ਉਪਕਾਰ ਸਿੰਘ ਸੰਧੂ ਨੇ ਮਨਦੀਪ ਸਿੰਘ ਮੰਨਾ ਨੂੰ ਸਵਾਲ ਪੁੱਛੇ
ਅੰਮ੍ਰਿਤਪਾਲ ਬਬਲੂ ਖਿਲਾਫ ਇਕ ਦਿਨ 'ਚ ਕਿਵੇਂ ਦਰਜ ਹੋਈ FIR, ਬਿਨਾਂ ਕੰਮ ਕੀਤੇ ਕਰੋੜਾਂ ਦੀ ਕਮਾਈ ਕਿੱਥੋਂ ਆਈ?
ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਬਬਲੂ ਦੇ ਹੱਕ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮਨਦੀਪ ਸਿੰਘ ਮੰਨਾ ਨੂੰ ਸਵਾਲ ਪੁੱਛੇ ਕਿ ਕਿਵੇਂ ਇੱਕ ਦਿਨ ਵਿੱਚ ਬਬਲੂ ਖ਼ਿਲਾਫ਼ ਐਫਆਈਆਰ ਦਰਜ ਹੋ ਗਈ ਤੇ ਉਸ ਕੋਲ ਕਰੋੜਾਂ ਰੁਪਏ ਦਾ ਪੈਸਾ ਬਿਨਾ ਕੰਮ ਕਿੱਥੋਂ ਆਉਂਦਾ ਹੈ?
ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਮਨਦੀਪ ਸਿੰਘ ਮੰਨਾ ਖਿਲਾਫ ਬੋਲਣ 'ਤੇ ਅੰਮ੍ਰਿਤਪਾਲ ਸਿੰਘ ਬਬਲੂ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ ਪਰ ਉਹ ਹੈਰਾਨ ਹਨ ਕਿ 25 ਸਤੰਬਰ ਨੂੰ ਕ੍ਰਾਈਮ ਬ੍ਰਾਂਚ ਵਲੋਂ ਇਕ ਹੀ ਦਿਨ ਵਿਚ ਬਿਨਾਂ ਕਿਸੇ ਜਾਂਚ ਦੇ ਕਿਵੇਂ ਐਫ.ਆਈ.ਆਰ. ਹੋ ਗਈ ਜਦਕਿ ਕਈ ਵੱਡੀਆਂ ਵਾਰਦਾਤਾਂ ਤੋਂ ਬਾਦ ਵੀ ਦਿਨਾਂ ਤਕ ਐਫਆਈਆਰ ਦਰਜ ਨਹੀਂ ਹੁੰਦੀ। ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਐਫਆਈਆਰ ਇੱਕ ਸਾਲ ਪਹਿਲਾਂ ਲਏ ਪੈਸਿਆਂ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ, ਜਦੋਂ ਕਿ ਜੇਕਰ ਪੈਸੇ ਜ਼ਬਰਦਸਤੀ ਲਏ ਗਏ ਸਨ ਤਾਂ ਇੱਕ ਸਾਲ ਪਹਿਲਾਂ ਕਿਉਂ ਨਹੀਂ ਕਿਹਾ ਗਿਆ। ਉਸ ਨੇ ਕਿਹਾ ਕਿ ਉਸ 'ਤੇ ਜੋ ਪੈਸੇ ਜ਼ਬਰਦਸਤੀ ਲੈਣ ਦਾ ਦੋਸ਼ ਹੈ, ਉਹ ਬਬਲੂ ਦੀ ਤਨਖਾਹ ਦੇ ਪੈਸੇ ਸਨ ਜੋ ਕਿ ਉਹ ਮਨਦੀਪ ਸਿੰਘ ਮੰਨਾ ਦੇ ਸੋਸ਼ਲ ਮੀਡੀਆ ਦਾ ਕੰਮ ਕਰਨ ਬਦਲੇ ਲੈਂਦਾ ਸੀ।
ਉਪਕਾਰ ਸਿੰਘ ਸੰਧੂ ਨੇ ਸਵਾਲ ਉਠਾਇਆ ਕਿ ਸਾਰੇ ਅਧਿਕਾਰੀ ਮਨਦੀਪ ਸਿੰਘ ਮੰਨਾ ਤੋਂ ਕਿਉਂ ਡਰਦੇ ਹਨ ਅਤੇ ਉਹ ਅਜਿਹਾ ਕੀ ਕੰਮ ਕਰਦੇ ਹਨ ਕਿ ਕੁਝ ਸਾਲਾਂ ਵਿਚ ਹੀ ਕਰੋੜਾਂ ਦੀ ਜਾਇਦਾਦ ਬਣ ਗਈ। ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਮਨਦੀਪ ਸਿੰਘ ਮੰਨਾ ਕੋਲ ਕੁਝ ਨਹੀਂ ਸੀ ਅਤੇ ਕੋਵਿਡ ਤੋਂ ਪਹਿਲਾਂ ਉਨ੍ਹਾਂ ਕੋਲ ਕੁਝ ਨਹੀਂ ਸੀ ਪਰ ਹੁਣ ਇਹ ਕਿਵੇਂ ਆਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਐਫਆਈਆਰ ਬਿਲਕੁਲ ਝੂਠੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।