1470 ਕਿਲੋ ਲਾਹਣ, 50 ਲੀਟਰ ਨਾਜਾਇਜ਼ ਸ਼ਰਾਬ, 403 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ, 70 ਗ੍ਰਾਮ ਹੈਰੋਇਨ ਬਰਾਮਦ
306 ਪੁਲਿਸ ਟੀਮਾਂ ਵੱਲੋਂ ਆਬਕਾਰੀ ਐਕਟ ਤਹਿਤ ਪੁਰਾਣੇ ਅਪਰਾਧਕ ਰਿਕਾਰਡ ਵਾਲੇ ਵਿਅਕਤੀਆਂ ਦੇ 813 ਟਿਕਾਣਿਆਂ ‘ਤੇ ਛਾਪੇਮਾਰੀਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਚੰਡੀਗੜ੍ਹ, 6 ਮਈ: Smuggling Illegal Liquor: ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਬਣਾਉਣ, ਵੇਚਣ ਤੇ ਇਸਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਸ਼ਿਕੰਜਾ ਕਸਦਿਆਂ ਵੱਡੇ ਪੱਧਰ ‘ਤੇ ਸੂਬਾ ਪੱਧਰੀ ਮੁਹਿੰਮ ਚਲਾਈ ਤਾਂ ਜੋ ਖੇਤਰ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਦੇ ਨਾਲ-ਨਾਲ ਜਾਅਲੀ ਸ਼ਰਾਬ ਬਣਾਉਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਸਕੇ। ਇਹ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਹੈ।
ਵਿਸ਼ੇਸ਼ ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕੋ ਸਮੇਂ ਸੂਬੇ ਭਰ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਉਨ੍ਹਾਂ ਸਾਰੇ ਵਿਅਕਤੀਆਂ, ਜਿਨ੍ਹਾਂ ਦੇ ਖਿਲਾਫ ਪਿਛਲੇ ਦੋ ਸਾਲਾਂ ਵਿੱਚ ਤਿੰਨ ਤੋਂ ਵੱਧ ਆਬਕਾਰੀ ਐਕਟ ਦੇ ਮਾਮਲੇ ਦਰਜ ਹਨ, ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਉਨ੍ਹਾ ਤੋਂ ਪੁੱਛਗਿੱਛ ਕਰਨ।
ਤਕਰੀਬਨ 1200 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 306 ਪੁਲਿਸ ਟੀਮਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਆਬਕਾਰੀ ਐਕਟ ਅਧੀਨ ਤਿੰਨ ਕੇਸਾਂ ਵਿੱਚ ਸ਼ਾਮਲ ਘੱਟੋ ਘੱਟ 775 ਵਿਅਕਤੀਆਂ ਦੇ 813 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 22 ਐਫਆਈਆਰ ਦਰਜ ਕਰਕੇ 1470 ਕਿਲੋ ਲਾਹਣ, 50 ਲੀਟਰ ਨਾਜਾਇਜ਼ ਸ਼ਰਾਬ, ਨਾਜਾਇਜ਼ ਸ਼ਰਾਬ ਦੀਆਂ 403 ਬੋਤਲਾਂ ਅਤੇ 70 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਵੱਲੋਂ 4580 ਲੀਟਰ ਲਾਹਣ ਵੀ ਨਸ਼ਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਆਪਰੇਸ਼ਨ ਚਲਾਉਣ ਦਾ ਉਦੇਸ਼ ਅੰਤਰ-ਰਾਜੀ ਸਰਹੱਦਾਂ ਤੋਂ ਨਜਾਇਜ਼ ਸ਼ਰਾਬ ਦੀ ਆਮਦ 'ਤੇ ਰੋਕ ਲਗਾਉਣ ਤੋਂ ਇਲਾਵਾ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ 'ਤੇ ਨਜ਼ਰ ਰੱਖਣਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਛਾਪੇਮਾਰੀਆਂ ਅੱਗੇ ਵੀ ਜਾਰੀ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ।
ਇਸ ਨੂੰ ਪੜ੍ਹੋ:
3500 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਡਾਕਟਰ ਦਾ ਨਿੱਜੀ ਸਹਾਇਕ ਗ੍ਰਿਫ਼ਤਾਰ