Arth Parkash : Latest Hindi News, News in Hindi
ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ
Monday, 25 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ

* ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ, 26 ਨਵੰਬਰ:


ਪੰਜਾਬ ਵਿੱਚ ਲੜਕੀਆਂ ਨੂੰ ਸਸ਼ਕਤ ਬਣਾਉਣ ਸਬੰਧੀ ਆਪਣੇ ਮਿਸ਼ਨ ਨੂੰ ਜਾਰੀ ਰੱਖਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਦੋ ਮਹਿਲਾ ਕੈਡਿਟਾਂ, ਚਰਨਪ੍ਰੀਤ ਕੌਰ ਅਤੇ ਮਹਿਕ, ਦੀ ਵੱਕਾਰੀ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਇਨ੍ਹਾਂ ਦੀ ਸਿਖਲਾਈ ਜਨਵਰੀ 2025 ਤੋਂ ਸ਼ੁਰੂ ਹੋਵੇਗੀ।

ਕੁਰਾਲੀ (ਐਸ.ਏ.ਐਸ. ਨਗਰ) ਦੀ ਰਹਿਣ ਵਾਲੀ ਮਹਿਲਾ ਕੈਡੇਟ ਚਰਨਪ੍ਰੀਤ ਕੌਰ, ਦੇ ਪਿਤਾ ਸ. ਹਰਮਿੰਦਰ ਸਿੰਘ ਬਨਵੈਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ। ਐਸ.ਏ.ਐਸ.ਨਗਰ ਦੀ ਰਹਿਣ ਵਾਲੀ ਮਹਿਲਾ ਕੈਡਿਟ ਮਹਿਕ ਦੇ ਪਿਤਾ ਸ੍ਰੀ ਅਨਿਲ ਕੁਮਾਰ ਦਹੀਆ ਸਰਕਾਰੀ ਅਧਿਆਪਕ ਹਨ। ਮੈਰਿਟ ਸੂਚੀ ਵਿੱਚ ਸ਼ਾਮਲ 192 ਲੜਕੀਆਂ ਵਿੱਚੋਂ, ਚਰਨਪ੍ਰੀਤ ਕੌਰ ਨੇ ਚੌਥਾ ਆਲ ਇੰਡੀਆ ਰੈਂਕ (ਏ.ਆਈ.ਆਰ.) ਹਾਸਲ ਕੀਤਾ ਹੈ ਜਦੋਂਕਿ ਮਹਿਕ ਨੇ 23ਵਾਂ ਰੈਂਕ ਪ੍ਰਾਪਤ ਕੀਤਾ ਹੈ।


ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੋਵਾਂ ਮਹਿਲਾ ਕੈਡਿਟਾਂ ਨੂੰ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਬਿਨਾਂ ਸ਼ੱਕ ਪੰਜਾਬ ਦੀਆਂ ਹੋਰ ਲੜਕੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਦੇਸ਼ ਦੀ ਸੇਵਾ ਨਿਭਾਉਣ ਦੇ ਮੌਕੇ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਲੜਕੀਆਂ ਲਈ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਸੰਸਥਾ ਦੀਆਂ ਚਾਰ ਹੋਰ ਮਹਿਲਾ ਕੈਡਿਟਾਂ ਨੇ ਐਨ.ਡੀ.ਏ. ਦੀ ਦਾਖਲਾ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਹ ਆਪਣੀ ਐਸ.ਐਸ.ਬੀ. ਸਕ੍ਰੀਨਿੰਗ ਦੀ ਤਿਆਰੀ ਕਰ ਰਹੀਆਂ ਹਨ।


ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਏ.ਵੀ.ਐਸ.ਐਮ.(ਸੇਵਾਮੁਕਤ) ਨੇ ਏਅਰ ਫੋਰਸ ਅਕੈਡਮੀ ਲਈ ਮਹਿਲਾ ਕੈਡਿਟਾਂ ਦੀ ਚੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਸੂਬੇ ਦੀਆਂ ਹੋਰ ਲੜਕੀਆਂ ਨੂੰ ਵੀ ਵੱਖ-ਵੱਖ ਹਥਿਆਰਬੰਦ ਬਲਾਂ ਦੀਆਂ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਸਬੰਧੀ ਉਨ੍ਹਾਂ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

------------