Arth Parkash : Latest Hindi News, News in Hindi
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ
Thursday, 21 Nov 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

- ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਸੁਰੱਖਿਆ ਕਾਇਮ

- ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ

ਚੰਡੀਗੜ੍ਹ, 22 ਨਵੰਬਰ:


ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਦੀ ਗਿਣਤੀ 23 ਨਵੰਬਰ, 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।  ਇਸ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਰੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਇਸ ਵਾਰ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ।  ਵੋਟਾਂ ਦੀ ਗਿਣਤੀ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਕ ਇਕ  ਕੇਂਦਰ ਸਥਾਪਿਤ ਕੀਤਾ ਗਿਆ ਹੈ।  

ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 10-ਡੇਰਾ ਬਾਬਾ ਨਾਨਕ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਅਤੇ ਇੱਥੇ 64.01 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ, ਇੰਜੀਨੀਅਰਿੰਗ ਵਿੰਗ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 44-ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਇੱਥੋਂ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ।

ਇਸੇ ਤਰ੍ਹਾਂ 84-ਗਿੱਦੜਬਾਹਾ ਹਲਕੇ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਕੁੱਲ 81.90 ਫੀਸਦੀ ਵੋਟਿੰਗ ਹੋਈ ਹੈ। ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ।

ਸਿਬਿਨ ਸੀ ਨੇ ਦੱਸਿਆ ਕਿ 103-ਬਰਨਾਲਾ ਹਲਕੇ ਵਿੱਚ 14 ਉਮੀਦਵਾਰਾਂ ਵਿੱਚ ਮੁਕਾਬਲਾ ਰਿਹਾ। ਇਸ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।      

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਐੱਸਡੀਐੱਮ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਰਿਟਰਨਿੰਗ ਅਧਿਕਾਰੀ ਹਨ, ਜਦਕਿ ਹੁਸ਼ਿਆਰਪੁਰ ਦੇ ਏਡੀਸੀ (ਜੀ) ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ) ਦੇ ਰਿਟਰਨਿੰਗ ਅਧਿਕਾਰੀ ਹਨ। ਉੱਥੇ ਹੀ ਐੱਸਡੀਐੱਮ ਗਿੱਦੜਬਾਹਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐਮ ਬਰਨਾਲਾ ਵਿਧਾਨ ਸਭਾ ਹਲਕਾ ਬਰਨਾਲਾ ਦੇ ਰਿਟਰਨਿੰਗ ਅਧਿਕਾਰੀ ਹਨ।
------------