Arth Parkash : Latest Hindi News, News in Hindi
ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਭ ਸਿੰਘ ਉੱਗੋਕੇ ਲਈ ਦਿੱਤੇ ਵਿਵਾਦਿਤ ਬਿਆਨ ਦੀ ‘ਆਪ ਨੇ ਕੀਤੀ ਨਿੰਦਾ, ਕਿਹਾ ਬਾਜਵਾ ਦੀ ਟਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਭ ਸਿੰਘ ਉੱਗੋਕੇ ਲਈ ਦਿੱਤੇ ਵਿਵਾਦਿਤ ਬਿਆਨ ਦੀ ‘ਆਪ ਨੇ ਕੀਤੀ ਨਿੰਦਾ, ਕਿਹਾ ਬਾਜਵਾ ਦੀ ਟਿੱਪਣੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ
Sunday, 04 Jun 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਭ ਸਿੰਘ ਉੱਗੋਕੇ ਲਈ ਦਿੱਤੇ ਵਿਵਾਦਿਤ ਬਿਆਨ ਦੀ ‘ਆਪ ਨੇ ਕੀਤੀ ਨਿੰਦਾ, ਕਿਹਾ ਬਾਜਵਾ ਦੀ ਟਿੱਪਣੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ

ਪ੍ਰਤਾਪ ਬਾਜਵਾ ਨੇ ਦੱਸ ਦਿੱਤਾ ਕਿ ਉਸਦੇ ਜ਼ਹਿਨ ਵਿੱਚ ਗਰੀਬਾਂ ਅਤੇ ਪੱਛੜੇ ਲੋਕਾਂ ਲਈ ਬਹੁਤ ਜ਼ਹਿਰ ਹੈ, ਉਹ ਦਲਿਤਾਂ ਨੂੰ ਇਨਸਾਨ ਵੀ ਨਹੀਂ ਸਮਝਦੇ- ਹਰਪਾਲ ਸਿੰਘ ਚੀਮਾ

ਰਾਜੇ ਰਜਵਾੜਿਆਂ ਨੂੰ ਇੱਕ ਮੋਬਾਇਲ ਰਿਪੇਅਰ ਕਰਨ ਵਾਲੇ ਨੌਜਵਾਨ ਦਾ ਵਿਧਾਇਕ ਬਣਨਾ ਹਜ਼ਮ ਨਹੀਂ ਹੋ ਰਿਹਾ- ਹਰਪਾਲ ਚੀਮਾ

ਪ੍ਰਤਾਪ ਬਾਜਵਾ ਨੇ ਜੇਕਰ ਸਿਰਫ਼ ਮੇਰਾ ਅਪਮਾਨ ਕੀਤਾ ਹੁੰਦਾ ਤਾਂ ਮੈਂ ਸਹਿ ਲੈਂਦਾ, ਪਰ ਉਸਨੇ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਇੱਕ ਦਾ ਅਪਮਾਨ ਕੀਤਾ ਹੈ- ਲਾਭ ਸਿੰਘ ਉੱਗੋਕੇ

ਚਾਂਦੀ ਦੇ ਚਮਚੇ ਮੂੰਹ 'ਚ ਲੈਕੇ ਜੰਮਿਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜਿੰਨ੍ਹਾਂ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਸਨ, ਉਹ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸਾਹਮਣੇ ਬੈਠ ਗਏ- ਉੱਗੋਕੇ

ਬਾਜਵੇ ਵਰਗੇ ਲੋਕਾਂ ਨੇ ਦਲਿਤਾਂ ਨੂੰ ਇਨਸਾਨ ਨਹੀਂ ਪਦਾਰਥ ਸਮਝਿਆ, ਇਨ੍ਹਾਂ ਦੀ ਸੌੜੀ ਮਾਨਸਿਕਤਾ ਨੂੰ ਪੰਜਾਬ ਨੇ 2022 ਵਿੱਚ ਨਕਾਰ ਦਿੱਤਾ ਹੈ- ਮੰਤਰੀ ਹਰਭਜਨ ਸਿੰਘ ਈਟੀਓ

ਚੰਡੀਗੜ੍ਹ, 05 ਜੂਨ

ਪ੍ਰਤਾਪ ਸਿੰਘ ਬਾਜਵਾ ਨੇ ਲਾਭ ਸਿੰਘ ਉੱਗੋਕੇ ਰਾਹੀਂ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕਰ ਗਰੀਬ ਅਤੇ ਪੱਛੜੇ ਲੋਕਾਂ ਪ੍ਰਤੀ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜਿੰਨ੍ਹਾਂ ਨੂੰ ਇਹ ਹੁਣ ਤੱਕ ਪੈਰ ਦੀ ਜੁੱਤੀ ਸਮਝਦੇ ਸਨ, ਉਹ ਕਿਵੇਂ ਅੱਜ ਵਿਧਾਇਕ ਬਣ ਵਿਧਾਨ ਸਭਾ ਵਿੱਚ ਇਨ੍ਹਾਂ ਦੇ ਸਾਹਮਣੇ ਬੈਠ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਹਫ਼ਤੇ ਵਿੱਚ ਮਾਫ਼ੀ ਮੰਗਣ ਦੀ ਚੇਤਾਵਨੀ ਦਿੱਤੀ।

ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸੀਨੀਅਰ 'ਆਪ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਅਤੇ ਦਲਿਤ ਭਾਈਚਾਰੇ ਦੇ ਕੀਤੇ ਅਪਮਾਨ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਵਰਗੇ ਲੋਕਾਂ ਦੇ ਦਿਮਾਗ ਵਿੱਚ ਗਰੀਬਾਂ ਲਈ ਨਫ਼ਰਤ ਹੈ ਅਤੇ ਜਿੰਨ੍ਹਾਂ ਦਲਿਤਾਂ ਅਤੇ ਸਮਾਜ ਦੇ ਪੱਛੜੇ ਲੋਕਾਂ ਨੂੰ ਇਹ ਅਮੀਰ ਲੋਕ ਇਨਸਾਨ ਮੰਨਣ ਲਈ ਵੀ ਤਿਆਰ ਨਹੀਂ ਸਨ, ਉਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਵੋਟ ਪਾਉਣ ਦਾ ਅਧਿਕਾਰ ਦੇਕੇ ਬਰਾਬਰ ਸੰਵਿਧਾਨਕ ਹੱਕ ਦਿਵਾਏ।

ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੀ ਤਰੱਕੀ ਲਈ ਲਏ ਜਾ ਰਹੇ ਫ਼ੈਸਲਿਆਂ ਅਤੇ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਕਰਨ ਲਈ ਵਿੱਢੀ ਮੁਹਿੰਮ ਤੋਂ ਘਬਰਾਏ ਹੋਏ ਹਨ ਅਤੇ ਆਪਣੇ ਇਸੇ ਡਰ ਕਾਰਨ ਅਕਾਲੀ-ਕਾਂਗਰਸੀ ਹਰ ਆਏ ਦਿਨ ਆਪੇ ਤੋਂ ਬਾਹਰ ਹੋਕੇ ਅਜਿਹੇ ਘਟੀਆ ਬਿਆਨ ਦਿੰਦੇ ਰਹਿੰਦੇ ਨੇ। ਹਰਪਾਲ ਚੀਮਾ ਨੇ ਭਦੌੜ ਤੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉੱਗੋਕੇ ਇੱਕ ਮਿਹਨਤੀ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਵਾਲਾ ਨੌਜਵਾਨ ਆਗੂ ਹੈ। ਇਹ ਉੱਗੋਕੇ ਹੀ ਹੈ ਜਿਸਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮੁੱਖ-ਮੰਤਰੀ ਨੂੰ 38 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਅਜਿਹੇ ਲੋਕਾਂ ਦੇ ਆਗੂ ਖ਼ਿਲਾਫ਼ ਬਾਜਵੇ ਵੱਲੋਂ ਕੀਤੀਆਂ ਸ਼ਰਮਨਾਕ ਟਿੱਪਣੀਆਂ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦੇ।  

ਚੀਮਾ ਨੇ ਅੱਗੇ ਕਿਹਾ ਕਿ ਅੱਜ 'ਆਪ ਸਰਕਾਰ ਵਿੱਚ ਵਿਧਾਇਕ ਅਤੇ ਮੰਤਰੀ ਬਣੇ ਬਹੁਤੇ ਆਗੂ ਇਨ੍ਹਾਂ ਹੀ ਦਲਿਤ, ਪੱਛੜੇ ਅਤੇ ਗਰੀਬ ਪਰਿਵਾਰਾਂ 'ਚੋਂ ਉੱਠਕੇ ਆਏ ਹਨ। ਇਨ੍ਹਾਂ ਸਭ ਨੇ ਆਪਣੇ ਹਾਲਾਤਾਂ ਨਾਲ ਜੂਝਦਿਆਂ, ਸਖ਼ਤ ਮਿਹਨਤ ਕਰਦਿਆਂ ਆਪਣੀਆਂ ਡਿਗਰੀਆਂ ਹਾਸਿਲ ਕੀਤੀਆਂ ਅਤੇ ਕੋਈ ਡਾਕਟਰ, ਕੋਈ ਅਫ਼ਸਰ ਬਣਿਆ। ਆਪਣੇ ਬਲਬੂਤੇ ਇੰਝ ਕਿਸੇ ਮੁਕਾਮ ਤੇ ਪਹੁੰਚਣ ਵਾਲਿਆਂ ਦੀ ਸਫ਼ਲਤਾ ਅੱਜ ਰਾਜੇ-ਰਜਵਾੜਿਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਵਿੱਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੇਤਾਵਨੀ ਦਿੰਦਿਆਂ ਇੱਕ ਹਫ਼ਤੇ ਵਿੱਚ ਆਪਣੇ ਘਟੀਆ ਬਿਆਨ ਲਈ ਮਾਫ਼ੀ ਮੰਗਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜ੍ਹਗੇ ਸਮੇਤ ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਬਾਜਵਾ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਪਾਰਟੀ 'ਚੋਂ ਬਾਹਰ ਕੱਢਣ ਲਈ ਕਿਹਾ।

ਇਸ ਮੌਕੇ ਹਾਜ਼ਿਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਪ੍ਰਤਾਪ ਬਾਜਵਾ ਦੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਸਾਨੂੰ ਇਨਸਾਨ ਨਹੀਂ ਪਦਾਰਥ ਸਮਝਦਾ ਹੈ ਅਤੇ ਸ਼ਰੇਆਮ ਕਹਿੰਦਾ ਹੈ ਕਿ 'ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਸਾਹਮਣੇ ਕਿਹੜਾ ਮੈਟੀਰੀਅਲ ਬੈਠਾ ਹੈ!' ਅਸੀਂ ਮੈਟੀਰੀਅਲ ਨਹੀਂ ਲੱਖਾਂ ਲੋਕਾਂ ਦੇ ਪ੍ਰਤੀਨਿਧ ਹਾਂ। ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਰਾਹੀਂ ਚੁਣਕੇ ਆਏ ਲੋਕਾਂ ਨੂੰ ਪਦਾਰਥ ਕਹਿਕੇ ਬਾਜਵਾ ਨੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।

ਈਟੀਓ ਨੇ ਪ੍ਰਤਾਪ ਬਾਜਵਾ ਤੇ ਹਮਲਾ ਬੋਲਦਿਆਂ ਕਿਹਾ ਕਿ, "ਤੁਹਾਡੀ ਪਾਰਟੀ ਦਲਿਤਾਂ ਨੂੰ ਪਦਾਰਥ ਜਾਂ ਵਸਤੂ ਹੀ ਸਮਝਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਬੇਜ਼ਮੀਨੇ, ਗਰੀਬ ਲੋਕਾਂ ਨੂੰ ਅਸੀਂ ਜਦ ਮਰਜ਼ੀ ਖਰੀਦ ਲਈਏ, ਜਦ ਮਰਜ਼ੀ ਵੇਚ ਦੇਈਏ, ਇਨ੍ਹਾਂ ਕਦੇ ਕੁਝ ਨਹੀਂ ਕਹਿਣਾ।" ਮੰਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਅਤੇ ਵਿਧਾਇਕ ਸਭ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ। ਇਹ ਨਾ ਝੁਕਣ ਵਾਲਿਆਂ ਵਿੱਚੋਂ ਨੇ, ਵਿਕਣ ਵਾਲਿਆਂ 'ਚੋਂ! ਪੰਜਾਬ ਦੇ ਲੋਕ ਅਕਾਲੀ-ਕਾਂਗਰਸੀਆਂ ਦੀ ਇਸ ਮਾਨਸਿਕਤਾ ਨੂੰ 2022 ਵਿੱਚ ਨਕਾਰ ਚੁੱਕੇ ਹਨ।

ਲਾਭ ਸਿੰਘ ਉੱਗੋਕੇ ਦੀ ਤਾਰੀਫ਼ ਕਰਦਿਆਂ ਹਰਭਜਨ ਈਟੀਓ ਨੇ ਕਿਹਾ ਕਿ ਉੱਗੋਕੇ ਮਿਹਨਤੀ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਵਿਧਾਨ ਸਭਾ ਤੱਕ ਪਹੁੰਚਿਆ, ਇਹੀ ਗੱਲ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਈਟੀਓ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਮੁਬਾਇਲ ਰਿਪੇਅਰ ਕਰਨ ਵਾਲੇ, ਲੇਬਰ ਕਰਨ ਵਾਲੇ ਜਾਂ ਰੇਹੜ੍ਹੀ ਵਾਲੇ ਦਾ ਦੇਸ਼ ਦੀ ਤਰੱਕੀ ਜਾਂ ਜੀਡੀਪੀ ਵਿੱਚ ਕੋਈ ਯੋਗਦਾਨ ਨਹੀਂ? 

ਪ੍ਰਤਾਪ ਬਾਜਵਾ ਨੇ ਜੇਕਰ ਸਿਰਫ਼ ਮੇਰਾ ਅਪਮਾਨ ਕੀਤਾ ਹੁੰਦਾ ਤਾਂ ਮੈਂ ਸਹਿ ਲੈਂਦਾ, ਪਰ ਉਸਨੇ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਇੱਕ ਦਾ ਅਪਮਾਨ ਕੀਤਾ ਹੈ- ਲਾਭ ਸਿੰਘ ਉੱਗੋਕੇ

ਚਾਂਦੀ ਦੇ ਚਮਚੇ ਮੂੰਹ 'ਚ ਲੈਕੇ ਜੰਮਿਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜਿੰਨ੍ਹਾਂ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਸਨ, ਉਹ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸਾਹਮਣੇ ਬੈਠ ਗਏ- ਉੱਗੋਕੇ

ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਭਦੌੜ ਤੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪ੍ਰਤਾਪ ਬਾਜਵਾ ਦੇ ਮੁਬਾਇਲ ਰਿਪੇਅਰ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜੇਕਰ ਸਿਰਫ਼ ਮੇਰਾ ਅਪਮਾਨ ਕੀਤਾ ਹੁੰਦਾ ਤਾਂ ਮੈਂ ਸਹਿ ਲੈਂਦਾ, ਪਰ ਉਸਨੇ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਇੱਕ ਦਾ ਅਪਮਾਨ ਕੀਤਾ ਹੈ। ਉਹ ਕਿਰਤੀ ਲੋਕ ਜਿੰਨ੍ਹਾਂ ਦੀ ਤਾਰੀਫ਼ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਹੈ, ਬਾਜਵਾ ਉਨ੍ਹਾਂ ਦਾ ਹੀ ਅਪਮਾਨ ਕਰ ਰਹੇ ਹਨ। ਇਨ੍ਹਾਂ ਦੀ ਸ਼ਬਦਾਬਲੀ ਵਿੱਚ ਕਿਰਤੀਆਂ, ਦਲਿਤਾਂ ਅਤੇ ਗਰੀਬਾਂ ਲਈ ਜ਼ਹਿਰ ਅਤੇ ਗੁੱਸਾ ਸਾਫ਼ ਝਲਕਦਾ ਹੈ। 

ਉੱਗੋਕੇ ਨੇ ਕਿਹਾ ਕਿ ਪਿੰਡ ਵਿੱਚ ਮੁਬਾਇਲ ਰਿਪੇਅਰ ਦੀ ਦੁਕਾਨ ਕਰ ਆਪਣੀ ਮਿਹਨਤ ਦੀ ਕਮਾਈ ਨਾਲ ਮੈਂ ਆਪਣਾ ਪਰਿਵਾਰ ਚਲਾਉਂਦਾ ਹਾਂ। ਅੱਜ ਜੇਕਰ ਮੈਂ ਵਿਧਾਨ ਸਭਾ ਵਿੱਚ ਹਾਂ ਤਾਂ ਸਿਰਫ਼ ਲੋਕਾਂ ਅਤੇ ਪਾਰਟੀ ਦੀ ਬਦੌਲਤ। ਇਹੀ ਗੱਲ ਇਨ੍ਹਾਂ ਚਾਂਦੀ ਦੇ ਚਮਚੇ ਮੂੰਹ 'ਚ ਲੈਕੇ ਜੰਮਿਆਂ ਨੂੰ ਹਜ਼ਮ ਨਹੀਂ ਹੋ ਰਹੀ ਕਿ ਜਿੰਨ੍ਹਾਂ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਸਨ, ਉਹ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸਾਹਮਣੇ ਕਿਵੇਂ ਬੈਠ ਗਏ! 

ਉੱਗੋਕੇ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਬਦੌਲਤ ਅਸੀਂ ਜਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਵਧਣ ਦੇ ਬਰਾਬਰ ਅਧਿਕਾਰ ਮਿਲੇ ਹਨ। ਪਰ ਝੂਠ ਬੋਲਕੇ ਸੱਤਾ ਦੀ ਕੁਰਸੀ ਚੜ੍ਹੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕਾਂ ਦੀ ਸੌੜੀ ਮਾਨਸਿਕਤਾ ਵਾਲੇ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉੱਗੋਕੇ ਨੇ ਬਾਜਵਾ ਤੋਂ ਜਨਤਕ ਮਾਫ਼ੀ ਦੀ ਮੰਗ ਕਰਦਿਆਂ ਆਪਣੇ ਸ਼ਬਦ ਵਾਪਸ ਲੈਣ ਲਈ ਚੇਤਾਵਨੀ ਦਿੱਤੀ। 

ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕੈਬਨਿਟ ਮੰਤਰੀ ਡਾ: ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡੀ.ਸੀ.ਪੀ ਬਲਕਾਰ ਸਿੰਘ, ਲਾਲਚੰਦ ਕਟਾਰੂਚੱਕ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਪ੍ਰੋਫੈਸਰ ਬੁੱਧਰਾਮ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਡਾ: ਚਰਨਜੀਤ ਸਿੰਘ ਚੰਨੀ, ਰੁਪਿੰਦਰ ਸਿੰਘ ਹੈਪੀ, ਹਾਕਮ ਸਿੰਘ ਠੇਕੇਦਾਰ, ਮਨਵਿੰਦਰ ਸਿੰਘ ਸ. ਗਿਆਸਪੁਰਾ, ਡਾ.ਰਵਜੋਤ ਸਿੰਘ, ਅਮੋਲਕ ਸਿੰਘ ਅਤੇ ਸਾਥੀ ਹਾਜ਼ਰ ਸਨ