ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜਾ 684774 ਮੀਟਰਕ ਟਨ ਝੋਨਾ
*629786 ਮੀਟਰਕ ਟਨ ਦੀ ਹੋਈ ਖਰੀਦ, 590918 ਦੀ ਹੋਈ ਲਿਫਟਿੰਗ
*1366 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੀ ਕੀਤੀ ਆਨਲਾਈਨ ਅਦਾਇਗੀ
ਮਾਨਸਾ, 18 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਝੋਨੇ ਦੀ ਫਸਲ ਦੀ ਖਰੀਦ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸੇ ਵਰਗ ਨੂੰ ਖਰੀਦ ਦੌਰਾਨ ਕਿਸੇੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 6 ਲੱਖ 84 ਹਜ਼ਾਰ 774 ਮੀਟਰਿਕ ਟਨ ਤੋਂ ਵਧੇਰੇ ਝੋਨੇ ਦੀ ਆਮਦ ਹੋਈ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6 ਲੱਖ 29 ਹਜ਼ਾਰ 786 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਕੀਤੇ ਝੋਨੇ ਦੀ ਨਿਰਧਾਰਿਤ ਸਮੇਂ ਅੰਦਰ ਲਿਫ਼ਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ ਜਿਸ ਤਹਿਤ ਮੰਡੀਆਂ ਵਿੱਚੋਂ 5 ਲੱਖ 90 ਹਜ਼ਾਰ 918 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।
ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਖਰੀਦ ਕੀਤੀ ਗਈ ਫਸਲ ਵਿੱਚੋਂ ਪਨਗਰੇਨ ਵੱਲੋਂ 2 ਲੱਖ 13 ਹਜ਼ਾਰ 219 ਮੀਟਰਕ ਟਨ, ਮਾਰਕਫੈਡ ਵੱਲੋਂ 1 ਲੱਖ 81 ਹਜ਼ਾਰ 340 ਮੀਟਰਕ ਟਨ, ਪਨਸਪ ਵੱਲੋਂ 1 ਲੱਖ 58 ਹਜ਼ਾਰ 652 ਮੀਟਰਕ ਟਨ ਅਤੇ ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 76 ਹਜ਼ਾਰ 575 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 1366 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੀ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਮੰਡੀਆਂ ਵਿਚ ਪੀਣ ਵਾਲੇ ਸਾਫ਼ ਪਾਣੀ, ਸਾਫ਼-ਸਫ਼ਾਈ, ਅਤੇ ਬਾਰਦਾਨੇ ਦੀ ਉੁਚਿੱਤ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।