ਯੁੱਧ ਨਸ਼ਿਆਂ ਵਿਰੁੱਧ
ਅੰਜਾਮ ਤੱਕ ਪਹੁੰਚੇਗੀ ਲੜਾਈ, ਨਸ਼ਿਆਂ ਦਾ ਹੋਵੇਗਾ ਸਮੂਲ ਨਾਸ਼-ਲਾਲਜੀਤ ਸਿੰਘ ਭੁੱਲਰ
-ਟਰਾਂਸਪੋਰਟ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ
-ਸਮੂਹ ਵਿਭਾਗਾਂ ਨੂੰ ਜਨਤਕ ਭਾਗੀਦਾਰੀ ਨਾਲ ਇਸ ਅਭਿਆਨ ਵਿਚ ਤਨਦੇਹੀ ਨਾਲ ਲੱਗਣ ਦੇ ਨਿਰਦੇਸ਼
-ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਦਾ ਹੋਵੇਗਾ ਸਨਮਾਨ
-ਕਿਹਾ, ਨਸ਼ਾ ਤਸਕਰਾਂ ਖਿਲਾਫ ਮਤੇ ਪਾਉਣ ਪੰਚਾਇਤਾਂ
ਚੰਡੀਗੜ੍ਹ, 6 ਮਾਰਚ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਣੀ ਸਬ ਕਮੇਟੀ ਦੇ ਮੈਂਬਰ ਟਰਾਂਸਪੋਰਟ ਮੰਤਰੀ ਸ਼ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਹੈ ਕਿ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵਿੱਢੀ ਗਈ ਲੜਾਈ ਨੂੰ ਅੰਜਾਮ ਤੱਕ ਪਹੁੰਚਾਏਗੀ। ਉਹਨਾਂ ਨੇ ਕਿਹਾ ਕਿ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਸਿਰਜਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਸਮਾਜਿਕ ਭਾਗੀਦਾਰੀ ਨਾਲ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਾਂਗੇ।
ਕੈਬਨਿਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਨੇ ਫਾਜ਼ਿਲਕਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਨਿਰਦੇਸ਼ ਦਿੱਤੇ ਕਿ ਨਸ਼ਿਆਂ ਖਿਲਾਫ ਹਰੇਕ ਵਿਭਾਗ ਆਪਣੀ ਬਣਦੀ ਭੂਮਿਕਾ ਤਨਦੇਹੀ ਨਾਲ ਨਿਭਾਏ । ਉਹਨਾਂ ਨੇ ਕਿਹਾ ਕਿ ਨਸ਼ੇ ਤਸਕਰੀ ਨਾਲ ਨਜਾਇਜ਼ ਪ੍ਰਾਪਰਟੀਆਂ ਬਣਾਉਣ ਵਾਲਿਆਂ ਦੀਆਂ ਜਾਇਦਾਤਾਂ ਸੀਜ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਕਿਸੇ ਨੇ ਕੋਈ ਨਜਾਇਜ਼ ਉਸਾਰੀ ਕੀਤੀ ਹੈ ਤਾਂ ਉਸ ਨੂੰ ਵੀ ਢਾਇਆ ਜਾ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਸਰਪੰਚਾਂ ਅਤੇ ਨਗਰ ਕੌਂਸਲਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਉਹ ਪਿੰਡਾਂ ਵਿੱਚ ਗ੍ਰਾਮ ਸਭਾ ਦੇ ਇਜਲਾਸ ਬੁਲਾ ਕੇ ਨਸ਼ੇ ਦੇ ਸਮਗਲਰਾਂ ਦਾ ਬਾਈਕਾਟ ਕਰਨ ਅਤੇ ਇਹ ਵੀ ਮਤੇ ਪਾਏ ਜਾਣ ਕਿ ਜੇਕਰ ਕੋਈ ਕਿਸੇ ਨਸ਼ਾ ਤਸਕਰ ਦੀ ਜਮਾਨਤ ਵੀ ਦੇਵੇਗਾ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਨਸ਼ੇ ਜਹਿਰ ਹਨ ਜੋ ਜੰਗਲ ਦੀ ਅੱਗ ਵਾਂਗ ਹਨ ਅਤੇ ਇਸ ਨੂੰ ਜੇਕਰ ਨਾ ਰੋਕਿਆ ਤਾਂ ਇਸ ਦਾ ਸਭ ਨੂੰ ਨੁਕਸਾਨ ਹੋਵੇਗਾ। ਉਨਾਂ ਨੇ ਕਿਹਾ ਕਿ ਸਾਰੇ ਵਰਗ ਇਸ ਵਿੱਚ ਯੋਗਦਾਨ ਦੇ ਰਹੇ ਹਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਵੇਲੇ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਣ ਦੇ ਨਾਲ ਨਾਲ ਉਸਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੈਡੀਕਲ ਨਸ਼ਾ ਅਤੇ ਗੈਰ ਕਾਨੂੰਨੀ ਸ਼ਰਾਬ ਦੇ ਨਸ਼ੇ ਖਿਲਾਫ ਵੀ ਉਨੀ ਹੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਫਾਜ਼ਿਲਕਾ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਸ ਦੀ 79 ਕਿਲੋਮੀਟਰ ਸਰਹੱਦ ਰਾਜਸਥਾਨ ਨਾਲ ਅਤੇ 108 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਲਈ ਇੱਥੇ ਐਂਟੀ ਡਰੋਨ ਟੈਕਨੋਲਜੀ ਲਗਾਉਣ ਦੀਆਂ ਸੰਭਾਵਨਾਵਾਂ ਵੀ ਸਰਕਾਰ ਤਲਾਸ਼ ਰਹੀ ਹੈ।
ਕੈਬਨਿਟ ਮੰਤਰੀ ਸ: ਭੁੱਲਰ ਨੇ ਕਿਹਾ ਕਿ ਬਹੁਤ ਸਾਰੇ ਪਿੰਡ ਅਜਿਹੇ ਹਨ ਜੋ ਨਸ਼ੇ ਖਿਲਾਫ ਇਸ ਮੁਹਿੰਮ ਵਿੱਚ ਚੰਗਾ ਕੰਮ ਕਰ ਰਹੇ ਹਨ ਅਤੇ ਜੋ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣਗੇ, ਉਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਵੱਖਰੇ ਤੌਰ ਤੇ ਸਨਮਾਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਗਰਾਂਟਾਂ ਵਿੱਚ ਵੀ ਪਹਿਲ ਦਿੱਤੀ ਜਾਵੇਗੀ ਜਦਕਿ ਹੋਟ ਸਪੋਟ ਖੇਤਰਾਂ ਤੇ ਹੁਣ ਹੋਰ ਵਧੇਰੇ ਸਖਤੀ ਰਹੇਗੀ। ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਬੱਸਾਂ ਦੇ ਡਰਾਈਵਰ ਕੰਡਕਟਰ ਜੋ ਪਾਰਸਲ ਇੱਕ ਜਗ੍ਹਾ ਤੋਂ ਦੂਜੇ ਥਾਂ ਲੈ ਜਾਂਦੇ ਹਨ ਉਸ ਤਰੀਕੇ ਨਾਲ ਕੋਈ ਤਸਕਰੀ ਨਾ ਹੋਵੇ ਇਸ ਸਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਜੇਕਰ ਕਿਸੇ ਤੋਂ ਕੋਈ ਬਰਾਮਦਗੀ ਹੁੰਦੀ ਹੈ ਤਾਂ ਸੰਬੰਧਿਤ ਬੱਸ ਦੇ ਡਰਾਈਵਰ ਜਾਂ ਕੰਡਕਟਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜ਼ਿਲ੍ਹੇ ਦੀ ਰਿਪੋਰਟ ਉਨ੍ਹਾਂ ਨੂੰ ਦਿੱਤੀ।
ਬੋਕਸ ਲਈ ਪ੍ਰਸਤਾਵਿਤ
ਪਿਛਲੇ ਦੋ ਮਹੀਨਿਆਂ ਵਿੱਚ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ 57 ਮੁਕਦਮੇ ਦਰਜ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਲ 2025 ਦੌਰਾਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਐਨਡੀਪੀਐਸ ਐਕਟ ਦੇ ਤਹਿਤ 57 ਮੁਕਦਮੇ ਦਰਜ ਕਰਕੇ 83 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ 6 ਕਿਲੋ 512 ਗ੍ਰਾਮ ਹੈਰੋਇਨ, 254040 ਨਸ਼ੀਲੀ ਗੋਲੀਆਂ ਤੇ ਕੈਪਸੂਲ ਅਤੇ 5 ਲੱਖ 40 ਹਜਾਰ ਰੁਪਏ ਤੋਂ ਵੱਧ ਦੀ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਵੱਡੇ ਪੱਧਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ 6 ਮੁੱਖ ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਸ ਤਹਿਤ ਸਮਗਲਰਾਂ ਖਿਲਾਫ ਕਾਰਵਾਈ, ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਉਣੇ, ਨਸ਼ਾ ਪੀੜਤਾਂ ਦਾ ਇਲਾਜ, ਸਮਾਜਿਕ ਜਾਗਰੂਕਤਾ ਪ੍ਰਮੁੱਖ ਟੀਚੇ ਹਨ ਅਤੇ ਹਰ ਰੋਜ਼ ਜ਼ਿਲ੍ਹੇ ਵਿੱਚ ਤਿੰਨ ਪੁਲਿਸ ਗਜਟਿਡ ਅਫਸਰ ਅਤੇ ਦੋ ਥਾਣਾ ਮੁਖੀ ਜਨਤਕ ਮੀਟਿੰਗਾਂ ਕਰਕੇ ਸੰਪਰਕ ਅਭਿਆਨ ਦੇ ਤਹਿਤ ਲੋਕਾਂ ਨੂੰ ਇਸ ਅਭਿਆਨ ਸਬੰਧੀ ਜਾਣਕਾਰੀ ਦਿੰਦੇ ਹਨ।
ਬੋਕਸ ਲਈ ਪ੍ਰਸਤਾਵਿਤ
ਨਵੀਂ ਪੀੜੀ ਨੂੰ ਬਚਾਉਣ ਲਈ ਹੋ ਰਹੇ ਨੇ ਉਪਰਾਲੇ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਸਿੱਖਿਆ ਗ੍ਰਹਿਣ ਕਰ ਰਹੀ ਸਾਡੀ ਨਵੀਂ ਪੀੜੀ ਨੂੰ ਨਸ਼ੇ ਦੀਆਂ ਅਲਾਮਤਾਂ ਤੋਂ ਸੁਰੱਖਿਤ ਰੱਖਣ ਲਈ ਮੁੱਢਲੇ ਪੱਧਰ ਤੇ ਹੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਦਿਆਰਥੀਆਂ ਦੇ 35501 ਬੱਡੀ ਗਰੁੱਪ ਬਣਾਏ ਗਏ ਹਨ ਅਤੇ ਚਾਲੂ ਵਿਦਿਅਕ ਸਾਲ ਦੌਰਾਨ ਇਹਨਾਂ ਸਮੂਹਾਂ ਵੱਲੋਂ 3509 ਵੱਖ-ਵੱਖ ਸਹਿ-ਵਿਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ ਹਨ।
ਬੋਕਸ ਲਈ ਪ੍ਰਸਤਾਵਿਤ
ਨਸ਼ਾ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਵਿੱਚ ਜਿੱਥੇ 9 ਓਟ ਕਲੀਨਿਕ ਕੰਮ ਕਰ ਰਹੇ ਹਨ ਉੱਥੇ ਹੀ ਦੋ ਨਸ਼ਾ ਮੁਕਤੀ ਕੇਂਦਰ ਅਤੇ ਇੱਕ ਪੁਨਰਵਾਸ ਕੇਂਦਰ ਸਥਾਪਿਤ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਮਾਨਸਿਕ ਰੋਗੀ ਮੰਨਦਿਆਂ ਉਹਨਾਂ ਦੇ ਇਲਾਜ ਦੇ ਉਪਰਾਲੇ ਵਿੱਢੇ ਗਏ ਹਨ ਅਤੇ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਬੋਕਸ ਲਈ ਪ੍ਰਸਤਾਵਿਤ
ਪੰਜਾਬ ਸਰਕਾਰ ਖਰੀਦੇਗੀ 1000 ਨਵੀਆਂ ਬੱਸਾਂ
ਇਸ ਮੌਕੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਆਉਣ ਵਾਲੇ ਸਮੇਂ ਦੌਰਾਨ 1000 ਨਵੀਆਂ ਬੱਸਾਂ ਦੀ ਖਰੀਦ ਕਰੇਗਾ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਚਲਾਉਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ ਅਤੇ ਸ਼ਾਮ ਸਮੇਂ ਸਾਦਕੀ ਚੌਂਕੀ ਤੇ ਹੋਣ ਵਾਲੀ ਰੀਟਰੀਟ ਦੀ ਰਸਮ ਮੌਕੇ ਜਾਣ ਵਾਲੇ ਲੋਕਾਂ ਲਈ ਵੀ ਮਿੰਨੀ ਬੱਸ ਚਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ।
ਬਾਕਸ ਲਈ ਪ੍ਰਸਤਾਵਿਤ
ਇਹ ਰਹੇ ਹਾਜ਼ਰ
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਗੁਰੂ ਹਰ ਸਹਾਇ ਦੇ ਵਿਧਾਇਕ ਸ੍ਰੀ ਫੌਜਾ ਸਿੰਘ ਸਰਾਰੀ, ਸਾਬਕਾ ਵਿਧਾਇਕ ਸ਼੍ਰੀ ਅਰੁਣ ਨਾਰੰਗ, ਡੀਆਈਜੀ ਫਿਰੋਜ਼ਪੁਰ ਰੇਂਜ ਸ੍ਰੀ ਸਵਪਨ ਸ਼ਰਮਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸ ਡੀ ਐਮ ਸ੍ਰੀ ਕੰਵਰਜੀਤ ਸਿੰਘ ਮਾਨ, ਸਿਵਲ ਸਰਜਨ ਡਾ ਐਰਿਕ ਤੋਂ ਇਲਾਵਾ, ਸ੍ਰੀ ਖਜਾਨ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ . ਚੇਅਰਮੈਨ ਸੁਨੀਲ ਸਚਦੇਵਾ, ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ, ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।