ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ
ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ
ਅੰਮ੍ਰਿਤਸਰ, 28 ਦਸੰਬਰ 2024---
ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ ਸੁਰੱਖਿਆ ਮਾਪਦੰਡ, ਜਿਨਾਂ ਵਿੱਚ ਚਿੱਟੀ ਪੱਟੀ ਸਭ ਤੋਂ ਅਹਿਮ ਹੈ, ਸਾਰੇ ਅਜਨਾਲੇ ਹਲਕੇ ਦੀਆਂ ਸੜਕਾਂ ਉੱਤੇ ਲਗਵਾਈ ਜਾਵੇਗੀ ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਤੋਂ ਲੁਹਾਰਕਾ ਰੋਡ ਉੱਤੇ ਚਿੱਟੀ ਪੱਟੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਅਜਨਾਲਾ ਹਲਕੇ ਵਿੱਚ ਸੜਕਾਂ ਬਣਾਉਣ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ ਅਤੇ ਆ ਰਹੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਸੁਰੱਖਿਆ ਮਾਪਦੰਡਾਂ ਲਈ ਜਰੂਰੀ ਚਿੱਟੀ ਪੱਟੀ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ , ਜੋ ਕਿ ਅਗਲੇ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਧੁੰਦ ਅਤੇ ਖਰਾਬ ਮੌਸਮ ਵਿੱਚ ਇਹ ਪੱਟੀ ਰਾਹਗੀਰ ਨੂੰ ਆਪਣੀ ਗੱਡੀ ਸਹੀ ਥਾਂ ਚਲਾਉਣ ਵਿੱਚ ਮਦਦ ਕਰਦੀ ਹੀ ਹੈ, ਇਸ ਤੋਂ ਇਲਾਵਾ ਵੀ ਮਾਨਸਿਕ ਤੌਰ ਉੱਤੇ ਗੱਡੀ ਚਾਲਕ ਇਸ ਪੱਟੀ ਦੀ ਸਹਾਇਤਾ ਨਾਲ ਆਪਣੇ ਪਾਸੇ ਗੱਡੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਸੜਕਾਂ ਉੱਤੇ ਹਾਦਸੇ ਘਟਦੇ ਹਨ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਅਜਨਾਲਾ ਹਲਕੇ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਦੀ ਹੈ ਅਤੇ ਇਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।