ਕੈਂਸਰ ਨੂੰ ਰੋਕਣ ਲਈ ਸੰਤੁਲਿਤ ਭੋਜਨ ਅਤੇ ਜੀਵਨਸ਼ੈਲੀ ਵਿੱਚ ਬਦਲਾਵ ਜਰੂਰੀ : ਡਾਕਟਰ ਅੰਸ਼ੁਲ ਨਾਗਪਾਲ
ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ
ਫਾਜ਼ਿਲਕਾ 4 ਫਰਵਰੀ
ਸਿਹਤ ਬਲਾਕ ਡੱਬਵਾਲਾ ਕਲਾਂ ਵੱਲੋਂ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਲਹਿੰਬਰ ਰਾਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪੰਕਜ ਚੌਹਾਨ ਦੀ ਅਗਵਾਈ ਵਿਚ ਸਕੂਲ ਆਫ ਐਮੀਨਾਂਸ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾ ਕੇ ਵਿਦਿਆਰਥੀਆ ਨੂੰ ਜਾਗਰੂਕ ਕੀਤਾ।
ਇਸ ਦੋਰਾਨ ਮੈਡੀਕਲ ਅਫਸਰ ਡਾਕਟਰ ਅੰਸ਼ੁਲ ਨਾਗਪਾਲ ਨੇ ਦੱਸਿਆ ਕਿ ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਕਰਨ ਅਤੇ ਤੰਬਾਕੂ, ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਮੈਡੀਕਲ ਕਾਲਜਾਂ ਅਤੇ ਸੂਚੀ ਬੱਧ ਹਸਪਤਾਲਾਂ ਵਿੱਚ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਡੇਢ ਲੱਖ ਤੱਕ ਦਾ ਨਗਦੀ ਰਹਿਤ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਬੱਤ ਸਿਹਤ ਬੀਮਾ ਯੋਜਨਾ ਮਲਟੀ-ਸਪੈਸ਼ਲਿਸਟ ਹਸਪਤਾਲਾਂ ਵਿੱਚ ਕੈਂਸਰ ਮਰੀਜਾਂ ਨੂੰ ਨਕਦੀ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਮਦਦਗਾਰ ਸਾਬਿਤ ਹੋ ਰਹੀ ਹੈ।
ਇਸ ਦੋਰਾਨ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਵਿੱਚ ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਰੀਰ ਵਿੱਚ ਗਿਲਟੀ, ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ, ਮੂੰਹ ਵਿੱਚ ਨਾ ਠੀਕ ਹੋਣ ਵਾਲੇ ਛਾਲੇ ਅਤੇ ਮਹਾਂਮਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਲੱਛਣ ਹੋਣ ਤੇ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਘਰਾਂ ਦੇ ਨੇੜੇ ਮੁਫ਼ਤ ਜਾਂਚ ਲਈ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਤਾਇਨਾਤ ਕਮਿਊਨਿਟੀ ਹੈਲਥ ਅਫਸਰ ਵੱਲੋਂ ਗੈਰ-ਸੰਚਾਰੀ ਬੀਮਾਰੀਆਂ ਖਾਸ ਤੌਰ 'ਤੇ ਕੈਂਸਰ ਦੀ ਜਾਗਰੂਕਤਾ ਕਰਨ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਦੀ ਮੁੱਢਲੇ ਪੜਾਵਾਂ 'ਤੇ ਜਾਂਚ ਕਰਕੇ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਸਿਹਤ ਕਰਮਚਾਰੀ ਸੁਨੀਲ ਕੁਮਾਰ ਅਤੇ ਰਾਜਾ, ਸੰਦੀਪ ਤੋਂ ਇਲਾਵਾ ਸਕੁਲ ਟੀਚਰ ਮੈਡਮ ਭਾਰਤੀ ਅਤੇ ਕਨੁਪ੍ਰਿਆ ਹਾਜਰ ਸੀ।