ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ
--ਯੁੱਧ ਨਸ਼ਿਆਂ ਵਿਰੁੱਧ: 2 ਮਈ ਨੂੰ ਰਾਜ ਪੱਧਰੀ ਸਮਾਗਮ ਤਹਿਤ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀ ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ, ਡਿਪਟੀ ਕਮਿਸ਼ਨਰ
--ਨਸ਼ੇ ਨੂੰ ਤਿਆਗ ਚੁੱਕੇ ਲੋਕ ਨਸ਼ਾ ਮੁਕਤੀ ਲਈ ਕਰਨਗੇ ਕੰਮ
ਬਰਨਾਲਾ, 25 ਅਪ੍ਰੈਲ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਵਧਾਉਂਦਿਆਂ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਰਾਜ ਪੱਧਰੀ ਸਮਾਗਮ 2 ਮਈ ਨੂੰ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਇੱਕ ਪਿੰਡ 'ਚ ਸਥਾਪਿਤ ਕੀਤੀ ਗਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀ ਦੇ ਮੈੱਬਰ ਭਾਗ ਲੈਣਗੇ।
ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਲੜਾਈ ਵਿੱਚ ਹਰ ਇੱਕ ਪੰਜਾਬੀ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਇਹ ਜੰਗ ਸਾਰੇ ਇਕੱਠੇ ਹੋ ਕੇ ਹੀ ਲੜ ਸਕਦੇ ਹਨ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਪੱਧਰ ਉੱਤੇ ਅਤੇ ਸ਼ਹਿਰਾਂ ਵਿੱਚ ਹਰ ਇੱਕ ਵਾਰਡ ਪੱਧਰ ਉੱਤੇ ਇਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਆਮ ਇਨਸਾਨ ਨੂੰ ਇਸ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਪੱਧਰ ਉੱਤੇ ਸਰਪੰਚ,ਪੰਚ, ਲੰਬਰਦਾਰ ਅਤੇ ਹੋਰਨਾ ਨੂੰ ਇਨ੍ਹਾਂ ਕਮੇਟੀਆਂ ਦਾ ਹਿੱਸਾ ਬਣਾਇਆ ਗਿਆ ਹੈ ਉੱਥੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਦੇ ਨਗਰ ਕੌਂਸਲਰ ਅਤੇ ਹੋਰ ਮੋਹਤਵਰ ਲੋਕਾਂ ਨੂੰ ਇਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਬੈਠਕ ਦੌਰਾਨ ਅੰਤਰ ਰਾਸ਼ਟਰੀ ਸੰਸਥਾ ਨਾਰਕੋਟਿਕਸ ਅਨੋਨੀਮਸ - ਜਿਹੜੀ ਕਿ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਕੰਮ ਕਰਦੀ ਹੈ - ਵੱਲੋਂ ਦੱਸਿਆ ਗਿਆ ਕਿ ਉਹ ਨਸ਼ਾ ਪੀੜਤ ਲੋਕਾਂ ਦੀ ਪਛਾਣ ਗੁਪਤ ਰੱਖਦੇ ਹੋਏ ਉਨ੍ਹਾਂ ਦੇ ਇਲਾਜ ਲਈ ਕੰਮ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਇਸ ਸੰਸਥਾ ਨੂੰ ਉਚਿਤ ਸਿਹਤ ਕੇਂਦਰ ਵਿਖੇ ਥਾਂ ਦਿੱਤੀ ਜਾਵੇ ਤਾਂ ਜੋ ਇਹ ਆਪਣਾ ਕੰਮ ਸ਼ੁਰੂ ਕਰ ਸਕਣ। ਸੰਸਥਾ ਵੱਲੋਂ ਯਕੀਨ ਦਵਾਇਆ ਗਿਆ ਕਿ ਉਹ ਨਸ਼ਾ ਪੀੜਤਾਂ ਲਈ ਸਮਰਪਿਤ ਹਨ ਅਤੇ ਉਹ ਆਪਣਾ ਕੰਮ ਤਨਦੇਹੀ ਨਾਲ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਸ਼੍ਰੀ ਹਰਕੰਵਲਜੀਤ ਸਿੰਘ ਅਤੇ ਹੋਰ ਅਫ਼ਸਰ ਹਾਜ਼ਰ ਸਨ।