Arth Parkash : Latest Hindi News, News in Hindi
ਚੰਨੀ ਦੇ ਭਤੀਜੇ ਦੇ ਘਟੀਆ ਕਾਰਨਾਮਿਆਂ ਦਾ ਕੀਤਾ ਪਰਦਾਫਾਸ਼ ਚੰਨੀ ਦੇ ਭਤੀਜੇ ਦੇ ਘਟੀਆ ਕਾਰਨਾਮਿਆਂ ਦਾ ਕੀਤਾ ਪਰਦਾਫਾਸ਼
Tuesday, 30 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 

 

*ਮੁੱਖ ਮੰਤਰੀ ਵੱਲੋਂ ਚੰਨੀ ਬਾਰੇ ਸਨਸਨੀਖ਼ੇਜ਼ ਖੁਲਾਸੇ*

 

*ਚੰਨੀ ਦੇ ਭਤੀਜੇ ਦੇ ਘਟੀਆ ਕਾਰਨਾਮਿਆਂ ਦਾ ਕੀਤਾ ਪਰਦਾਫਾਸ਼* 

 

 

*ਪ੍ਰਤਿਭਾਵਾਨ ਕ੍ਰਿਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ* 

 

 *ਚੰਨੀ ਦੇ ਭਤੀਜੇ ਜਸ਼ਨ ਨੇ ਖਿਡਾਰੀ ਪਾਸੋਂ ਨੌਕਰੀ ਬਦਲੇ ਪੈਸੇ ਮੰਗੇ*

 

*ਆਪਣੇ ਜ਼ਮੀਰ ਅੰਦਰ ਝਾਤੀ ਮਾਰਨ ਚੰਨੀ ਕਿਉਂਕਿ ਇਹ ਗੰਦੀ ਖੇਡ ਉਨ੍ਹਾਂ ਦੇ ਇਸ਼ਾਰੇ ਤੋਂ ਬਿਨਾਂ ਸੰਭਵ ਨਹੀਂ ਸੀ*

 

*ਨੌਜਵਾਨੀ ਬਰਬਾਦ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ*

 

ਚੰਡੀਗੜ੍ਹ, 31 ਮਈ 

ਨੌਕਰੀ ਬਦਲੇ ਪੈਸੇ ਮੰਗਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਪਰਦਾਫਾਸ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕ੍ਰਿਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਪਾਸੋਂ ਨੌਕਰੀ ਦੇਣ ਬਦਲੇ ਰਿਸ਼ਵਤ ਮੰਗੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਸਾਹਮਣੇ ਇਸ ਕੇਸ ਨਾਲ ਜੁੜੇ ਤੱਥ ਵੀ ਪੇਸ਼ ਕੀਤੇ।

ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਜਸ਼ਨ ਨੇ ਜਸਇੰਦਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦਾ ਟੈਸਟ ਕਲੀਅਰ ਕਰਨ ਦੇ ਇਵਜ਼ ਵਿਚ ਨੌਕਰੀ ਦੇਣ ਲਈ ਉਸ ਪਾਸੋਂ 2 ਕਰੋੜ ਰੁਪਏ ਰਿਸ਼ਵਤ ਮੰਗੀ ਸੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਸ਼ਰੇਆਮ ਨੌਕਰੀਆਂ ਵਿਕਦੀਆਂ ਸਨ ਜਿਸ ਨਾਲ ਇਸ ਪ੍ਰਤਿਭਾਵਾਨ ਖਿਡਾਰੀ ਦਾ ਸ਼ਾਨਦਾਰ ਖੇਡ ਜੀਵਨ ਤਬਾਹ ਹੋ ਗਿਆ। ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ ਤੇ ਉਨ੍ਹਾਂ ਦੇ ਪਿਤਾ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਇਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਤਤਕਾਲੀ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਉਨ੍ਹਾਂ (ਸਾਬਕਾ ਮੁੱਖ ਮੰਤਰੀ) ਨੂੰ ਸਮੁੱਚੇ ਕੇਸ ਬਾਰੇ ਜਾਣੂੰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਚੰਨੀ ਨੇ ਇਹ ਕੇਸ ਪ੍ਰਵਾਨਗੀ ਲਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆਉਣ ਲਈ ਸਹਿਮਤੀ ਦਿੱਤੀ ਸੀ ਪਰ ਜਸਇੰਦਰ ਨੂੰ ਜਸ਼ਨ ਨੂੰ ਜਾ ਕੇ ਮਿਲਣ ਲਈ ਆਖਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਜਸਇੰਦਰ ਤੇ ਉਸ ਦੇ ਪਿਤਾ ਚੰਨੀ ਦੇ ਭਤੀਜੇ ਨੂੰ ਮਿਲੇ ਤਾਂ ਉਸ ਨੇ ਨੌਕਰੀ ਲਈ 2 ਕਰੋੜ ਰੁਪਏ ਦੇਣ ਦੀ ਮੰਗ ਕੀਤੀ। 

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਇਕ ਸਮਾਗਮ ਦੌਰਾਨ ਜਸਇੰਦਰ ਅਤੇ ਉਸ ਦੇ ਪਿਤਾ ਦੀ ਜਨਤਕ ਤੌਰ 'ਤੇ ਝਾੜ-ਝੰਬ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਇਸ ਰਵੱਈਏ ਕਾਰਨ ਜਸਇੰਦਰ ਨੂੰ ਨੌਕਰੀ ਨਹੀਂ ਮਿਲ ਸਕੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਰਧਾਰਤ ਮਾਪਦੰਡਾਂ ਅਨੁਸਾਰ ਜਸਇੰਦਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹੇ ਗਲਤ ਕੰਮਾਂ ਰਾਹੀਂ ਸੂਬੇ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਸੂਬੇ ਅਤੇ ਇਸ ਦੀ ਜਵਾਨੀ ਵਿਰੁੱਧ ਘਿਨਾਉਣੀਆਂ ਹਰਕਤਾਂ ਕੀਤੀਆਂ, ਉਸ ਨੂੰ ਹਰਗਿਜ਼ ਬਖ਼ਸ਼ਿਆ ਨਹੀਂ ਜਾਵੇਗਾ।

ਸਾਬਕਾ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਕੇਸ ਦਾ ਕੋਈ ਇਲਮ ਨਾ ਹੋਣ ਬਾਰੇ ਕੀਤੇ ਖੇਖਣ ’ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਜ਼ਮੀਰ ਅੰਦਰ ਝਾਤੀ ਮਾਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਦੇ ਮਾੜੇ ਕਾਰਨਾਮਿਆਂ ਕਾਰਨ ਪੂਰਾ ਪੰਜਾਬ ਅਤੇ ਖਾਸ ਕਰਕੇ ਖੇਡ ਖੇਤਰ ਨੂੰ ਸ਼ਰਮਸਾਰ ਹੋਣਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ, ਜੋ ਕਿ ਰਣਜੀ ਟਰਾਫੀ ਦਾ ਸਾਬਕਾ ਖਿਡਾਰੀ ਹੈ ਅਤੇ ਕਈ ਨਾਮੀਂ ਟੂਰਨਾਮੈਂਟਾਂ ਵਿੱਚ ਖੇਡ ਚੁੱਕਾ ਹੈ, ਨੇ ਖੇਡ ਕੋਟੇ ਤਹਿਤ ਪੀ.ਪੀ.ਐਸ.ਸੀ. ਰਾਹੀਂ ਨੌਕਰੀ ਲਈ ਅਰਜ਼ੀ ਦਿੱਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ ਜਿਸ ਨੂੰ ਖੇਡ ਵਿਭਾਗ ਵੱਲੋਂ ਬੀ ਗਰੇਡਿੰਗ ਦਿੱਤੀ ਗਈ ਸੀ, ਨੇ ਖੇਡ ਵਰਗ ਦੇ ਕਟਆਫ਼ ਦੇ ਮੁਕਾਬਲੇ 198.5 ਅੰਕ ਪ੍ਰਾਪਤ ਕੀਤੇ ਜਦਕਿ ਖੇਡ ਕੈਟਾਗਰੀ ਦੇ 132.5 ਅੰਕ ਸਨ। ਉਨ੍ਹਾਂ ਕਿਹਾ ਕਿ ਜਸਇੰਦਰ ਨੂੰ ਜਨਰਲ ਕੈਟਾਗਰੀ ਵਿੱਚ ਵਿਚਾਰਿਆ ਗਿਆ ਸੀ ਜਦੋਂਕਿ ਉਸ ਨੇ ਅਪਲਾਈ ਖੇਡ ਕੋਟੇ ਤਹਿਤ ਕੀਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਨਿਰਾਸ਼ ਜਸਇੰਦਰ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਜਿਨ੍ਹਾਂ ਦੇ ਓ.ਐਸ.ਡੀ. ਐਮ.ਪੀ. ਸਿੰਘ ਨੇ ਉਨ੍ਹਾਂ ਨੂੰ ਸਾਰਾ ਕੇਸ ਪੜ੍ਹ ਕੇ ਸੁਣਾਇਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਘੋਖ ਕਰਕੇ ਪ੍ਰਵਾਨਗੀ ਲਈ ਮੰਤਰੀ ਮੰਡਲ ਅੱਗੇ ਰੱਖਣ ਲਈ ਕਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਨੂੰ ਅਹੁਦੇ ਤੋਂ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੀ ਨੌਕਰੀ ਬਦਲੇ ਪੈਸੇ ਦੀ ਘਟੀਆ ਖੇਡ ਸ਼ੁਰੂ ਹੋ ਗਈ।

ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੇ ਮਾਫੀਆ ਨੂੰ ਸਿਰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸੂਬੇ ਦੀ ਦੌਲਤ ਲੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭ੍ਰਿਸ਼ਟਾਚਾਰ ਵਿੱਚ ਡੁੱਬੇ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ ਜੋ ਕਿ ਇਸ ਸਮੇਂ ਕਿੰਗਜ਼ ਇਲੈਵਨ ਕ੍ਰਿਕਟ ਟੀਮ ਵੱਲੋਂ ਖੇਡ ਰਿਹਾ ਹੈ, ਨੇ ਹਾਲ ਹੀ ਵਿੱਚ ਧਰਮਸ਼ਾਲਾ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲਕਦਮੀ ਕੀਤੀ ਪਰ ਦੂਜੇ ਪਾਸੇ ਚੰਨੀ ਵਰਗੇ ਲੋਕਾਂ ਨੇ ਖੇਡਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੀ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਅਤੇ ਉੱਭਰਦੇ ਖਿਡਾਰੀਆਂ ਲਈ ਨਕਦ ਇਨਾਮ ਸਮੇਤ ਲਏ ਗਏ ਹੋਰ ਕਦਮ ਵੀ ਚੁੱਕੇ ਗਏ।