ਗੋਬਰ ਅਤੇ ਉਦਯੋਗਿਕ ਗੰਦੇ ਪਾਣੀ ਨੂੰ 'ਬੁੱਢੇ ਦਰਿਆ' ਵਿੱਚ ਸੁੱਟਣ ਵਿਰੁੱਧ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ 27 ਜਨਵਰੀ ਨੂੰ ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀ ਕੰਪਲੈਕਸਾਂ ਦੇ ਡੇਅਰੀ ਮਾਲਕਾਂ ਨਾਲ ਕਰਨਗੇ ਮੀਟਿੰਗ
ਲੁਧਿਆਣਾ/ਚੰਡੀਗੜ੍ਹ, 25 ਜਨਵਰੀ:
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਸ਼ਨੀਵਾਰ ਨੂੰ 'ਬੁੱਢੇ ਦਰਿਆ' ਦੇ ਗਊਸ਼ਾਲਾ ਪੁਆਇੰਟ ਨੇੜੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 'ਕਾਰ ਸੇਵਾ' ਅਧੀਨ ਸਥਾਪਿਤ ਅਸਥਾਈ ਪੰਪਿੰਗ ਸਟੇਸ਼ਨ ਦਾ ਨਿਰੀਖਣ ਕੀਤਾ।
'ਬੁੱਢੇ ਦਰਿਆ' ਵਿੱਚ ਸੀਵਰੇਜ ਦੇ ਪਾਣੀ ਦੇ ਪ੍ਰਵਾਹ ਨੂੰ ਰੋਕਣ ਲਈ ਸੰਸਦ ਮੈਂਬਰ ਸੀਚੇਵਾਲ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 'ਬੁੱਢੇ ਦਰਿਆ' ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਐਸ.ਡੀ.ਐਮ (ਪੂਰਬੀ) ਜਸਲੀਨ ਕੌਰ ਭੁੱਲਰ, ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਈ.ਓ ਗਲਾਡਾ ਅਮਨ ਗੁਪਤਾ, ਪੀ.ਪੀ.ਸੀ.ਬੀ ਦੇ ਮੁੱਖ ਇੰਜੀਨੀਅਰ ਆਰ.ਕੇ ਰਤੜਾ, ਮੁੱਖ ਇੰਜੀਨੀਅਰ ਰਵਿੰਦਰ ਗਰਗ ਸਮੇਤ ਹੋਰ ਅਧਿਕਾਰੀ ਕੈਬਨਿਟ ਮੰਤਰੀ ਦੇ ਨਾਲ ਸਨ।
ਰਾਜ ਸਭਾ ਮੈਂਬਰ ਸੀਚੇਵਾਲ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ 'ਬੁੱਢੇ ਦਰਿਆ' ਨੂੰ ਸਾਫ਼ ਕਰਨ ਦੇ ਪ੍ਰੋਜੈਕਟ ਪ੍ਰਤੀ ਚਿੰਤਾ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਨੇ ਲਗਭਗ ਇੱਕ ਮਹੀਨੇ ਦੇ ਸਮੇਂ ਵਿੱਚ ਚੌਥੀ ਵਾਰ ਅਸਥਾਈ ਪੰਪਿੰਗ ਸਟੇਸ਼ਨ ਸਾਈਟ ਦਾ ਦੌਰਾ ਕੀਤਾ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਉਦਯੋਗ ਦੇ ਵਿਰੁੱਧ ਨਹੀਂ ਹੈ, ਪਰ ਕਿਸੇ ਨੂੰ ਵੀ 'ਬੁੱਢੇ ਦਰਿਆ' ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਅਸਥਾਈ ਪੰਪਿੰਗ ਸਟੇਸ਼ਨ ਦਾ ਨਿਰੀਖਣ ਕਰਨ ਤੋਂ ਬਾਅਦ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਬੁੱਢੇ ਦਰਿਆ ਵਿੱਚ ਅਣਸੋਧੇ ਪਾਣੀ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਉਹ 27 ਜਨਵਰੀ ਨੂੰ ਤਾਜਪੁਰ ਰੋਡ ਡੇਅਰੀ ਕੰਪਲੈਕਸ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨਾਲ ਵੀ ਮੀਟਿੰਗਾਂ ਕਰਨਗੇ। ਡੇਅਰੀ ਮਾਲਕਾਂ ਨੂੰ ਦੁਬਾਰਾ ਅਪੀਲ ਕੀਤੀ ਜਾਵੇਗੀ ਕਿ ਉਹ ਕਾਰਵਾਈ ਤੋਂ ਬਚਣ ਲਈ ਦਰਿਆ ਵਿੱਚ ਗੋਬਰ ਸੁੱਟਣਾ ਬੰਦ ਕਰਨ।
ਇਸ ਦੌਰਾਨ, ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤਾਜਪੁਰ ਰੋਡ ਡੇਅਰੀ ਕੰਪਲੈਕਸ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ। ਉਸ ਸਮੇਂ ਤੱਕ ਡੇਅਰੀ ਯੂਨਿਟਾਂ ਤੋਂ ਗੋਬਰ ਚੁੱਕਣ ਅਤੇ ਨਿਰਧਾਰਤ ਥਾਵਾਂ 'ਤੇ ਡੰਪ ਕਰਨ ਦੇ ਪ੍ਰਬੰਧ ਕੀਤੇ ਜਾਣ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਅਰੀ ਯੂਨਿਟਾਂ ਤੋਂ ਗੋਬਰ ਚੁੱਕਣ ਲਈ ਪਹਿਲਾਂ ਹੀ ਅਸਥਾਈ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਡੇਅਰੀ ਯੂਨਿਟਾਂ ਤੋਂ ਗੋਬਰ ਚੁੱਕਣ ਲਈ ਇੱਕ ਠੇਕੇਦਾਰ ਨੂੰ ਨਿਯੁਕਤ ਕਰਨ ਲਈ ਟੈਂਡਰ ਵੀ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨਿਯਮਿਤ ਤੌਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ 'ਬੁੱਢੇ ਦਰਿਆ' ਨੂੰ ਮੁੜ ਸੁਰਜੀਤ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
------------