ਡਾਇਰੈਕਟਰ ਸਿਹਤ ਡਾ.ਆਦਰਸ਼ਪਾਲ ਕੌਰ ਨੇ ਦੰਦਾਂ ਸੰਬੰਧੀ ਸਿਹਤ ਸੇਵਾਵਾਂ ਦੀ ਕੀਤੀ ਸਮੀਖਿਆ
— ਦੰਦਾਂ ਦੇ ਡਾਕਟਰਾਂ ਵੱਲੋਂ ਮੂੰਹ ਦੇ ਕੈਂਸਰ ਦੀ ਜਾਂਚ ਨੂੰ ਪਹਿਲ ਦਿੱਤੀ ਜਾਵੇ: ਡਾ. ਆਦਰਸ਼ਪਾਲ ਕੌਰ
ਚੰਡੀਗੜ੍ਹ, 6 ਜੁਲਾਈ:
ਪੰਜਾਬ ਰਾਜ ਵਿੱਚ ਦੰਦਾਂ ਸੰਬੰਧੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ (ਐਨ.ਓ.ਐਚ.ਪੀ.) ਪੰਜਾਬ ਅਧੀਨ ਨਵੇਂ ਬਣਾਏ ਗਏ ਜ਼ਿਲ੍ਹਾ ਨੋਡਲ ਅਫ਼ਸਰਾਂ (ਡੀ.ਐਨ.ਓਜ਼) ਲਈ ਇੱਕ ਤਿਮਾਹੀ ਦੰਦਾਂ ਦੀ ਸਮੀਖਿਆ ਮੀਟਿੰਗ ਕਮ ਇੰਡਕਸ਼ਨ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਪ. ਭ.) ਡਾ: ਰਵਿੰਦਰ ਪਾਲ ਕੌਰ ਨੇ ਸਾਂਝੇ ਤੌਰ 'ਤੇ ਕੀਤੀ।
ਮੀਟਿੰਗ ਦਾ ਉਦੇਸ਼ ਓਰਲ ਹੈਲਥ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਦੰਦਾਂ ਦੀਆਂ ਸਾਰੀਆਂ ਓਪੀਡੀਜ਼ ਵਿੱਚ ਕੀਤੀਆਂ ਜਾਣ ਵਾਲੀਆਂ ਦੰਦਾਂ ਦੀਆਂ ਪ੍ਰਕਿਰਿਆਵਾਂ ਦੇ ਸਬੰਧ ਵਿੱਚ ਸਾਰੇ ਜ਼ਿਲ੍ਹਿਆਂ ਦੀ ਤਿਮਾਹੀ ਪ੍ਰਗਤੀ ਦੀ ਸਮੀਖਿਆ ਕਰਨਾ ਸੀ।
ਆਪਣੇ ਸੰਬੋਧਨ ਵਿੱਚ ਡਾ: ਆਦਰਸ਼ਪਾਲ ਕੌਰ ਨੇ ਸਾਰੇ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰਾਂ (ਡੀ.ਡੀ.ਐਚ.ਓਜ਼) ਅਤੇ ਡੀ.ਐਨ.ਓਜ਼ ਨੂੰ ਦੰਦਾਂ ਦੀਆਂ ਸਾਰੀਆਂ ਓ.ਪੀ.ਡੀਜ਼ ਵਿੱਚ ਪਹਿਲ ਦੇ ਆਧਾਰ 'ਤੇ ਮੂੰਹ ਦੇ ਕੈਂਸਰ ਦੀ ਸਕਰੀਨਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਉਹ ਸਮੇਂ ਸਿਰ ਰਿਪੋਰਟ ਕਰਨਾ ਯਕੀਨੀ ਬਣਾਉਣ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜੋ ਸੀਨੀਅਰ ਐਮ.ਓ. ਡੈਂਟਲ, ਡੀਡੀਐਚਓਜ਼ ਵਜੋਂ ਤਰੱਕੀ ਕਰਨ ਜਾ ਰਹੇ ਹਨ ਓਹਨਾਂ ਵਲੋਂ ਵੀ ਇੰਡਕਸ਼ਨ ਟਰੇਨਿੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ ।
ਓਰਲ ਹੈਲਥ ਕੇਅਰ ਵਿੱਚ ਜਾਗਰੂਕਤਾ ਗਤੀਵਿਧੀਆਂ ਦੀ ਮਹੱਤਤਾ ਨੂੰ ਦੇਖਦੇ ਹੋਏ ਡਾ. ਰਵਿੰਦਰ ਪਾਲ ਕੌਰ ਨੇ ਦੰਦਾਂ ਦੇ ਸਿਹਤ ਅਧਿਕਾਰੀਆਂ ਨੂੰ ਆਈਈਸੀ/ਬੀਸੀਸੀ (ਜਾਣਕਾਰੀ ਸਿੱਖਿਆ ਸੰਚਾਰ/ਵਿਵਹਾਰ ਵਿੱਚ ਤਬਦੀਲੀ ਲਈ ਸੰਚਾਰ) ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ, ਪੰਜਾਬ ਦੇ ਤਹਿਤ ਜ਼ਿਲ੍ਹਾ ਨੋਡਲ ਅਫ਼ਸਰਾਂ ਲਈ ਇੱਕ ਇੰਡਕਸ਼ਨ ਟਰੇਨਿੰਗ ਵੀ ਕਰਵਾਈ ਗਈ, ਜਿਸ ਵਿੱਚ ਐਨ.ਓ.ਐਚ.ਪੀ., ਜ਼ਿਲ੍ਹਾ ਪੀਆਈਪੀ ਫਾਰਮੂਲੇਸ਼ਨ ਅਤੇ ਈ-ਦੰਤ ਸੇਵਾ ਪੋਰਟਲ ਦੀਆਂ ਬੁਨਿਆਦੀ ਗੱਲਾਂ ਬਾਰੇ ਲੈਕਚਰ ਪੇਸ਼ਕਾਰੀ ਦਿੱਤੀ ਗਈ।
ਤਿਮਾਹੀ ਸਮੀਖਿਆ ਮੀਟਿੰਗ ਵਿੱਚ ਡਾ.ਸੁਰਿੰਦਰ ਮੱਲ ਡਿਪਟੀ ਡਾਇਰੈਕਟਰ (ਡੈਂਟਲ) ਅਤੇ ਡਾ.ਨਵਰੂਪ ਕੌਰ ਸਟੇਟ ਨੋਡਲ ਅਫ਼ਸਰ (ਐਨ.ਓ.ਐਚ.ਪੀ.) ਪੰਜਾਬ ਵੀ ਹਾਜ਼ਰ ਸਨ।
----------