿ ਹੜਾਂ ਕਾਰਨ ਖਰਾਬ ਸੜਕਾਂ ਫੌਰੀ ਠੀਕ ਕੀਤੀਆਂ ਜਾਣ।
ਖੇਤਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾਵੇ ਖੇਤਾਂ ਦੀ ਮਿੱਟੀ ਦੇ ਹੋਏ ਨੁਕਸਾਨ ਬਾਬਤ ਵਿਸਥਾਰਤ ਰਿਪੋਰਟ ਫੌਰੀ ਤਿਆਰ ਕਰ ਕੇ ਲੋਕਾਂ ਨੂੰ ਰਾਹਤ ਦੇਣ ਲਈ ਹਰ ਯੋਗ ਕਦਮ ਚੁੱਕਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।