ਨਸ਼ਿਆ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਵਿੱਚ ਸਹਿਯੋਗ ਦੇਣ ਨਾਗਰਿਕ- ਪੂਜਾ ਸਿਆਲ ਗਰੇਵਾਲ
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਰਤਪੁਰ ਸਾਹਿਬ ਵਿੱਚ ਜਾਗਰੂਕਤਾ ਰੈਲੀ ਨੂੰ ਕੀਤਾ ਰਵਾਨਾ
ਕੀਰਤਪੁਰ ਸਾਹਿਬ 17 ਅਪ੍ਰੈਲ (2025)
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਨਸ਼ੇ ਦੇ ਕੋਹੜ੍ਹ ਨੂੰ ਜੜ੍ਹ ਤੋ ਖਤਮ ਕਰਨ ਲਈ ਸੁਰੂ ਕੀਤੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਵਿੱਚ ਹਰ ਨਾਗਰਿਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਤਾ ਜੋ ਨਸ਼ਿਆ ਦੀ ਲਾਹਨਤ ਨੂੰ ਜੜ੍ਹ ਤੋ ਪੁੱਟਿਆ ਜਾਵੇ।
ਇਹ ਪ੍ਰਗਟਾਵਾ ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ ਨੇ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਖੇ ਯੁੱਧ ਨਸ਼ਿਆ ਵਿਰੁੱਧ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਤੋ ਪਹਿਲਾ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸੂਬੇ ਵਿਚੋਂ ਨਸ਼ੇ ਦਾ ਮੁਕੰਮਲ ਸਫਾਇਆ ਕੀਤਾ ਜਾਵੇ, ਇਸ ਦੇ ਲਈ ਪੰਜਾਬ ਸਰਕਾਰ ਵਿਆਪਕ ਮੁਹਿੰਮ ਚਲਾ ਰਹੀ ਹੈ, ਨਸ਼ਿਆ ਦੇ ਸੋਦਾਗਰ ਜੇਲ੍ਹਾਂ ਵਿਚ ਡੱਕੇ ਜਾ ਰਹੇ ਹਨ। ਇਸ ਜਾਗਰੂਕਤਾ ਰੈਲੀ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਜਿਨ੍ਹਾਂ ਨੂੰ ਨਸ਼ਿਆ ਵਿਰੁੱਧ ਜਾਗਰੂਕਤਾ ਤਖਤੀਆਂ ਚੁੱਕਿਆ ਹੋਈਆਂ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਜਾਣਕਾਰੀ ਸਮੇਂ ਸਿਰ ਪ੍ਰਸ਼ਾਸਨ ਨੂੰ ਮਿਲਦੀ ਰਹੇ ਤਾਂ ਇਸ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਇਸ ਮੁਹਿੰਮ ਨੂੰ ਚਲਾਇਆ ਹੋਇਆ ਹੈ ਜੋ ਪੂਰੇ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ, ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਵੱਖ-ਵੱਖ ਤਰੀਕਿਆਂ ਦੇ ਨਾਲ ਕੰਮ ਕੀਤੇ ਜਾ ਰਹੇ ਹਨ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੌਂਸਲਰਾਂ ਨੂੰ ਵੀ ਆਪਣੇ ਆਪਣੇ ਵਾਰਡਾਂ ਵਿੱਚ ਇਸ ਮੁਹਿਮ ਨੂੰ ਅੱਗੇ ਤੋਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ ਤੇ ਵਿਦਿਆਰਥੀਆਂ ਦੀ ਇਹ ਰੈਲੀ ਵੱਖ ਵੱਖ ਬਜ਼ਾਰਾ ਵਿਚੋ ਹੋ ਕੇ ਵਾਪਸ ਨਗਰ ਪੰਚਾਇਤ ਦਫਤਰ ਪਹੁੰਚੀ ਹੈ, ਵਿਦਿਆਰਥੀਆਂ ਨੇ ਜਾਗਰੂਕਤਾ ਦੇ ਸੰਦੇਸ਼ ਦੇ ਸਲੋਗਨ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਸ਼ਹਿਰ ਦੇ ਪਤਵੰਤੇ ਨਾਗਰਿਕ ਅਤੇ ਨਗਰ ਪੰਚਾਇਤ ਦੇ ਕਰਮਚਾਰੀ ਹਾਜ਼ਰ ਸਨ।