Arth Parkash : Latest Hindi News, News in Hindi
 ਈ.ਆਰ.ਓ. ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਵੋਟਰਾਂ ਲਈ ਉਪਬੰਧ ਤਹਿਤ ਪੰਜਾਬ ਵਿੱਚ ਕੋਈ ਅਪੀਲ ਨਹੀਂ ਕੀਤੀ ਗਈ ਦਾਇਰ  ਈ.ਆਰ.ਓ. ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਵੋਟਰਾਂ ਲਈ ਉਪਬੰਧ ਤਹਿਤ ਪੰਜਾਬ ਵਿੱਚ ਕੋਈ ਅਪੀਲ ਨਹੀਂ ਕੀਤੀ ਗਈ ਦਾਇਰ
Sunday, 20 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 ਈ.ਆਰ.ਓ. ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਵੋਟਰਾਂ ਲਈ ਉਪਬੰਧ ਤਹਿਤ ਪੰਜਾਬ ਵਿੱਚ ਕੋਈ ਅਪੀਲ ਨਹੀਂ ਕੀਤੀ ਗਈ ਦਾਇਰ

ਚੰਡੀਗੜ੍ਹ, 21 ਅਪ੍ਰੈਲ:


ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਵੋਟਰਾਂ ਨੂੰ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓਜ਼) ਦੇ ਫ਼ੈਸਲੇ ਵਿਰੁੱਧ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਵਾਲੇ ਲੋਕ ਪ੍ਰਤੀਨਿਧਤਾ (ਆਰ.ਪੀ.) ਐਕਟ ਅਤੇ ਸਬੰਧਿਤ ਨਿਯਮਾਂ ਦੇ ਮਹੱਤਵਪੂਰਨ ਉਪਬੰਧ ਤਹਿਤ 01.01.2025 ਦੀ ਯੋਗਤਾ ਮਿਤੀ ਸਬੰਧੀ ਵੋਟਰ ਸੂਚੀ ਲਈ ਹਾਲ ਹੀ ਵਿੱਚ ਕੀਤੀ ਗਈ ਰਾਜ ਪੱਧਰੀ ਸੋਧ (ਵਿਸ਼ੇਸ਼ ਸੰਖੇਪ ਸੋਧ 2025) ਦੌਰਾਨ ਕੋਈ ਅਪੀਲ ਪ੍ਰਾਪਤ ਨਹੀਂ ਹੋਈ ਹੈ।  ਇਹ ਸੂਬੇ ਭਰ ਵਿੱਚ ਵੋਟਰ ਸੂਚੀ ਸੋਧ ਪ੍ਰਕਿਰਿਆ ਪ੍ਰਤੀ ਪਾਰਦਰਸ਼ਤਾ, ਸ਼ੁੱਧਤਾ ਅਤੇ ਸੂਬਾ ਵਾਸੀਆਂ ਦੀ ਸੰਤੁਸ਼ਟੀ ਨੂੰ ਦਰਸਾਉਂਦੀ ਹੈ।

ਲੋਕ ਪ੍ਰਤੀਨਿਧਤਾ ਐਕਟ ਅਤੇ ਸਬੰਧਿਤ ਨਿਯਮਾਂ ਅਧੀਨ ਉਪਬੰਧਾਂ ਤਹਿਤ, ਕੋਈ ਵੀ ਵੋਟਰ ਜੋ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹੈ, ਜਿਸ ਵਿੱਚ ਵੋਟਰ ਸੂਚੀ ‘ਚ ਨਾਮ ਸ਼ਾਮਲ ਕਰਨ, ਹਟਾਉਣ ਜਾਂ ਸੋਧ ਕਰਨ ਨਾਲ ਸਬੰਧਤ ਹੋਵੇ, ਈ.ਆਰ.ਓ. ਦੇ ਆਦੇਸ਼ ਦੇ 15 ਦਿਨਾਂ ਦੇ ਅੰਦਰ ਸਬੰਧਤ ਜ਼ਿਲ੍ਹਾ ਚੋਣ ਅਫ਼ਸਰ ਕਮ ਡੀ.ਸੀ. ਕੋਲ ਅਪੀਲ ਦਾਇਰ ਕਰ ਸਕਦਾ ਹੈ ਅਤੇ ਡੀ.ਈ.ਓ. ਦੇ ਫ਼ੈਸਲੇ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਕੋਲ ਅੱਗੇ ਇਹ ਅਪੀਲ ਦਾਇਰ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ 64-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਚੱਲ ਰਹੀ ਵੋਟਰ ਸੂਚੀਆਂ ਦੀ ਸੋਧ ਬਾਰੇ ਅਪਡੇਟਸ ਸਾਂਝੇ ਕਰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64-ਲੁਧਿਆਣਾ ਪੱਛਮੀ ਲਈ ਡਰਾਫਟ ਵੋਟਰ ਸੂਚੀ ਵਿੱਚ ਕੁੱਲ 1,73,071 ਵੋਟਰ ਸ਼ਾਮਲ ਹਨ। ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ 9 ਅਪ੍ਰੈਲ ਤੋਂ 24 ਅਪ੍ਰੈਲ 2025 ਤੱਕ ਰੱਖੀ ਗਈ ਹੈ ਅਤੇ ਅੰਤਿਮ ਵੋਟਰ ਸੂਚੀ 5 ਮਈ, 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

 ਸਿਬਿਨ ਸੀ ਨੇ ਆਜ਼ਾਦ, ਨਿਰਪੱਖ ਅਤੇ ਸਮਾਵੇਸ਼ੀ ਚੋਣ ਪ੍ਰਕਿਰਿਆ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਵੋਟਰ ਸੂਚੀਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਯੋਗ ਨਾਗਰਿਕਾਂ ਨੂੰ ਜਾਗਰੂਕ ਰਹਿਣ ਅਤੇ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ।

ਵੋਟਰ ਸੂਚੀ ਨਾਲ ਸਬੰਧਤ ਸਵਾਲਾਂ ਜਾਂ ਸ਼ਿਕਾਇਤਾਂ ਲਈ ਨਾਗਰਿਕ ਆਪਣੇ ਸਬੰਧਤ ਈ.ਆਰ.ਓਜ਼. ਨਾਲ ਸੰਪਰਕ ਕਰ ਸਕਦੇ ਹਨ, ਅਧਿਕਾਰਤ ਵੈੱਬਸਾਈਟ www.ceopunjab.gov.in 'ਤੇ ਵਿਜ਼ਟ ਕਰ ਸਕਦੇ ਹਨ ਜਾਂ ਟੋਲ-ਫ੍ਰੀ ਹੈਲਪਲਾਈਨ ਨੰਬਰ 1950 'ਤੇ ਕਾਲ ਕਰ ਸਕਦੇ ਹਨ।
----