ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਨਿਹਾਲ ਸਿੰਘ ਵਾਲਾ ਵਿਖੇ ਲੱਗਿਆ ਅਲਿਮਕੋ ਦਾ ਪਹਿਲਾ ਸਹਾਇਤਾ ਸਮੱਗਰੀ ਵੰਡ ਕੈਂਪ ਸਫ਼ਲਤਾਪੂਰਵਕ ਸੰਪੰਨ
ਲਗਭਗ 152 ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ ਵੰਡੇ ਸਹਾਇਤਾ ਸਮੱਗਰੀ ਉਪਕਰਨ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
12 ਨਵੰਬਰ ਨੂੰ ਕਿਚਲੂ ਪਬਲਿਕ ਸਕੂਲ ਮੋਗਾ ਵਿਖੇ ਲੱਗੇਗਾ ਦੂਸਰਾ ਕੈਂਪ
ਮੋਗਾ, 11 ਨਵੰਬਰ:
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮੋਗਾ ਵਿੱਚ ਤਿੰਨ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ ਮਿਤੀ 17 ਤੋਂ 19 ਸਤੰਬਰ, 2024 ਤੱਕ ਕੀਤਾ ਗਿਆ ਸੀ। ਇਹਨਾਂ ਕੈਂਪਾਂ ਵਿੱਚ ਸਹਾਇਤਾ ਸਮੱਗਰੀ ਮਹੁੱਈਆ ਕਰਵਾਉਣ ਲਈ 350 ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਦਾ ਵੱਖ ਵੱਖ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਮਾਪ ਲਿਆ ਗਿਆ ਸੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਹੁਣ ਉਹਨਾਂ ਲਈ ਲੋੜੀਂਦੇ ਉਪਕਰਨ ਵੰਡਣ ਲਈ ਤਿੰਨ ਰੋਜਾ ਕੈਂਪ ਦੀ ਸ਼ੁਰੂਆਤ ਅੱਜ ਨਿਹਾਲ ਸਿੰਘ ਵਾਲਾ ਤੋਂ ਹੋ ਗਈ ਹੈ। ਅੱਜ ਦੇ ਪਹਿਲੇ ਕੈਂਪ ਵਿੱਚ 152 ਦਿਵਿਆਂਜਗਨਾਂ ਤੇ ਬਜੁਰਗਾਂ ਨੂੰ ਸਹਾਇਕ ਉਪਕਰਨਾਂ ਦੀ ਮੁਫਤ ਵੰਡ ਕੀਤੀ ਗਈ। ਉਹਨਾਂ ਦੱਸਿਆ ਕਿ ਹੁਣ ਅਗਲਾ ਸਹਾਇਤਾ ਸਮੱਗਰੀ ਵੰਡ ਕੈਂਪ ਬਲਾਕ ਮੋਗਾ ਵਿੱਚ ਕਿਚਲੂ ਪਬਲਿਕ ਸਕੂਲ ਐਫ.ਸੀ.ਆਈ. ਰੋਡ ਮੋਗਾ ਵਿਖੇ 12 ਨਵੰਬਰ ਨੂੰ ਲੱਗੇਗਾ ਅਤੇ ਤੀਸਰੇ ਕੈਂਪ ਦਾ ਆਯੋਜਨ ਧਰਮਕੋਟ ਬਲਾਕ ਵਿੱਚ ਨਗਰ ਕੌਂਸਲ ਧਰਮਕੋਟ ਵਿਖੇ ਮਿਤੀ 13 ਨਵੰਬਰ ਨੂੰ ਕੀਤਾ ਜਾਵੇਗਾ।
ਇਹਨਾਂ ਕੈਂਪਾਂ ਦੌਰਾਨ ਸੀਨੀਅਰ ਸਿਟੀਜਨਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਈਕਲ, ਬਣਾਉਟੀ ਅੰਗ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਬਲਾਈਂਡ ਪਰਸਨ ਲਈ ਮੋਬਾਇਲ ਫੋਨ, ਵੀਲ੍ਹ ਚੇਅਰ, ਫੌਹੜੀਆਂ, ਬਜੁਰਗਾਂ ਲਈ ਸਟਿਕ ਆਦਿ ਜਿਸ ਲਈ ਵੀ ਉਹ ਅਸਿਸਟ ਕਰਕੇ ਗਏ ਸਨ, ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਨੇ ਦੱਸਿਆ ਕਿ ਜਿਹੜੇ ਦਿਵਿਆਂਗਜਨ ਅਤੇ ਸੀਨੀਅਰ ਸਿਟੀਜਨਾਂ ਨੇ ਉਕਤ ਲਗਾਏ ਕੈਂਪਾਂ ਵਿੱਚ ਆਪਣੀ ਅਸਿਸਮੈਂਟ ਕਰਵਾਈ ਸੀ ਉਹਨਾਂ ਕੈਂਪਾਂ ਵਿੱਚ ਹਾਜ਼ਰ ਹੋ ਕੇ ਆਪਣਾ ਉਪਕਰਨ ਲੈਣਾ ਯਕੀਨੀ ਬਣਾਉਣ।