Arth Parkash : Latest Hindi News, News in Hindi
ਵਿਜੀਲੈਂਸ ਬਿਉਰੋ ਵੱਲੋਂ ਏ.ਆਈ.ਜੀ. ਆਸ਼ੀਸ਼ ਕਪੂਰ ਵਿੱਤ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ* ਵਿਜੀਲੈਂਸ ਬਿਉਰੋ ਵੱਲੋਂ ਏ.ਆਈ.ਜੀ. ਆਸ਼ੀਸ਼ ਕਪੂਰ ਵਿੱਤ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ
Tuesday, 30 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਜਾਬ ਵਿਜੀਲੈਂਸ ਬਿਉਰੋ 

*ਵਿਜੀਲੈਂਸ ਬਿਉਰੋ ਵੱਲੋਂ ਏ.ਆਈ.ਜੀ. ਆਸ਼ੀਸ਼ ਕਪੂਰ ਵਿੱਤ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ*

_ਪੀ.ਪੀ.ਐਸ. ਅਧਿਕਾਰੀ ਨੇ ਨੌਕਰੀ ਦੌਰਾਨ ਕੁੱਲ ਆਮਦਨ ਤੋਂ 129.3 ਫੀਸਦ ਵੱਧ ਖਰਚਾ ਕੀਤਾ_

*ਮੁਹਾਲੀ ਦੀ ਅਦਾਲਤ ਵੱਲੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ, ਵਿਜੀਲੈਂਸ ਬਿਊਰੋ ਕੀਤਾ ਹਵਾਲੇ*

ਚੰਡੀਗੜ੍ਹ 31 ਮਈ : ਪੰਜਾਬ ਵਿਜੀਲੈਂਸ ਬਿਉਰੋ ਨੇ ਪੰਜਾਬ ਪੁਲਿਸ ਦੇ ਏ.ਆਈ.ਜੀ. ਆਸ਼ੀਸ਼ ਕਪੂਰ ਪੀ.ਪੀ.ਐਸ. ਵੱਲੋਂ ਨੌਕਰੀ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਨਾਜਾਇਜ਼ ਢੰਗ ਨਾਲ ਬੇਹਿਸਾਬ ਮਹਿੰਗੀਆਂ ਅਚੱਲ ਤੇ ਚੱਲ ਜਾਇਦਾਦਾਂ ਬਣਾਉਣ ਦੇ ਦੋਸ਼ ਸਾਬਤ ਹੋਣ ਪਿੱਛੋਂ ਆਸ਼ੀਸ਼ ਕਪੂਰ ਅਤੇ ਉਸ ਦੀ ਪਤਨੀ ਕਮਲ ਕਪੂਰ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 
ਮੁਲਜ਼ਮ ਅਸ਼ੀਸ਼ ਕਪੂਰ ਨੂੰ ਕੇਂਦਰੀ ਜੇਲ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵਿਜੀਲੈਂਸ ਬਿਉਰੋ ਨੂੰ ਅਗਲੀ ਪੁੱਛਗਿੱਛ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ। 
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਤੇ ਉਸਦੀ ਪਤਨੀ ਖਿਲਾਫ ਇੱਕ ਵਿਜੀਲੈਂਸ ਪੜਤਾਲ ਉਪਰੰਤ ਮੁਕੱਦਮਾ ਨੰਬਰ 21 ਮਿਤੀ 30-05-2023, ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ 13 (1)(ਬੀ), 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਉਰੋ, ਉਡਣ ਦਸਤਾ-1, ਪੰਜਾਬ, ਮੋਹਾਲੀ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਆਸ਼ੀਸ਼ ਕਪੂਰ ਤੇ ਉਸ ਦੀ ਪਤਨੀ ਕਮਲ ਕਪੂਰ ਦੇ ਨਾਮ ਉਪਰ ਚੈੱਕ ਪੀਰੀਅਡ ਮਿਤੀ 01-08-2017 ਤੋਂ ਮਿਤੀ 31-08-2022 ਦੇ ਅਰਸੇ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਨਾਜਾਇਜ਼ ਢੰਗ ਨਾਲ ਹਾਸਲ ਕੀਤੀਆਂ ਬੇਹਿਸਾਬੀਆਂ ਮਹਿੰਗੀਆਂ ਅਚੱਲ ਜਾਇਦਾਦਾਂ ਮੌਜੂਦ ਹਨ ਜਿੰਨ੍ਹਾਂ ਦੀ ਬਾਜ਼ਾਰੀ ਕੀਮਤ ਰਜਿਸਟਰਡ ਕੀਮਤ ਨਾਲੋਂ ਕਾਫੀ ਜਿਆਦਾ ਹੈ। 
ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਵਿੱਚ ਸਾਲ 2020 ਵਿੱਚ ਕੋਨੇ ਵਾਲਾ ਰਿਹਾਇਸ਼ੀ ਪਲਾਟ ਨੰਬਰ 2010, ਰਕਬਾ 507.5 ਵਰਗ ਗਜ, ਸੈਕਟਰ-88, ਮੁਹਾਲੀ ਵਿਖੇ 90,16,100 ਰੁਪਏ ਵਿੱਚ ਖਰੀਦਿਆ ਹੈ। ਉਕਤ ਪਲਾਟ ਉਪਰ ਸਾਲ 2020-2022 ਦੌਰਾਨ ਨਵੀਨਤਮ ਸਹੂਲਤਾਂ ਸਮੇਤ ਆਲੀਸ਼ਾਨ ਦੋ ਮੰਜਿਲਾ ਕੋਠੀ ਦੀ ਉਸਾਰੀ ਕੀਤੀ ਜਿਸ ਉਪਰ ਅਨੁਮਾਨਤ ਖਰਚਾ 2,00,00,000 ਰੁਪਏ ਆਇਆ ਸੀ। ਇਸੇ ਤਰਾਂ ਪਿਛਲੇ ਸਾਲ 2022 ਵਿੱਚ ਉਨਾਂ 'ਦਿ ਪਾਮ ਕਾਲੋਨੀ, ਨਿਓ ਚੰਡੀਗੜ੍ਹ, ਮੁਹਾਲੀ ਵਿੱਚ 34,13,663 ਰੁਪਏ ਦੀ ਲਾਗਤ ਨਾਲ 241.11 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਨੰਬਰ 397 ਖ੍ਰੀਦ ਕੀਤਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 63 ਦੇ ਬਲਾਕ ਨੰਬਰ-ਬੀ ਵਿੱਚ ਤਿੰਨ ਕਮਰਿਆਂ ਦਾ ਫਲੈਟ ਨੰਬਰ 2021 ਕੁੱਲ 20,41,65,400 ਰੁਪਏ ਵਿੱਚ ਖਰੀਦਿਆ। ਉਨਾਂ ਦੱਸਿਆ ਕਿ ਲਵੀਨ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵਿਚ ਅਸ਼ੀਸ਼ ਕਪੂਰ ਦੀ ਪਤਨੀ ਦਾ 1/3 ਹਿੱਸਾ ਹੈ ਜਿਸ ਵਿੱਚ ਉਸ ਵੱਲੋਂ 15 ਲੱਖ ਰੁਪਏ ਨਿਵੇਸ਼ ਕੀਤੇ ਹੋਏ ਹਨ।
ਉਕਤ ਤੋਂ ਇਲਾਵਾ ਆਸ਼ੀਸ਼ ਕਪੂਰ ਵੱਲੋਂ ਪਰਿਵਾਰ ਸਮੇਤ ਵਿਦੇਸ਼ੀ ਦੌਰਿਆਂ ਅਤੇ ਐਸ਼ੋ-ਅਰਾਮ ਦੀ ਜਿੰਦਗੀ ਬਿਤਾਉਣ ਉਪਰ ਲੱਖਾਂ ਰੁਪਏ ਖਰਚ ਕੀਤੇ ਗਏ।  ਇਸ ਤੋਂ ਇਲਾਵਾ ਉਕਤ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ (ਐਚ.ਯੂ.ਐਫ) ਅਤੇ ਉਸਦੀ ਪਤਨੀ ਕਮਲ ਕਪੂਰ ਦੇ ਨਾਮ ਉਪਰ ਵੱਖ-ਵੱਖ ਬੈਂਕਾਂ ਵਿੱਚ ਤਕਰੀਬਨ 10 ਬੈਂਕ ਖਾਤੇ ਖੁੱਲੇ ਹੋਏ ਹਨ ਜਿੰਨ੍ਹਾਂ ਵਿੱਚ ਤਕਰੀਬਨ 65,00,000 ਰੁਪਏ ਜਮਾਂ ਹੋਣੇ ਪਾਏ ਹਨ। ਉਕਤ ਮਿਥੇ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ (ਐਚ.ਯੂ.ਐਫ) ਤੇ ਉਸਦੀ ਪਤਨੀ ਕਮਲ ਕਪੂਰ ਕੋਲ ਉਨ੍ਹਾਂ ਦੀ ਆਮਦਨੀ ਦੇ ਜਾਣੂ ਸ੍ਰੋਤਾਂ ਤੋਂ ਕੁੱਲ ਆਮਦਨ 2,44,64,871 ਰੁਪਏ ਹੋਣੀ ਪਾਈ ਗਈ ਜਦਕਿ ਇਸੇ ਅਰਸੇ ਦੌਰਾਨ ਉਨਾਂ ਵੱਲੋਂ 5,60,91,650 ਰੁਪਏ ਕੁੱਲ ਖਰਚਾ ਕੀਤਾ ਗਿਆ ਹੈ। ਇਸ ਤਰਾਂ ਉਨ੍ਹਾਂ ਵੱਲੋਂ 3,16,26,779 ਰੁਪਏ ਵੱਧ ਖਰਚਾ ਕੀਤਾ ਗਿਆ ਜੋ ਉਨ੍ਹਾਂ ਦੀ ਕੁੱਲ ਆਮਦਨ ਤੋਂ 129.3 ਫੀਸਦ ਵੱਧ ਹੈ।
ਵਿਜੀਲੈਂਸ ਬਿਉਰੋ ਸਮੇਤ ਕਈ ਰਾਜ ਦੇ ਕਈ ਜਿਲਿਆਂ ਤੇ ਜੇਲ ਵਿਭਾਗ ਪੰਜਾਬ ਵਿੱਚ ਤਾਇਨਾਤ ਰਹੇ ਇਸ ਪੁਲਿਸ ਅਧਿਕਾਰੀ ਤੇ ਉਸਦੀ ਪਤਨੀ ਖਿਲਾਫ ਉਕਤ ਜਾਂਚ ਦੌਰਾਨ ਪ੍ਰਾਪਤ ਸਬੂਤਾਂ ਦੇ ਅਧਾਰ ਉਪਰ ਮੁਕੱਦਮਾ ਦਰਜ ਕਰਨ ਉਪਰੰਤ ਗ੍ਰਿਫਤਾਰੀ ਅਮਲ ਵਿੱਚ ਲਿਆ ਕੇ ਬਿਉਰੋ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।