ਵੋਟਰ ਕਾਰਡ ਨਾ ਹੋਣ ਦੀ ਸੂਰਤ ਵਿੱਚ 14 ਹੋਰ ਦਸਤਾਵੇਜ਼ਾਂ ਰਾਹੀਂ ਵੋਟਰ ਵੋਟ ਪਾ ਸਕਣਗੇ—ਐਸ.ਡੀ.ਐਮ.
*21 ਦਸੰਬਰ ਨੂੰ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਮਾਨਸਾ, 16 ਦਸੰਬਰ :
ਨਗਰ ਪੰਚਾਇਤ ਸਰਦੂਲਗੜ੍ਹ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜਿ਼ਲ੍ਹਾ ਚੋਣ ਅਫ਼ਸਰ ਸ਼੍ਰੀ ਕੁਲਵੰਤ fੰਸੰਘ ਆਈ.ਏ.ਐਸ. ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਰਿਟਰਨਿੰਗ ਅਫ਼ਸਰ—ਕਮ—ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ ਆਈ.ਏ.ਐਸ. ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਉਲੀਕੇ ਪ੍ਰੋਗਰਾਮ ਤਹਿਤ ਅੱਜ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਵੋਟਰ ਕਾਰਡ ਨਹੀਂ ਹੈ ਜਾਂ ਉਸ ਦੇ ਵੋਟਰ ਸ਼ਨਾਖ਼ਤੀ ਕਾਰਡ ਵਿੱਚ ਕੋਈ ਗਲਤੀ ਹੈ ਤਾਂ ਉਹ ਵੋਟਰ 14 ਹੋਰ ਦਸਤਾਵੇਜ਼ ਦਿਖਾ ਕੇ ਵੀ ਆਪਣੀ ਵੋਟ ਪਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪਰੰਤੂ ਵੋਟਰ ਜਿਸ ਪੋਲਿੰਗ ਸਟੇਸ਼ਨ ਤੋਂ ਵੋਟ ਪਾ ਰਿਹਾ ਹੈ, ਉਸਦੀ ਵੋਟਰ ਸੂਚੀ ਵਿੱਚ ਵੋਟਰ ਦਾ ਨਾਮ ਦਰਜ ਹੋਣਾ ਲਾਜ਼ਮੀ ਹੋਵੇਗਾ।
ਸ਼੍ਰੀ ਨਿਤੇਸ਼ ਕੁਮਾਰ ਜੈਨ ਨੇ ਦੱਸਿਆ ਕਿ ਵੋਟਰ ਕਾਰਡ ਤੋਂ ਇਲਾਵਾ ਵੋਟਰ ਵੋਟ ਪਾਉਣ ਸਮੇਂ ਅਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਸਮੇਤ ਹਥਿਆਰ ਦਾ ਲਾਇਸੰਸ, ਫੋਟੋ ਵਾਲਾ ਪੈਨ ਕਾਰਡ, ਮਨਰੇਗਾ ਜੋਬ ਕਾਰਡ, ਰਾਸ਼ਨ ਕਾਰਡ ਜਾਂ ਨੀਲਾ ਕਾਰਡ, ਪੈਨਸ਼ਨ ਦਸਤਾਵੇਜ਼ ਸਮੇਤ ਫੋਟੋ, ਆਜ਼ਾਦੀ ਘੁਲਾਟੀਏ ਦਾ ਆਈ.ਡੀ. ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋਆਂ ਵਾਲੀ ਪਾਸਬੁੱਕ, ਕਿਰਤ ਮੰਤਰਾਲੇ ਵਿੱਚ ਜਾਰੀ ਕੀਤਾ ਗਿਆ ਸਿਹਤ ਬੀਮਾ, ਸੰਸਦ ਮੈਂਬਰ, ਵਿਧਾਇਕਾਂ, ਐਮ.ਐਲ.ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਤ ਪਛਾਣ ਪੱਤਰ, ਯੂ.ਡੀ.ਆਈ.ਡੀ. ਵਿਲੱਖਣ ਅਸਮਰੱਥਾ ਕਾਰਡ ਜੋ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਕੇਂਦਰੀ, ਰਾਜ ਸਰਕਾਰ, ਪੀ.ਐਸ.ਯੂਜ਼, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋ ਵਾਲੇ ਸੇਵਾ ਪਛਾਣ ਪੱਤਰ ਦਿਖਾ ਕੇ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ।
ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 21 ਦਸੰਬਰ 2024 ਨੂੰ ਵੋਟ ਵਾਲੇ ਦਿਨ ਆਪਣੀ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨ। ਇਸ ਤੋਂ ਇਲਾਵਾ ਅੱਜ ਸ਼੍ਰੀ ਨਿਤੇਸ਼ ਕੁਮਾਰ ਜੈਨ ਵੱਲੋਂ ਜਿ਼ਲ੍ਹਾ ਚੋਣ ਅਫ਼ਸਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਚੋਣ ਅਮਲੇ ਦੀ ਦੂਜੀ ਰੈਂਡੇਮਾਈਜੇਸ਼ਨ ਵੀ ਕਰਵਾਈ ਗਈ।