ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਦੇ ਨੂੰ ਅਪੀਲ
ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਪੌਸ਼ਟਿਕ ਤੱਤਾਂ ਦਾ ਖਜ਼ਾਨਾ
ਫਰੀਦਕੋਟ 03 ਅਕਤੂਬਰ ( 2024 )
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਜਾਂ ਚੁਕਾ ਕੇ ਜ਼ਮੀਨ ਦੀ ਸਿਹਤ ਸੁਧਾਰਨ ਦੇ ਨਾਲ ਨਾਲ ਹਵਾ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ।ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਮਿੱਟੀ ਦੀ ਸਿਹਤ ਸੁਧਾਰਨ ਲਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ ,ਜਿਸ ਨੂੰ ਅੱਗ ਲਗਾ ਕੇ ਸਾੜਣ ਦੀ ਬਿਜਾਏ ਖੇਤਾਂ ਵਿੱਚ ਸੰਭਾਲ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਫਸਲਾਂ ਦੀ ਬਿਜਾਈ ਕਰਨ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਏਕੜ ਰਕਬੇ ਵਿੱਚੋਂ ਤਕਰੀਬਨ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ।ਤਿੰਨ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ 1000 ਕਿਲੋ ਜੈਵਿਕ ਕਾਰਬਨ, 13 ਕਿਲੋ ਨਾਈਟਰੋਜਨ, 6 ਕਿਲੋ ਫਾਸਫੋਰਸ, 63 ਕਿਲੋ ਪੋਟਾਸ਼, 3.5 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ, ਜਿਸ ਦੀ ਬਾਜ਼ਾਰੀ ਕੀਮਤ ਤਕਰੀਬਨ 6000/- ਰੁਪਏ ਬਣਦੀ ਹੈ। ਜੇਕਰ ਪਰਾਲੀ ਨੂੰ ਖੇਤਾਂ ਵਿੱਚ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾ ਦੱਸਿਆ ਕਿ ਖੇਤੀ ਮਾਹਿਰਾਂ ਅਨੁਸਾਰ ਪ੍ਰਤੀ ਏਕੜ ਮਿੱਟੀ ਨੂੰ 10 ਕੁਇੰਟਲ ਜੈਵਿਕ ਮਾਦਾ 14 ਕਿਲੋ ਨਾਈਟ੍ਰੋਜਨ, 63 ਕਿਲੋ ਪੋਟਾਸ਼, 7 ਕਿਲੋ ਫਾਸਫੋਰਸ ਅਤੇ 3 ਕਿਲੋ ਸਲਫ਼ਰ ਮਿਲਦੀ ਹੈ, ਜਿਸ ਦੀ ਕੀਮਤ ਲਗਭਗ 6000/- ਰੁਪਏ ਬਣਦੀ ਹੈ।ਪ੍ਰਤੀ ਏਕੜ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਿਰਾਏ ਤੇ ਕਰਨ ਨਾਲ ਲਗਭਗ 2000/- ਤੋਂ 2500/- ਰੁਪਏ ਖਰਚ ਕੀਤੇ ਜਾਂਦੇ ਹਨ,ਇਸ ਤਰ੍ਹਾਂ 3500/-ਤੋਂ4000/-ਪ੍ਰਤੀ ਏਕੜ ਮੁੱਲ ਦੇ ਪੌਸ਼ਟਿਕ ਤੱਤ ਅਤੇ ਜੈਵਿਕ ਕਾਰਬਨ ਮਿੱਟੀ ਨੂੰ ਪ੍ਰਾਪਤ ਹੋ ਜਾਂਦੇ ਹਨ ਜਦ ਕਿ ਖੇਤ ਵਿੱਚ ਪਰਾਲੀ ਨੂੰ ਸਾੜਨ ਨਾਲ ਮਿੱਟੀ ਨੂੰ ਇਹ ਲਾਭ ਨਹੀਂ ਮਿਲਦਾ ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਸਾਲ 2024-25 ਦੌਰਾਨ ਇੱਕ ਲੱਖ 16 ਹਜ਼ਾਰ ਰਕਬੇ ਵਿੱਚ ਝੋਨਾ ਅਤੇ ਬਾਸਮਤੀ ਦੀ ਕਾਸਤ ਕੀਤੀ ਗਈ ਜਿਸ ਤੋਂ ਤਕਰੀਬਨ ਸੱਤ ਲੱਖ ਵੀਹ ਹਜ਼ਾਰ ਟਨ ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ।ਜ਼ਿਲਾ ਫਰੀਦਕੋਟ ਵਿੱਚ ਸਾਲ 2023-24 ਦੌਰਾਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 2022 ਸਨ, ਜਦਕਿ ਸਾਲ 2022-23 ਵਿੱਚ 2693 ਘਟਨਾਵਾਂ ਦਰਜ ਕੀਤੀਆਂ ਗਈਆਂ,ਇਸ ਤਰਾਂ 24.92 ਫੀਸਦੀ ਅੱਗ ਲੱਗਣ ਦੀਆ ਘਟਨਾਵਾਂ ਘਟ ਰਹੀਆਂ ਹਨ ।
ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਦੀਆਂ ਰਿਪੋਰਟਾਂ ਮੁਤਾਬਿਕ ਇੱਕ ਟਨ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਤਕਰੀਬਨ 1515 ਕਿਲੋ ਕਾਰਬਨਡਾਈਆਕਸਾਈਡ, 92 ਕਿਲੋ ਕਾਰਬਨਮੋਨੋਆਕਸਾਈਡ, 3.83 ਕਿਲੋ ਨਾਈਟ੍ਰਿਕ ਆਕਸਾਈਡ, 0.4 ਕਿਲੋ ਸਲਫਰ ਆਕਸਾਈਡ, 2.7 ਕਿਲੋ ਮੀਥੇਨ ਅਤੇ 15.7 ਕਿਲੋ ਆਰਗੈਨਿਕ ਕੰਪਾਉਂਡ ਉਤਪਨ ਹੁੰਦੇ ਹਨ। ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਪੈਦਾ ਹੋਈਆਂ ਗੈਸਾਂ ਵਿੱਚ 70% ਕਾਰਬਨ ਡਾਈਅਕਸਾਈਡ,7% ਕਾਰਬਨ ਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਈਟਿਕ ਆਕਸਾਈਡ ਗੈਸਾਂ ਹੁੰਦੀਆਂ ਜੋ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਲਈ ਬਹੁਤ ਘਾਤ ਸਿੱਧ ਹੁੰਦੀਆਂ ਹਨ । ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਖੇਤਾਂ ਦੀ ਮਿੱਟੀ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਉਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।ਪਰਾਲੀ ਨੂੰ ਅੱਗ ਲੱਗਣ ਕਾਰਨ ਨਿਕਲੇ ਸੂਖਮ ਕਣ ਹਵਾ ਵਿੱਚ ਮਿਲ ਕੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਜਿਵੇਂ ਦਿਲ,ਅੱਖਾਂ, ਚਮੜੀ ਅਤੇ ਸਾਹ ਆਦਿ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਜਿਸ ਨਾਲ ਬਜ਼ੁਰਗਾਂ,ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਪ੍ਰਭਾਵਤ ਹੁੰਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੂਖਮ ਕਣ ਪਸੂਆਂ ਖਾਸ ਕਰਕੇ ਦੁਧਾਰੂ ਪਸ਼ੂਆਂ ਲਈ ਵੀ ਬਹੁਤ ਹਾਨੀਕਾਰਕ ਹੁੰਦੇ ਹਨ। ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜਕੇ ਨਸ਼ਟ ਹੋ ਜਾਂਦੇ ਹਨ। ਧੂੰਏਂ ਕਾਰਨ ਪੈਦਾ ਹੋਣ ਜ਼ਹਿਰੀਲੀਆਂ ਗੈਸਾਂ ਨਾਲ ਹੋਣ ਵਾਲੀਆਂ ਕੈਂਸਰ,ਅੱਖਾਂ, ਚਮੜੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਜੁਰਗਾਂ,ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ,ਮਿੱਟੀ ਵਿੱਚ ਹਵਾ ਸੰਚਾਰ ਅਤੇ ਪਾਣੀ ਸੋਖਣ ਦੀ ਸਮਰੱਥਾ ਵਧਦੀ ਹੈ।ਜੈਵਿਕ ਮਾਦਾ ਵਧਣ ਨਾਲ ਭਾਰੀ ਜ਼ਮੀਨ ਭੁਰਪਰੀ ਅਤੇ ਹਲਕੀ ਜ਼ਮੀਨ ਭਾਰੀ ਹੋ ਜਾਂਦੀ ਹੈ।ਮਿੱਟੀ ਵਿੱਚ ਸੂਖਮ ਜੀਵਾਂ ਦੀ ਗਿਣਤੀ ਵਧਣ ਨਾਲ ਮਿੱਟੀ ਦੇ ਜੈਵਿਕ ਗੁਣਾਂ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਕਣਕ ,ਝੋਨੇ ਜਾਂ ਹੋਰ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਵੱਲੋਂ ਹੁਣ ਅਨੇਕਾਂ ਅਜਿਹੀਆਂ ਤਕਨੀਕਾਂ/ਮਸ਼ੀਨਾਂ ਜਿਵੇਂ ਮਲਚਰ,ਹੈਪੀ ਸੀਡਰ,ਸੁਪਰ ਸੀਡਰ,ਸਮਾਰਟ ਸੀਡਰ,ਕਟਰ ਕਮ ਸ਼ਰੈਡਰ, ਉਲਟਾਵਾਂ ਹੱਲ, ਸਰਫੇਸ ਸੀਡਰ ਆਦਿ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ,ਜਿਨ੍ਹਾਂ ਦੀ ਵਰਤੋਂ ਨਾਲ ਪਰਾਲੀ ਦੀ ਸੰਭਾਲ ਕਰਕੇ ਨਾਂ ਕੇਵਲ ਵਧੇਰੇ ਪੈਦਾਵਾਰ ਹੀ ਲਈ ਜਾ ਸਕਦੀ ਹੈ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ,ਖੇਤੀਬਾੜੀ ਅਫਸਰ,ਖੇਤੀਬਾੜੀ ਵਿਕਾਸ ਅਫਸਰ,ਕ੍ਰਿਸ਼ੀ ਵਿਗਿਆਨ ਕੇਂਦਰ ,ਫਾਰਮ ਸਲਾਹਕਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।
ਅੰਤ ਵਿਚ ਉਨ੍ਹਾਂ ਕਿਹਾ ਕਿ ਸੋ ਆਉ ਪ੍ਰਣ ਕਰੀਏ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਾਂਗੇ ਤਾਂ ਜੋ ਵਾਤਾਵਰਣ ਨੂੰ ਪ੍ਰਦੁਸ਼ਤ ਹੋਣ ਤੋਂ ਬਚਾਅ ਕੇ ਆਪਣੇ ਪੰਜਾਬ ਅਤੇ ਜ਼ਿਲਾ ਫਰੀਦਕੋਟ ਨੂੰ ਰੰਗਲਾ ਬਣਾਈਏ।