Arth Parkash : Latest Hindi News, News in Hindi
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 'ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ' ਤਹਿਤ 7ਵੇਂ ਯੂ.ਐਨ ਗਲੋਬਲ ਸੜਕ ਸੁਰੱਖ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 'ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ' ਤਹਿਤ 7ਵੇਂ ਯੂ.ਐਨ ਗਲੋਬਲ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ*
Sunday, 14 May 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ


*ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 'ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ' ਤਹਿਤ 7ਵੇਂ ਯੂ.ਐਨ ਗਲੋਬਲ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ*

*ਹਫ਼ਤੇ ਦੌਰਾਨ ਸੜਕ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ*

 

*ਚੰਡੀਗੜ੍ਹ, 15 ਮਈ:*

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ 'ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਮੁਹਿੰਮ' ਤਹਿਤ 7ਵੇਂ ਯੂ.ਐਨ ਗਲੋਬਲ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਮੋਹਾਲੀ ਦੇ ਸ਼ਿਵਾਲਿਕ ਸਕੂਲ ਤੋਂ ਕੀਤੀ ਗਈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਹਫ਼ਤਾ ਪੂਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕ ਸੁਰੱਖਿਆ ਬਾਬਤ ਜਾਗਰੂਕਤਾ ਪੈਦਾ ਕਰਕੇ ਸੜਕ ਹਾਦਸਿਆਂ ਅਤੇ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ। 
 
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਵਰ੍ਹੇ 4500 ਤੋਂ ਵੱਧ ਕੀਮਤੀ ਜਾਨਾਂ ਸੜਕ ਹਾਦਸਿਆਂ ਵਿੱਚ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ 15 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਦੇ ਵਿਅਕਤੀ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਹੈ ਜਿਸ ਦੌਰਾਨ ਸੂਬੇ ਭਰ ਵਿੱਚ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਲਈ ਉਪਰਾਲੇ ਕੀਤੇ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ। ਹੁਣ ਲਰਨਰ ਲਾਇਸੈਂਸ ਮੋਬਾਈਲ ਫੋਨ ਜ਼ਰੀਏ ਹੀ ਬਣਵਾਇਆ ਜਾ ਸਕਦਾ ਹੈ। ਪਹਿਲਾਂ ਹੈਵੀ ਲਾਇਸੈਂਸ ਲਈ ਟੈਸਟ ਦੇਣ ਲਈ ਪੰਜਾਬ ਵਿੱਚ ਕੇਵਲ ਦੋ ਸੈਂਟਰ ਸਨ ਅਤੇ ਬੀਤੇ ਕੱਲ੍ਹ ਰੂਪਨਗਰ ਵਿਖੇ ਵੀ ਅਜਿਹਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਹਰ 50 ਕਿਲੋਮੀਟਰ ਦੇ ਘੇਰੇ ਵਿਚ ਅਜਿਹੇ ਸੈਂਟਰ ਖੋਲ੍ਹੇ ਜਾਣਗੇ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ "ਫ਼ਰਿਸ਼ਤੇ ਸਕੀਮ" ਸ਼ੁਰੂ ਕੀਤੀ ਹੈ ਜਿਸ ਤਹਿਤ ਸੜਕ ਹਾਦਸੇ ਦੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਲਈ 5 ਹਜ਼ਾਰ ਰੁਪਏ ਇਨਾਮ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਅਜ਼ਾਦੀ ਤੇ ਗਣਤੰਤਰ ਦਿਵਸ ਸਮਾਗਮਾਂ ਮੌਕੇ ਅਜਿਹੇ ਵਿਅਕਤੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 

ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰ ਸ਼ਹਿਰ ਤੇ ਪਿੰਡ ਵਿੱਚ ਸਾਰਾ ਸਾਲ ਲਗਾਤਾਰ ਟ੍ਰੈਫਿਕ ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਇਸ ਨਾਲ ਸਿਹਤ ਤੇ ਵਾਤਾਵਰਣ ਦੋਵੇਂ ਵਧੀਆ ਰਹਿਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਦਰਪੇਸ਼ ਟਰੈਫਿਕ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਅਤੇ ਕੌਮੀ ਮਾਰਗਾਂ ਉੱਤੇ ਬਣੇ ਗੈਰ ਕਾਨੂੰਨੀ ਕੱਟ ਬੰਦ ਕੀਤੇ ਜਾਣਗੇ।  

ਸ. ਭੁੱਲਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਦਾ ਚੰਗੀ ਸੰਗਤ ਵਿੱਚ ਰਹੀਏ, ਉਸ ਨਾਲ ਹੀ ਭਵਿੱਖ ਰੌਸ਼ਨ ਹੋਵੇਗਾ। ਵੱਖੋ-ਵੱਖ ਅਲਾਮਤਾਂ ਤੇ ਮਾੜੇ ਲੋਕਾਂ ਤੋਂ ਸੁਚੇਤ ਰਹਿਣ ਰਹਿਣ ਦੀ ਲੋੜ ਹੈ ਤਾਂ ਜੋ ਸਾਡੇ ਵਿਦਿਆਰਥੀ ਪੂਰੇ ਦੇਸ਼ ਵਿੱਚ ਉੱਚ ਅਹੁਦੇ ਸੰਭਾਲ ਸਕਣ।

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਬਹੁਤ ਜ਼ਰੂਰੀ ਹੈ। ਸੜਕ ਹਾਦਸੇ ਵਿੱਚ ਮੌਤ ਹੋਣਾ ਹੀ ਨੁਕਸਾਨ ਨਹੀਂ ਹੈ, ਸਰੀਰ ਦਾ ਨਕਾਰਾ ਹੋਣਾ ਵੀ ਬਹੁਤ ਖ਼ਤਰਨਾਕ ਹੈ। ਹਰ ਰੋਜ਼ ਵੱਡੀ ਗਿਣਤੀ ਲੋਕ ਸੜਕ ਹਾਦਸਿਆਂ ਦੀ ਭੇਟ ਚੜ੍ਹਦੇ ਹਨ। ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਰਹੇ। ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਲਾਜ਼ਮੀ ਹੈ ਕਿਉਂਕਿ ਵਿਦਿਆਰਥੀ ਹੀ ਸੂਬੇ ਤੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਦੀ ਮੁਸ਼ਕਲ ਹੱਲ ਕਰਨ ਲਈ ਮੋਹਾਲੀ ਸ਼ਹਿਰ ਵਿਚ ਸਾਈਕਲ ਟਰੈਕ ਲਾਜ਼ਮੀ ਤੌਰ ਉੱਤੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸੈਮੀਨਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਹੁੰਦੇ ਰਹਿਣੇ ਚਾਹੀਦੇ ਹਨ।

ਡਾਇਰੈਕਟਰ ਜਨਰਲ ਲੀਡ ਏਜੰਸੀ ਪੰਜਾਬ ਸੜਕ ਸੁਰੱਖਿਆ ਕੌਂਸਲ ਸ੍ਰੀ ਆਰ. ਵੈਂਕਟਮ ਰਤਨਮ ਨੇ ਦੱਸਿਆ ਕਿ ਗਲੋਬਲ ਸੜਕ ਸੁਰੱਖਿਆ ਹਫ਼ਤੇ ਦਾ ਇਹ 7ਵਾਂ ਐਡੀਸ਼ਨ 21 ਮਈ, 2023 ਤੱਕ ਚੱਲੇਗਾ ਜਿਸ ਤਹਿਤ ਟਿਕਾਊ ਆਵਾਜਾਈ, ਖ਼ਾਸ ਤੌਰ 'ਤੇ ਪੈਦਲ ਚੱਲਣ, ਸਾਈਕਲ ਚਲਾਉਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਪੂਰੇ ਹਫ਼ਤੇ ਦੌਰਾਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮ
ਕੀਤੇ ਜਾਣਗੇ ਜਿਵੇਂ 15 ਮਈ ਨੂੰ ਹੈਲਮੇਟ ਅਤੇ ਸੀਟ-ਬੈਲਟ ਅਤੇ ਰਿਫਲੈਕਟਿਵ ਟੇਪ ਸਬੰਧੀ ਵਿਸ਼ੇਸ਼ ਮੁਹਿੰਮ ਤੇ ਪੈਡਸਟ੍ਰੀਅਨ ਦੀ ਮੁਰੰਮਤ ਸਬੰਧੀ ਵਿਸ਼ੇਸ਼ ਮੁਹਿੰਮ, 16 ਮਈ ਨੂੰ ਪੈਦਲ ਚੱਲਣ ਵਾਲੀਆਂ ਕਰਾਸਿੰਗਾਂ ਦੀ ਪੇਂਟਿੰਗ, 17 ਮਈ ਨੂੰ ਗੈਰ-ਮੋਟਰਾਈਜ਼ਡ ਟਰਾਂਸਪੋਰਟ (ਜਿਵੇਂ ਸਾਈਕਲ ਆਦਿ) 'ਤੇ ਦਫ਼ਤਰਾਂ ਨੂੰ ਆਉਣਾ-ਜਾਣਾ, 18 ਮਈ ਨੂੰ ਨਾਬਾਲਗਾਂ ਵੱਲੋਂ ਕੀਤੀ ਜਾਂਦੀ ਡਰਾਈਵਿੰਗ ਨੂੰ ਰੋਕਣ ਲਈ ਵਿਸ਼ੇਸ਼ ਟ੍ਰੈਫਿਕ ਚੈਕਿੰਗ, ਸਕੂਲਾਂ ਵਿੱਚ ਸੜਕ ਸੁਰੱਖਿਆ 'ਤੇ ਪੇਂਟਿੰਗ ਅਤੇ ਲੇਖ ਮੁਕਾਬਲੇ, 19 ਮਈ ਨੂੰ ਸੜਕਾਂ ਅਤੇ ਫੁੱਟਪਾਥਾਂ 'ਤੇ ਕਬਜ਼ੇ ਵਿਰੋਧੀ ਮੁਹਿੰਮ ਅਤੇ 20 ਮਈ ਨੂੰ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਹਾਫ਼-ਮੈਰਾਥਨ ਅਤੇ ਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਸ੍ਰੀ ਏ.ਐਸ. ਰਾਏ, ਏ.ਡੀ.ਜੀ.ਪੀ. (ਟ੍ਰੈਫ਼ਿਕ) ਨੇ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹਿਤ ਕੈਮਰੇ ਲੱਗੇ ਹਨ ਅਤੇ ਚਲਾਨ ਕੱਟ ਕੇ ਉਲੰਘਣਾ ਕਰਨ ਵਾਲੇ ਦੇ ਘਰ ਪੁੱਜ ਜਾਂਦਾ ਹੈ , ਉਸੇ ਤਰਜ਼ ਉੱਤੇ ਮੋਹਾਲੀ ਤੋਂ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਥੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹਿੱਤ ਸਖ਼ਤੀ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਪੂਰਣ ਰੂਪ ਵਿੱਚ ਟ੍ਰੈਫ਼ਿਕ ਨਿਯਮ ਲਾਗੂ ਕੀਤੇ ਜਾਣਗੇ।

ਸਮਾਗਮ ਦੌਰਾਨ ਐਨ.ਜੀ.ਓਜ਼ 'ਅਰਾਈਵ ਸੇਫ਼' ਤੋਂ ਹਰਮਨ ਸਿੱਧੂ ਅਤੇ 'ਅਵਾਇਡ ਐਕਸੀਡੈਂਟ' ਤੋਂ ਹਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਗਰਗ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਕੱਤਰ ਸਿੰਘ ਬੱਲ ਵਧੀਕ ਐਸ.ਟੀ.ਸੀ, ਐਸ.ਡੀ.ਐਮ. ਸਰਬਜੀਤ ਕੌਰ, ਸਕੱਤਰ ਆਰ.ਟੀ.ਏ. ਮੋਹਾਲੀ ਪਰਦੀਪ ਢਿੱਲੋਂ, ਸਕੱਤਰ ਆਰ.ਟੀ.ਏ. ਹੁਸ਼ਿਆਰਪੁਰ ਰਵਿੰਦਰ ਸਿੰਘ ਗਿੱਲ, ਸਕੱਤਰ ਆਰ.ਟੀ.ਏ. ਗੁਰਦਾਸਪੁਰ ਦਵਿੰਦਰ ਕੁਮਾਰ, ਸੈਕਸ਼ਨ ਅਫਸਰ ਦਰਸ਼ਨ ਸਿੰਘ ਭਾਟੀਆ, ਮੋਟਰ ਵੀਹਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਉਰਾ, ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਵਿਦਿਆਰਥੀ ਤੇ ਪਤਵੰਤੇ ਹਾਜ਼ਰ ਸਨ।