ਪੰਜਾਬ ਦੇ ਬਾਗਬਾਨੀ ਖੇਤਰ ਨੇ 2024 ਦੌਰਾਨ ਨਵੀਆਂ ਬੁਲੰਦੀਆਂ ਨੂੰ ਛੂਹਿਆਂ
ਪੰਜਾਬ ਨੂੰ ਖੇਤਬਾੜੀ ਦੇ ਬੁਨਿਆਦੀ ਢਾਂਚੇ ਲਈ ਪਹਿਲਾ ਸਥਾਨ ਹਾਸਲ, 19,408 ਪ੍ਰੋਜੈਕਟ ਅਤੇ 4,478 ਕਰੋੜ ਰੁਪਏ ਦੀ ਏ.ਆਈ.ਐਫ ਅਧੀਨ ਮਨਜ਼ੂਰੀ
ਕੋਕੂਨ ਦੀਆਂ ਕੀਮਤਾਂ ₹550 ਤੋਂ ₹1,250 ਪ੍ਰਤੀ ਕਿਲੋਗ੍ਰਾਮ ਤੱਕ ਵਧੀਆਂ, ਕਿਸਾਨਾਂ ਦੀ ਕਮਾਈ ਵਿੱਚ ਹੋਇਆ ਵਾਧਾ
ਫ਼ਸਲੀ ਵਿਭਿੰਨਤਾ ’ਤੇ ਸੂਬਾ ਸਰਕਾਰ ਦਾ ਵਿਸ਼ੇਸ਼ ਧਿਆਨ, ਬਾਗਬਾਨੀ ਅਧੀਨ ਰਕਬਾ 4,39,210 ਤੋਂ ਵਧ ਕੇ 4,81,616 ਹੈਕਟੇਅਰ ਹੋਇਆ
ਚੰਡੀਗੜ੍ਹ, 29 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਬਾਨੀ ਖੇਤਰ ਦੇ ਵਿਸਥਾਰ ਅਤੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਬਾਗ਼ਬਾਨੀ ਦੇ ਵਿਕਾਸ ਲਈ ਵਿਭਾਗ ਨੇ ਸਾਲ 2024 ਵਿੱਚ ਵੱਖ-ਵੱਖ ਪਹਿਲਕਦਮੀਆਂ ਕੀਤੀਆਂ।
ਮੰਤਰੀ ਸ੍ਰੀ ਭਗਤ ਨੇ ਪੇਂਡੂ ਸਸ਼ਕਤੀਕਰਨ ਅਤੇ ਖੇਤੀ ਨਵੀਨਤਾ ਲਈ ਸਰਕਾਰ ਦੀਆ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਨੇ ਖੇਤੀ ਦੇ ਵਿਕਾਸ ਲਈ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਤਹਿਤ 19,408 ਪ੍ਰੋਜੈਕਟਾਂ ਅਤੇ 4,478 ਕਰੋੜ ਰੁਪਏ ਦੇ ਮਿਆਦੀ ਕਰਜ਼ੇ ਮਨਜ਼ੂਰ ਕਰਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ’ਤੇ ਜ਼ੋਰ ਦੇਣ ਸਦਕਾ ਬਾਗਬਾਨੀ ਖੇਤਰ ਅਧੀਨ ਰਕਬਾ 4,39,210 ਤੋਂ ਵਧ ਕੇ 4,81,616 ਹੈਕਟੇਅਰ ਹੋ ਗਿਆ ਹੈ।
ਮੰਤਰੀ ਨੇ ਕਿਹਾ ਕਿ ਸਕੌਚ ਨੈਸ਼ਨਲ ਅਵਾਰਡ 2024 ਵਿੱਚ ਪੰਜਾਬ ਨੇ ਮਾਨਤਾ ਹਾਸਲ ਕੀਤੀ ਹੈ, ਜਿਸ ਵਿੱਚ ਸੂਬੇ ਨੇ ਰੇਸ਼ਮ ਦੀ ਖੇਤੀ ਪ੍ਰੋਜੈਕਟ, ਮਹਿਲਾ ਸਸ਼ਕਤੀਕਰਨ ਅਤੇ ਰੇਸ਼ਮ ਦੀ ਖੇਤੀ ਰਾਹੀਂ ਸਮਾਜਿਕ-ਆਰਥਿਕ ਵਿਕਾਸ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਉਹਨਾਂ ਦੱਸਿਆ ਕਿ ਪੰਜਾਬ ਨੇ ਉਪ-ਪਹਾੜੀ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੰਗਲੈਂਡ (ਯੂ.ਕੇ.) ਨੂੰ ਲੀਚੀ ਬਰਾਮਦ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਬਾਗਬਾਨੀ ਵਿਭਾਗ ਦੁਆਰਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ.ਪੀ.ਈ.ਡੀ.ਏ.) ਦੇ ਸਹਿਯੋਗ ਨਾਲ ਹਾਸਲ ਕੀਤੀ ਇਹ ਸ਼ਾਨਦਾਰ ਪ੍ਰਾਪਤੀ, ਵਿਸ਼ਵ ਪੱਧਰ ’ਤੇ ਬਾਗਬਾਨੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਯਤਨਾਂ ਨੂੰ ਦਰਸਾਉਂਦੀ ਹੈ।
ਉਨ੍ਹਾ ਕਿਹਾ ਕਿ 3,250 ਹੈਕਟੇਅਰ ਵਿੱਚ ਫੈਲੀ ਲੀਚੀ ਦੀ ਖੇਤੀ ਅਤੇ ਲਗਭਗ 13,000 ਮੀਟ੍ਰਿਕ ਟਨ ਸਾਲਾਨਾ ਪੈਦਾਵਾਰ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਭਵਿੱਖ ਵਿੱਚ ਨਿਰਯਾਤ ਲਈ ਨਵੇਂ ਰਾਹ ਖੁੱਲਣਗੇ।
ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਕਿਸਾਨਾਂ ਦੀ ਮਦਦ ਕਰਨ ਅਤੇ ਖੇਤੀ ਵਿੱਚ ਸੁਧਾਰ ਵਾਸਤੇ ਪੰਜਾਬ ਵਿੱਚ ਤਿੰਨ ਨਵੇਂ ਬਾਗਬਾਨੀ ਅਸਟੇਟ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਨਵੇ ਅਸਟੇਟਾਂ ਵਿੱਚ ਅੰਮ੍ਰਿਤਸਰ ਵਿੱਚ ਪੀਅਰ ਅਸਟੇਟ, ਪਟਿਆਲਾ ਵਿੱਚ ਗੁਆਵਾ ਅਸਟੇਟ ਅਤੇ ਪਠਾਨਕੋਟ ਵਿੱਚ ਲੀਚੀ ਅਸਟੇਟ ਸ਼ਾਮਲ ਹਨ।
ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ ਵੱਖ-ਵੱਖ ਕੰਮਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਵਿੱਚ ਨਵੇਂ ਬਾਗ ਲਗਾਉਣ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ, ਖੁੰਬਾਂ ਦੀ ਖੇਤੀ, ਮਧੂ ਮੱਖੀ ਪਾਲਣ, ਸੁਰੱਖਿਅਤ ਖੇਤੀ ਵਿਧੀਆਂ ਅਪਣਾਉਣ ਅਤੇ ਵਾਢੀ ਤੋਂ ਬਾਅਦ ਪ੍ਰਬੰਧਨ ਕਰਨਾ ਸ਼ਾਮਲ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਜ਼ਿਲਿ੍ਹਆਂ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚ ਕਰਤਾਰਪੁਰ, ਜਲੰਧਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਵੈਜੀਟੇਬਲਜ਼; ਬੀੜ ਚਾੜਿਕ, ਮੋਗਾ ਵਿੱਚ ਹਾਈ-ਟੈਕ ਵੈਜੀਟੇਬਲ ਸੀਡ ਸੈਂਟਰ; ਖਨੌਰਾ, ਹੁਸ਼ਿਆਰਪੁਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਸ (ਨਿੰਬੂ); ਧੋਗੜੀ, ਜਲੰਧਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਪੋਟੇਟੋ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਵਿਖੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਅਨਿਅਨ ਸਥਾਪਿਤ ਕੀਤੇ ਗਏ ਹਨ।
ਮੰਤਰੀ ਨੇ ਰੇਸ਼ਮ ਦੀ ਖੇਤੀ ਵਿੱਚ ਸ਼ਾਨਦਾਰ ਪ੍ਰਗਤੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੋਕੂਨ ਦੀ ਕੀਮਤ 550 ਰੁਪਏ ਤੋਂ ਵੱਧ ਕੇ 1,250 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਵਾਧਾ ਕਿਸਾਨਾਂ, ਵਿਸ਼ੇਸ਼ ਤੌਰ ’ਤੇ ਔਰਤਾਂ, ਜਿਹਨਾਂ ਦਾ ਇਸ ਸੈਕਟਰ ਵਿੱਚ 60 ਫ਼ੀਸਦ ਤੋਂ ਵੱਧ ਯੋਗਦਾਨ ਹੈ, ਲਈ ਬਿਹਤਰ ਕਮਾਈ ਨੂੰ ਯਕੀਨੀ ਬਣਾਉਂਦਾ ਹੈ।
ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਮੰਤਰੀ ਸ੍ਰੀ ਭਗਤ ਨੇ ਦੱਸਿਆ ਕਿ ਕੋਕੂਨ ਦਾ ਸਾਲਾਨਾ ਉਤਪਾਦਨ 29,000 ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਵੈ-ਨਿਰਭਰਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮਾਮੂਲੀ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੇ ਰੇਸ਼ਮ ਦੇ ਬੀਜ ਮੁਹੱਈਆ ਕਰਵਾਉਣ ਲਈ ਡਲਹੌਜ਼ੀ ਵਿੱਚ ਰੇਸ਼ਮ ਬੀਜ ਉਤਪਾਦਨ ਕੇਂਦਰ ਨੂੰ ਮੁੜ ਸਰਗਰਮ ਕਰ ਦਿੱਤਾ ਹੈ।
ਸ੍ਰੀ ਭਗਤ ਨੇ ਚੰਡੀਗੜ੍ਹ ਵਿੱਚ ਆਯੋਜਿਤ ਹੋਏ ਸਿਲਕ ਮਾਰਕ ਐਕਸਪੋ 2024 ਦੇ ਉਦਘਾਟਨ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਰੇਸ਼ਮ ਦੀ ਕਾਰੀਗਰੀ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਰੇਸ਼ਮ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਖੇਤਰੀ ਕਾਰੀਗਰਾਂ ਅਤੇ ਵਪਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਰੇਸ਼ਮ ਦੀ ਖੇਤੀ ਅਤੇ ਬਾਗਬਾਨੀ ਰਾਹੀਂ ਪੇਂਡੂ ਭਾਈਚਾਰਿਆਂ ਨੂੰ ਉੱਚਾ ਚੁੱਕਣ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਨੂੰ ਵੀ ਦਰਸਾਉਂਦੇ ਹਨ।
ਸ੍ਰੀ ਭਗਤ ਨੇ ਰੇਸ਼ਮ ਦੇ ਖੇਤਰ ਵਿੱਚ ਸੁਨਹਿਰੀ ਭਵਿੱਖ ਲਈ ਪੰਜਾਬ ਸਿਲਕ ਬ੍ਰਾਂਡ ਸਥਾਪਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿਲਕ ਰੀਲਿੰਗ ਯੂਨਿਟ ਸਥਾਪਤ ਕਰਨ ਸਬੰਧੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰੇਸ਼ਮ ਦੀ ਖੇਤੀ ਦਾ ਵਿਸਥਾਰ ਕਰਨ, ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਪੰਜਾਬ ਦੇ ਬਾਗਬਾਨੀ ਅਤੇ ਰੇਸ਼ਮ ਦੀ ਖੇਤੀ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।