Arth Parkash : Latest Hindi News, News in Hindi
ਝੋਨੇ ਦੇ ਸੀਜ਼ਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ-ਮੁੱਖ ਮੰਤਰੀ 10, 16, 19 ਅਤੇ 21 ਜੂਨ ਨੂੰ ਸੂਬੇ ਵਿਚ ਪੜਾਅਵਾਰ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ
Monday, 15 May 2023 00:00 am
Arth Parkash : Latest Hindi News, News in Hindi

Arth Parkash : Latest Hindi News, News in Hindi


ਝੋਨੇ ਦੇ ਸੀਜ਼ਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ-ਮੁੱਖ ਮੰਤਰੀ


ਦੋ ਵੱਡੀਆਂ ਸਰਕਾਰ-ਕਿਸਾਨ ਮਿਲਣੀਆਂ 'ਚ ਮਿਲੇ ਸੁਝਾਵਾਂ ਤੋਂ ਬਾਅਦ ਝੋਨੇ ਦੀ ਬਿਜਾਈ ਨੂੰ ਚਾਰ ਭਾਗਾਂ 'ਚ ਵੰਡਿਆ-ਮੁੱਖ ਮੰਤਰੀ


10, 16, 19 ਅਤੇ 21 ਜੂਨ ਨੂੰ ਸੂਬੇ ਵਿਚ ਪੜਾਅਵਾਰ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ


ਕਿਸਾਨਾਂ ਨੂੰ ਪਿਛਲੇ ਸਾਲ ਵਾਂਗ 8 ਘੰਟੇ ਨਿਰਵਿਘਨ ਬਿਜਲੀ ਮਿਲੇਗੀ-ਮੁੱਖ ਮੰਤਰੀ


ਪਿਛਲੇ ਸਾਲ ਵਾਂਗ ਇਸ ਵਾਰ ਵੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ


ਸਰਕਾਰ ਵੱਲੋਂ ਇਸ ਵਾਰ ਵੱਧ ਤੋਂ ਵੱਧ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼- ਮੁੱਖ ਮੰਤਰੀ


ਚੰਡੀਗੜ੍ਹ, 15 ਮਈ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਵਿਚ ਅਗਾਮੀ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਪੁਖਤਾ ਤਿਆਰ ਕੀਤੀ ਗਈ ਹੈ।          


ਇਕ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਦੋ ਵਾਰ ਹੋ ਚੁੱਕੀਆਂ ਵਿਸ਼ਾਲ ਸਰਕਾਰ-ਕਿਸਾਨ ਮਿਲਣੀਆਂ ਦੌਰਾਨ ਕਿਸਾਨਾਂ ਤੋਂ ਮਿਲੇ ਸੁਝਾਵਾਂ ਅਨੁਸਾਰ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ ਝੋਨੇ ਦੀ ਬਿਜਾਈ ਪੜਾਅਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਝੋਨੇ ਦੀ ਬਿਜਾਈ 10 ਜੂਨ, 16 ਜੂਨ, 19 ਜੂਨ ਅਤੇ 21 ਜੂਨ ਨੂੰ ਸ਼ੁਰੂ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਿਜਾਈ ਦੀ ਪੜਾਅਵਾਰ ਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ।


ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ  ਲਾਉਣ ਲਈ ਨਿਰਵਿਘਨ ਸਿੰਚਾਈ ਯਕੀਨੀ ਬਣਾਉਣ ਵਾਸਤੇ ਪਹਿਲੇ ਪੜਾਅ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਦੇ ਖੇਤਰਾਂ ਵਿੱਚ ਝੋਨੇ ਦੀ ਲੁਆਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋ ਜਾਵੇਗਾ, ਜਿਸ ਲਈ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ ਸੱਤ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਐਸ.ਬੀ.ਐਸ.ਨਗਰ ਅਤੇ ਤਰਨਤਾਰਨ ਵਿੱਚ 16 ਜੂਨ ਤੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਭਗਵੰਤ ਮਾਨ ਨੇ ਦੱਸਿਆ ਕਿ ਤੀਜੇ ਪੜਾਅ ਤਹਿਤ ਸੱਤ ਜ਼ਿਲ੍ਹਿਆਂ ਰੂਪਨਗਰ, ਐਸ.ਏ.ਐਸ.ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਵਿੱਚ 19 ਜੂਨ ਤੋਂ ਝੋਨਾ ਲਾਉਣਾ ਯਕੀਨੀ ਬਣਾਇਆ ਜਾਵੇਗਾ ਜਦਕਿ ਬਾਕੀ ਦੇ ਨੌਂ ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ਵਿੱਚ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਵੇਗੀ ਜਿਸ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।


ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਬਹੁਮੁੱਲੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੂਬਾ ਭਰ ਵਿੱਚ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨੀਕ ਲਈ ਬਿਜਲੀ ਦੀ ਸਪਲਾਈ 20 ਮਈ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੀ ਪੜਾਅਵਾਰ ਬਿਜਾਈ ਲਈ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ ਤੋਂ ਗੁਰੇਜ਼ ਕਰਨ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਬੀਜਣ ਅਤੇ ਸਬਜ਼ੀਆਂ ਸਮੇਤ ਸਿੰਚਾਈ ਦੀਆਂ ਆਮ ਲੋੜਾਂ ਲਈ ਚਾਰ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।


ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਹਰ ਹੀਲੇ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਪਾਣੀ ਦੀ ਢੁਕਵੀਂ ਸਪਲਾਈ ਮਿਲੇਗੀ ਅਤੇ ਬਿਜਲੀ ਦੇਣ ਲਈ ਸੂਬਾ ਸਰਕਾਰ ਕੋਲ ਕੋਲੇ ਦਾ 45 ਦਿਨਾਂ ਦਾ ਭੰਡਾਰ ਮੌਜੂਦ ਹੈ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤੇਜ਼ੀ ਨਾਲ ਘਟ ਰਹੇ ਪਾਣੀ ਦੇ ਪੱਧਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸੂਬਾ ਸਰਕਾਰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਦੀ ਤਕਨੀਕ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਮੁਨਾਸਬ ਮੌਕਾ ਹੈ ਕਿ ਪੂਸਾ ਕਿਸਮ ਦੇ ਝੋਨੇ ਦੀ ਲੁਆਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵਾਤਾਤਵਰਣ ਪੱਖੀ ਅਤੇ ਆਰਥਿਕ ਤੌਰ 'ਤੇ ਵਿਵਹਾਰਕ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ ਉਤੇ ਅਪਣਾਇਆ ਜਾਵੇ ਜੋ ਕਿ ਧਰਤੀ ਹੇਠਲੇ ਪਾਣੀ ਨੂੰ 15-20 ਫੀਸਦੀ ਤੱਕ ਬਚਾਉਣ ਦੇ ਨਾਲ-ਨਾਲ 10 – 15 ਫੀਸਦੀ ਤੱਕ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ 'ਚ ਵੀ ਸਹਾਈ ਹੋਵੇਗਾ। ਇਸ ਤੋਂ ਇਲਾਵਾ ਮਜ਼ਦੂਰੀ ਸਮੇਤ ਖਰਚਾ ਲਾਗਤ 'ਤੇ 3000 ਪ੍ਰਤੀ ਏਕੜ ਦੀ ਬੱਚਤ ਵੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਡੀ.ਐਸ.ਆਰ. ਤਕਨੀਕ ਦੀ ਚੋਣ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸੀ ਵਜੋਂ ਸੂਬਾ ਸਰਕਾਰ ਵੱਲੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਪੀ.ਆਰ. ਕਿਸਮਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ।