Arth Parkash : Latest Hindi News, News in Hindi
ਪੰਜਾਬ ‘ਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, ਸਾਲਾਨਾ 1.81 ਲੱਖ ਟਨ ਮੱਛੀਆਂ ਦਾ ਹੋ ਰਿਹੈ ਉਤਪਾਦਨ: ਗੁਰਮ ਪੰਜਾਬ ‘ਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, ਸਾਲਾਨਾ 1.81 ਲੱਖ ਟਨ ਮੱਛੀਆਂ ਦਾ ਹੋ ਰਿਹੈ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ
Saturday, 29 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi


ਪੰਜਾਬ ‘ਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, ਸਾਲਾਨਾ 1.81 ਲੱਖ ਟਨ ਮੱਛੀਆਂ ਦਾ ਹੋ ਰਿਹੈ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ

•16 ਸਰਕਾਰੀ ਮੱਛੀ ਬੀਜ ਫਾਰਮਾਂ ਤੋਂ  ਸਾਲਾਨਾ 14 ਕਰੋੜ ਮਿਆਰੀ ਮੱਛੀ ਪੂੰਗ ਤਿਆਰ ਕੀਤਾ

•ਮੱਛੀ ਪਾਲਣ ਮੰਤਰੀ ਨੇ ਰਾਜ ਪੱਧਰੀ ਸੈਮੀਨਾਰ ਦੌਰਾਨ ਸਫ਼ਲ ਮੱਛੀ ਪਾਲਕਾਂ ਦਾ ਸਨਮਾਨ ਕੀਤਾ

ਚੰਡੀਗੜ੍ਹ, 30 ਮਾਰਚ:


ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ
ਮੱਛੀ ਪਾਲਣ ਖੇਤਰ ‘ਚ ਮਹੱਤਵਪੂਰਨ ਪ੍ਰਗਤੀ ਕਰਦਿਆਂ ਸੂਬਾ ਕੁਦਰਤੀ ਪਾਣੀਆਂ, ਨਿੱਜੀ ਤਲਾਬਾਂ ਅਤੇ ਪੰਚਾਇਤੀ ਛੱਪੜਾਂ ਤੋਂ ਸਾਲਾਨਾ ਕੁੱਲ 1,81,188 ਟਨ ਮੱਛੀ ਪੈਦਾ ਕਰ ਰਿਹਾ ਹੈ। ਇਸ ਵੇਲੇ ਸੂਬੇ ਵਿੱਚ 43,973 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ।

ਉਹ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਇੱਕ ਹੋਟਲ ’ਚ ਮੱਛੀ ਪਾਲਣ ਵਿਭਾਗ ਦੁਆਰਾ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਸੈਮੀਨਾਰ ਦਾ ਉਦੇਸ਼ ਮੱਛੀ ਪਾਲਕਾਂ ਨੂੰ ਨਵੀ ਤਕਨਾਲੋਜੀ, ਬਿਹਤਰ ਅਭਿਆਸਾਂ ਅਤੇ ਮੱਛੀ ਪਾਲਣ ਦੇ ਨਵੀਨ ਢੰਗ-ਤਰੀਕਿਆਂ ਬਾਰੇ ਜਾਗਰੂਕ ਕਰਨਾ ਸੀ। ਸੈਮੀਨਾਰ ਵਿੱਚ 300 ਤੋਂ ਵੱਧ ਕਿਸਾਨਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ।

ਸ. ਖੁੱਡੀਆਂ ਨੇ ਦੱਸਿਆ ਕਿ ਮੱਛੀ ਪਾਲਣ ਸੈਕਟਰ ਦੀ ਮਜ਼ਬੂਤੀ ਲਈ  16 ਸਰਕਾਰੀ ਮੱਛੀ ਬੀਜ ਫਾਰਮਾਂ 'ਤੇ ਸਾਲਾਨਾ ਲਗਭਗ 14 ਕਰੋੜ ਮਿਆਰੀ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤਾ ਜਾਂਦਾ ਹੈ।

ਮੱਛੀ ਪਾਲਣ ਤੋਂ ਇਲਾਵਾ ਪੰਜਾਬ ਸੂਬਾ ਝੀਂਗਾ ਪਾਲਣ ਵਿੱਚ ਵੀ ਤਰੱਕੀ ਕਰ ਰਿਹਾ ਹੈ। ਪੰਜ ਦੱਖਣ-ਪੱਛਮੀ ਜ਼ਿਲ੍ਹਿਆਂ- ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਰੀਦਕੋਟ ਅਤੇ ਫਾਜ਼ਿਲਕਾ- ਵਿੱਚ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਸੇਮ ਕਾਰਨ ਅਤੇ ਖਾਰੇਪਣ ਕਰਕੇ ਖੇਤੀਬਾੜੀ ਦੇ ਯੋਗ ਨਹੀਂ ਸੀ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਾਲਾਂਕਿ, ਹੁਣ ਇਨ੍ਹਾਂ ਜ਼ਿਲ੍ਹਿਆਂ ਵਿੱਚ ਝੀਂਗਾ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਲਾਗਤ ਵਗੈਰਾ ਕੱਢ ਕੇ ਪ੍ਰਤੀ ਏਕੜ ਢਾਈ ਤੋਂ ਚਾਰ ਲੱਖ ਰੁਪਏ ਬਚਦੇ ਹਨ।

ਕੈਬਨਿਟ ਮੰਤਰੀ ਨੇ ਇਸ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਦੋ ਅਗਾਂਹਵਧੂ ਮੱਛੀ ਪਾਲਕਾਂ ਸ਼੍ਰੀ ਅਮਿਤੇਸ਼ਵਰ ਸਿੰਘ ਗਿੱਲ ਅਤੇ ਜ਼ਿਲ੍ਹਾ ਕਪੂਰਥਲਾ ਦੇ ਸ਼੍ਰੀ ਪਰਮਿੰਦਰਜੀਤ ਸਿੰਘ ਦਾ ਸਨਮਾਨ ਵੀ ਕੀਤਾ।

ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਕੇਂਦਰੀ ਸਪਾਂਸਰਡ ਸਕੀਮ ਤਹਿਤ 4 ਸਾਲਾਂ ਵਿੱਚ 618 ਪਰਿਵਾਰਾਂ ਨੂੰ 30 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਵੰਡੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ. ਖੁੱਡੀਆਂ ਦੀ ਅਗਵਾਈ ਅਤੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਦੇ ਮਾਰਗਦਰਸ਼ਨ ਹੇਠ ਵਿਭਾਗ ਇਸ ਸਮੇਂ ਮੱਛੀ ਪਾਲਣ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਮੱਛੀ ਅਤੇ ਝੀਂਗਾ ਪਾਲਣ ਅਧੀਨ ਰਕਬੇ ਨੂੰ ਵਧਾਉਣ, ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ ਵਾਹਨ, ਆਰ.ਏ.ਐਸ. ਅਤੇ ਬਾਇਓ-ਫਲੌਕ ਯੂਨਿਟ, ਮੱਛੀ ਕਾਇਓਸਕ, ਮਿੰਨੀ ਫਿਸ਼ ਫੀਡ ਮਿੱਲਾਂ ਆਦਿ ਲਈ ਸਬਸਿਡੀ ਪ੍ਰਦਾਨ ਕਰ ਰਿਹਾ ਹੈ।

ਕਾਮਨ ਸਰਵਿਸ ਸੈਂਟਰ, ਪੰਜਾਬ ਦੇ ਮੁਖੀ ਸ੍ਰੀ ਭੁਪਿੰਦਰ ਸਿੰਘ ਨੇ ਮੱਛੀ ਪਾਲਕਾਂ ਨੂੰ ਸਰਕਾਰ ਦੁਆਰਾ ਤਿਆਰ ਕੀਤੇ ਜਾ ਰਹੇ ਡੇਟਾਬੇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ। ਡਿਪਟੀ ਡਾਇਰੈਕਟਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸਤਿੰਦਰ ਕੌਰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਵੱਖ-ਵੱਖ ਪ੍ਰੋਜੈਕਟਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮੱਛੀ ਪਾਲਕਾਂ ਦਾ ਧੰਨਵਾਦ ਕੀਤਾ।

---------