ਸਾਲ 2024 ਦਾ ਅੰਤ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਦਾਨ
- 2.58 ਕਰੋੜ ਤੋਂ ਵੱਧ ਲੋਕਾਂ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਕਰਵਾਇਆ ਇਲਾਜ: ਡਾ. ਬਲਬੀਰ ਸਿੰਘ
- ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ ਕਿਫ਼ਾਇਤੀ ਦਰਾਂ ’ਤੇ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਦਾ ਲੈ ਸਕਦੇ ਹਨ ਲਾਭ: ਸਿਹਤ ਮੰਤਰੀ, ਪੰਜਾਬ
- ਸੜਕ ਹਾਦਸਿਆਂ ਦੇ ਪੀੜਤ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀਆਂ ਦਾ ਕੀਤਾ ਜਾ ਰਿਹਾ ਹੈ ਸਨਮਾਨ: ਡਾਕਟਰ ਬਲਬੀਰ ਸਿੰਘ
- ਪੰਜਾਬ ਸਰਕਾਰ ਨੇ ਪ੍ਰਾਜੈਕਟ ਸਟੈਮੀ ਅਤੇ ਪ੍ਰਾਜੈਕਟ ਸਟ੍ਰੋਕ ਵੀ ਕੀਤਾ ਸ਼ੁਰੂ
- ’ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਨੇ ਸਾਲ 2024 ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਨੂੰ 55 ਫੀਸਦ ਤੱਕ ਘਟਾਉਣ ਵਿੱਚ ਕੀਤੀ ਮਦਦ
- ਸੂਬੇ ਭਰ ਵਿੱਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ ਡਾਇਲਸਿਸ ਸਹੂਲਤ
- ਸੂਬੇ ਭਰ ਵਿੱਚ ਰੋਜ਼ਾਨਾ 3284 ਥਾਵਾਂ ’ਤੇ ਕਰਵਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਵਿੱਚ 1 ਲੱਖ ਤੋਂ ਵੱਧ ਲੋਕ ਲੈ ਰਹੇ ਹਨ ਲਾਭ
ਚੰਡੀਗੜ੍ਹ, 29 ਦਸੰਬਰ:
ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਇਸਦੇ ਕਾਇਆ ਕਲਪ ਕਰਨ ਲਈ ਸ਼ੁਰੂ ਕੀਤੇ ਸੁਪਨਮਈ ਪ੍ਰਾਜੈਕਟ ’ਆਮ ਆਦਮੀ ਕਲੀਨਿਕ’ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਨ੍ਹਾਂ ਕਲੀਨਿਕਾਂ ਤੋਂ 2.58 ਕਰੋੜ (1.08 ਕਰੋੜ ਪਹਿਲੀ ਵਾਰ ਆਉਣ ਵਾਲੇ ਮਰੀਜ਼/1.5 ਕਰੋੜ ਦੁਬਾਰਾ ਦਵਾਈ ਲੈਣ ਵਾਲੇ ਮਰੀਜ਼) ਲੋਕਾਂ ਨੇ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਲਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 75ਵੇਂ ਸੁਤੰਰਤਤਾ ਦਿਵਸ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਸਨ, ਜਿਸ ਨਾਲ ਇਹਨਾਂ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ 881 ਹੋ ਗਈ ਹੈ। ਇਨ੍ਹਾਂ 881 ਆਮ ਆਦਮੀ ਕਲੀਨਿਕ ਵਿੱਚੋਂ 316 ਸ਼ਹਿਰੀ ਖੇਤਰਾਂ ਵਿੱਚ ਜਦਕਿ 565 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਿਤ ਹਨ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਖੇ ਮਰੀਜ਼ਾਂ ਲਈ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਉਪਲਬਧ ਹਨ। ਇਨ੍ਹਾਂ ਕਲੀਨਿਕਾਂ ਨੇ ਸੂਬੇ ਦੇ ਲੋਕਾਂ ਨੂੰ ਸਿਹਤ ਸੰਭਾਲ ‘ਤੇ ਆਉਣ ਵਾਲੇ ਖਰਚੇ ਨੂੰ 1200 ਕਰੋੜ ਰੁਪਏ ਤੱਕ ਘਟਾਉਣ ਵਿੱਚ ਯੋਗਦਾਨ ਪਾਇਆ ਹੈ।
ਇਸ ਤੋਂ ਇਲਾਵਾ, ਸੂਬੇ ਦੇ ਲੋਕਾਂ ਨੂੰ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 3134 ਸਿਹਤ ਅਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਨਵਾਂ ਸਟਾਫ਼ ਭਾਵ ਕਮਿਊਨਿਟੀ ਹੈਲਥ ਅਫਸਰ ਵੀ ਸ਼ਾਮਲ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਸੈਕੰਡਰੀ ਸਿਹਤ ਸਹੂਲਤਾਂ ਵਿੱਚ ਜ਼ਰੂਰੀ ਦਵਾਈਆਂ ਦੀ ਸੂਚੀ (ਈ.ਡੀ.ਐਲ.) ਅਧੀਨ ਆਉਂਦੀਆਂ ਸਾਰੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜਨਵਰੀ 2024 ਵਿੱਚ ਫ੍ਰੀ ਡਰੱਗ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਸਥਾਨਕ ਪੱਧਰ ’ਤੇ ਸਿਵਲ ਸਰਜਨਾਂ ਅਤੇ ਐੱਸ.ਐੱਮ.ਓਜ਼ ਨੂੰ ਈ.ਡੀ.ਐਲ. ਤੋਂ ਬਾਹਰ ਵਾਲੀਆਂ ਦਵਾਈਆਂ ਜਾਂ ਕਿਸੇ ਖਾਸ ਦਵਾਈਆਂ ਦੀ ਘਾਟ ਹੋਣ ਦੀ ਸੂਰਤ ਵਿੱਚ ਇਹਨਾਂ ਦੀ ਖਰੀਦ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਸਰਕਾਰੀ ਸਿਹਤ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਇਸ ਸਾਲ ਜਨਵਰੀ ਵਿੱਚ ਡਾਇਗਨੌਸਟਿਕ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ਵਿਖੇ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਕੁੱਲ 202 ਐਕਸ-ਰੇ ਕੇਂਦਰਾਂ ਅਤੇ 389 ਅਲਟਰਾਸਾਊਂਡ ਕੇਂਦਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਕਿਫ਼ਾਇਤੀ ਕੀਮਤ ‘ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਨਵਰੀ 2024 ਤੋਂ ਬਾਅਦ ਕਲਰ ਡੋਪਲਰ/ਅਲਟਰਾਸਾਊਂਡ ਮਸ਼ੀਨਾਂ ਦੀ ਗਿਣਤੀ 65 ਤੋਂ ਵਧਾ ਕੇ 98 ਅਤੇ ਐਕਸ-ਰੇ ਮਸ਼ੀਨਾਂ ਦੀ ਗਿਣਤੀ 368 ਤੋਂ ਵਧਾ ਕੇ 384 ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸਾਰੇ ਜ਼ਿਲ੍ਹਾ ਹਸਪਤਾਲ (ਡੀ.ਐਚਜ਼), ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚਜ਼) ਅਤੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀਜ਼) ਵਿਖੇ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਉਪਲਬਧ ਹਨ। ਹੁਣ ਤੱਕ ਕੁੱਲ 10.11 ਲੱਖ ਮਰੀਜ਼ਾਂ (7.76 ਲੱਖ ਐਕਸ-ਰੇ ਸੇਵਾਵਾਂ ਅਤੇ 2.34 ਲੱਖ ਯੂ.ਐਸ.ਜੀ. ਸੇਵਾਵਾਂ) ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲਿਆ ਹੈ।
ਵਿਭਾਗ ਨੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਵਿਸਤਾਰ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਸ ਪ੍ਰਗਤੀ ਵਿੱਚ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਨੂੰ ਕਾਰਜਸ਼ੀਲ ਕਰਨ, ਨਵੇਂ ਮਦਰ ਐਂਡ ਚਾਈਲਡ ਹੈਲਥਕੇਅਰ (ਐਮ.ਸੀ.ਐਚ.) ਵਿੰਗਾਂ ਦੀ ਸਥਾਪਨਾ ਅਤੇ ਮਾਹਿਰ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਡੀ.ਐਨ.ਬੀ. ਪ੍ਰਾਗਰਾਮ ਦਾ ਵਿਸਤਾਰ ਸ਼ਾਮਲ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੱਬ ਅਤੇ ਸਪੋਕ ਮਾਡਲ ’ਤੇ ਆਧਾਰਿਤ ਪੰਜਾਬ ਸਟੈਮੀ ਪ੍ਰਾਜੈਕਟ ਨੂੰ ਅੱਠ ਜ਼ਿਲਿ੍ਹਆਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਛਾਤੀ ਦੇ ਦਰਦ ਵਾਲੇ 7,000 ਤੋਂ ਵੱਧ ਮਰੀਜ਼ ਸ਼ਾਮਲ ਹਨ। ਇਸ ਪ੍ਰਾਜੈਕਟ ਦਾ ਮੰਤਵ ਥ੍ਰੋਮਬੋਲਾਈਸਿਸ ’ਤੇ ਧਿਆਨ ਕੇਂਦ੍ਰਤ ਕਰਦਿਆਂ, ਸਟੈਮੀ (ਦਿਲ ਦਾ ਦੌਰਾ) ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਪ੍ਰਭਾਵੀ ਇਲਾਜ ਪ੍ਰਦਾਨ ਕਰਨਾ ਹੈ। ਟੈਨਿਕਟੀਪਲੇਸ ਇੰਜੈਕਸ਼ਨ- ਜੋ ਦਿਲ ਵਿੱਚ ਖੂਨ ਦੇ ਥੱਕੇ ਨੂੰ ਖੋਰਨ ਵਿੱਚ ਮਦਦ ਕਰਦਾ ਹੈ- ਜਿਸਦੀ ਕੀਮਤ 25000 ਤੋਂ 35000 ਰੁਪਏ ਤੱਕ ਹੈ, ਨੂੰ ਇਸ ਪ੍ਰਾਜੈਕਟ ਤਹਿਤ ਮੁਫਤ ਲਗਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਵਿੱਚ ਖੂਨ ਦੇ ਥੱਕੇ ਨੂੰ ਖੋਰਨ ਵਿੱਚ ਮਦਦ ਕਰਦਾ ਹੈ। ਇਸ ਪ੍ਰਾਜੈਕਟ ਦਾ ਵਿਸਤਾਰ ਹੁਣ ਬਾਕੀ 15 ਜ਼ਿਲਿ੍ਹਆਂ ਵਿੱਚ ਵੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਤਿੰਨ ਸਰਕਾਰੀ ਮੈਡੀਕਲ ਕਾਲਜ ਅਤੇ ਏਮਜ਼ ਬਠਿੰਡਾ ਸਮੇਤ 4 ਨਵੇਂ ਹੱਬ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਅਕਤੂਬਰ 2024 ਵਿੱਚ ਪੰਜਾਬ ਸਟ੍ਰੋਕ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਇਸਕੇਮਿਕ ਸਟ੍ਰੋਕ ਤੋਂ ਪੀੜਤ ਲਗਭਗ 200 ਸਟ੍ਰੋਕ ਮਰੀਜ਼ਾਂ ਨੂੰ ਮੁਫਤ ਮਕੈਨੀਕਲ ਥਰੋਮਬੈਕਟੋਮੀ ਪ੍ਰਦਾਨ ਕਰਨਾ ਹੈ। ਇਹ ਪ੍ਰਾਜੈਕਟ ਵੀ ਹੱਬ ਅਤੇ ਸਪੋਕ ਮਾਡਲ ’ਤੇ ਅਧਾਰਤ ਹੈ, ਜਿਸ ਵਿੱਚ ਸੀ.ਐਮ.ਸੀ. ਲੁਧਿਆਣਾ ਨੂੰ ਹੱਬ ਅਤੇ 3 ਜ਼ਿਲ੍ਹਾ ਹਸਪਤਾਲਾਂ ਨੂੰ ਸਪੋਕ ਵਜੋਂ ਸ਼ਾਮਲ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਸਫ਼ਲਤਾਪੂਰਵਕ ਚੱਲ ਰਹੀ ਹੈ ਅਤੇ ਸਾਲ 2024 ਵਿੱਚ ਡੇਂਗੂ ਦੇ ਕੇਸਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 55 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 70 ਫੀਸਦੀ ਦੀ ਆਈ ਹੈ।
ਉਨ੍ਹਾਂ ਦੱਸਿਆ ਕਿ ਗੁਰਦਿਆਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੰਸ ਫਾਊਂਡੇਸ਼ਨ, ਮਾਤਾ ਗੁਜਰੀ ਟਰੱਸਟ ਜਗਰਾਉਂ ਅਤੇ ਹੈਲਪਫੁੱਲ ਐਨਜੀਓ ਸਮੇਤ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ, 23 ਜ਼ਿਲ੍ਹਾ ਹਸਪਤਾਲਾਂ, 14 ਸਬ-ਡਵੀਜ਼ਨਲ ਹਸਪਤਾਲਾਂ, ਤਿੰਨ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਸਥਿਤ 40 ਡਾਇਲਸਿਸ ਕੇਂਦਰਾਂ ਵਿੱਚ 168 ਡਾਇਲਸਿਸ ਮਸ਼ੀਨਾਂ ਉਪਲੱਬਧ ਹਨ। ਅਪ੍ਰੈਲ 2024 ਤੋਂ ਨਵੰਬਰ 2024 ਤੱਕ 4831 ਮਰੀਜ਼ਾਂ ਨੂੰ 32800 ਡਾਇਲਸਿਸ ਸੈਸ਼ਨ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਤੇ ਨਿਰਵਿਘਨ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸਦੀ ਸ਼ੁਰੂਆਤ ਤੋਂ ਲੈ ਕੇ, ਇਸ ਸਕੀਮ ਤਹਿਤ ਲਗਭਗ 223 ਦੁਰਘਟਨਾ ਪੀੜਤਾਂ ਨੂੰ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਜੋ ਸੜਕ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਦਰ ਨੂੰ ਘਟਾਉਣ ਵਿੱਚ ਇਸਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਅਤੇ ਪੀੜਤਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਅਜਿਹੇ "ਫਰਿਸ਼ਤਿਆਂ" ਨੂੰ 2000 ਰੁਪਏ ਦੇ ਨਕਦ ਇਨਾਮ, ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਕਾਨੂੰਨੀ ਪੇਚੀਦਗੀਆਂ ਤੇ ਪੁਲਿਸ ਪੁੱਛਗਿੱਛ ਤੋਂ ਰਾਹਤ ਦਿੱਤੀ ਜਾਂਦੀ ਹੈ। ਹੁਣ ਤੱਕ, 66 "ਫਰਿਸ਼ਤੇ" ਰਾਜ ਸਿਹਤ ਏਜੰਸੀ (ਐਸ.ਐਚ.ਏ) ਪੰਜਾਬ ਨਾਲ ਰਜਿਸਟਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸ.ਏ.ਐਸ.ਨਗਰ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਏਰੀ ਸਾਇੰਸਜ਼ ਵੀ ਲੋਕਾਂ ਨੂ ਸਮਰਪਿਤ ਕੀਤਾ ਗਿਆ ਹੈ ਜਿੱਥੇ ਲੋਕ ਯੂ.ਜੀ.ਆਈ. ਐਂਡੋਸਕੋਪੀ, ਫਾਈਬਰੋਸਕਨ, ਐਂਡੋਸਕੋਪਿਕ ਅਲਟਰਾਸਾਊਂਡ ਅਤੇ ਈ.ਆਰ.ਸੀ.ਪੀ. ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਇੰਸਟੀਚਿਊਟ ਨੂੰ ਦਿ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਏਰੀ ਸਾਇੰਸਜ਼ (ਆਈ.ਐਲ.ਬੀ.ਐਸ.), ਨਵੀਂ ਦਿੱਲੀ ਦੀ ਤਰਜ਼ ‘ਤੇ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਸਮੇਤ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤੀਜੇ ਦਰਜੇ ਦੀਆਂ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ, ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਐਚ.ਬੀ.ਸੀ.ਐਚ.ਆਰ.ਸ.) ਮੁੱਲਾਂਪੁਰ ਅਤੇ ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਵਿਖੇ ਕੈਂਸਰ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨਮਈ ਪ੍ਰਾਜੈਕਟ "ਸੀ.ਐਮ. ਦੀ ਯੋਗਸ਼ਾਲਾ" ਦੀ ਸਾਰੇ ਜ਼ਿਲਿ੍ਹਆਂ ਵਿੱਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਯਾਬ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਜਨਤਕ ਮੁਹਿੰਮ ਨੂੰ ਪਿੰਡ ਅਤੇ ਬਲਾਕ ਪੱਧਰ ’ਤੇ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਸਰਕਾਰ ਵੱਲੋਂ 580 ਯੋਗਾ ਟ੍ਰੇਨਰਾਂ ਦੀ ਭਰਤੀ ਕੀਤੀ ਹੈ ਅਤੇ ਮੌਜੂਦਾ ਸਮੇਂ ਰੋਜ਼ਾਨਾ ਸਵੇਰੇ 3284 ‘ਸੀ.ਐਮ. ਦੀ ਯੋਗਸ਼ਾਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 1 ਲੱਖ ਤੋਂ ਵੱਧ ਲੋਕ ਲਾਭ ਲੈ ਰਹੇ ਹਨ।