ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਟੀ.ਐਸ.ਪੀ. ਅਤੇ ਸਿੰਗਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਡੀ.ਏ.ਪੀ. ਦੇ ਬਦਲ ਦੇ ਰੂਪ ’ਚ ਕੀਤੀ ਜਾ ਸਕਦੀ ਹੈ-ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 4 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਬਿਜਾਈ ਲਈ ਲੋੜੀਂਦੀਆਂ ਖਾਦਾਂ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ’ਚ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸਮੇਂ-ਸਮੇਂ ’ਤੇ ਖਾਦ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਫਾਸਫੋਰਸ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਕਿਸਾਨਾਂ ਵੱਲੋਂ ਡੀ.ਏ.ਪੀ. ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਖਾਦ ਦੇ ਬਦਲ ਦੇ ਰੂਪ ਵਿਚ ਕਿਸਾਨ ਮਨਜੂਰਸ਼ੁਦਾ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਟ੍ਰਿਪਲ ਸੁਪਰ ਫਾਸਫੇਟ ਵਿਚ ਵੀ ਡੀ.ਏ.ਪੀ. ਦੀ ਤਰ੍ਹਾਂ 46 ਫੀਸਦੀ ਫਾਸਫੋਰਸ ਤੱਤ ਹੁੰਦੇ ਹਨ ਅਤੇ ਇਸ ਦੀ ਕੀਮਤ ਵੀ ਡੀ.ਏ.ਪੀ. ਖਾਦ ਨਾਲੋਂ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਜ਼ਾਰ ਵਿਚ ਉਪਲਬੱਧ ਹੋਰ ਫਾਸਫੇਟਿਕ ਖਾਦਾਂ ਵੀ ਵਰਤੋਂ ਵਿੱਚ ਲਿਆਈਆਂ ਜਾ ਸਕਦੀਆਂ ਹਨ।