ਸਵੱਛਤਾ ਹੀ ਸੇਵਾ ਪੰਦਰਵਾੜਾ ਮੁਹਿੰਮ ਦੀ 17 ਸਤੰਬਰ ਤੋਂ ਹੋਵੇਗੀ ਸ਼ੁਰੂਆਤ, ਕਢੀ ਜਾਵੇਗੀ ਸਾਫ—ਸਫਾਈ ਦੀ ਰੈਲੀ
ਸਾਫ—ਸਫਾਈ ਦੇ ਉਦੇਸ਼ ਸਦਕਾ ਕਰਵਾਈਆਂ ਜਾਣਗੀਆਂ 2 ਅਕਤੂਬਰ ਤੱਕ ਗਤੀਵਿਧੀਆਂ
ਫਾਜ਼ਿਲਕਾ, 16 ਸਤੰਬਰ
ਸਾਫ—ਸਫਾਈ ਦੇ ਉਦੇਸ਼ ਨੂੰ ਲੈ ਕੇ ਫਾਜ਼ਿਲਕਾ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜਾ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਮਨਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ 17 ਸਤੰਬਰ ਨੂੰ ਸਵੇਰੇ 8:30 ਵਜੇ ਤੋਂ ਬੀ.ਆਰ.ਅੰਬੇਦਕਰ ਚੋਂਕ ਤੋਂ ਰੈਲੀ ਕੱਢ ਕੇ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ ਪੋਪਲੀ ਸ਼ਿਰਕਤ ਕਰਨਗੇ।ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਜਗਸੀਰ ਸਿੰਘ ਧਾਲੀਵਾਲ ਨੇ ਦਿੱਤੀ।
ਕਾਰਜ ਸਾਧਕ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰਾਂ ਦੀ ਦਿਖ ਨੂੰ ਸੁਧਾਰਨ ਅਤੇ ਸਾਫ—ਸਫਾਈ ਨੂੰ ਲੈ ਕੇ ਵੱਖ—ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਸਵੇਰੇ 8: 30 ਵਜੇ ਡੀ.ਸੀ. ਦਫਤਰ ਦੇ ਬਾਹਰ ਬੀ.ਆਰ.ਅੰਬੇਦਕਰ ਚੌਂਕ ਤੋਂ ਐਲ.ਆਈ.ਸੀ. ਰੋਡ, ਟੀ.ਵੀ.ਟਾਵਰ, ਕੈਂਟ ਰੋਡ ਤੋਂ ਸੰਜੀਵ ਸਿਨੇਮਾ ਚੋਂਕ ਤੱਕ ਸਾਫ—ਸਫਾਈ ਕਰਦਿਆਂ ਰੈਲੀ ਕੱਢੀ ਜਾਵੇਗੀ।ਇਸ ਮੌਕੇ ਸਵੱਛਤਾ ਹੀ ਸੇਵਾ ਥੀਮ ਤਹਿਤ ਸਾਫ—ਸਫਾਈ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਆਪਦੇ ਹੱਥੀ ਕੰਮ ਕਰਨ ਅਤੇ ਸਮਾਜ ਭਲਾਈ ਕੰਮਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਵੀ ਪ੍ਰੇਰਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਰੈਲੀ ਦਾ ਉਦੇਸ਼ ਆਪਣੇ ਆਲੇ—ਦੁਆਲੇ ਨੂੰ ਸਾਫ—ਸੁਥਰਾ ਰੱਖਣਾ ਹੈ ਤਾਂ ਜ਼ੋ ਗੰਦਗੀ ਮੁਕਤ ਵਾਤਾਵਰਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਫ—ਸੁਥਰੇ ਵਾਤਾਵਰਣ ਦੀ ਸਿਰਜਣਾ ਨਾਲ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਨਗਰ ਕੌਂਸਲ ਤੋਂ ਨਰੇਸ਼ ਖੇੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਅਕਤੂਬਰ ਤੱਕ ਸ਼ਹਿਰ ਦੀ ਸਫਾਈ ਦੇ ਮੱਦੇਨਜਰ ਵੱਖ—ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ। ਉਨ੍ਹਾਂ ਆਮ ਲੋਕਾਂ, ਸਮਾਜ ਸੇਵੀ ਸੰਸਥਾਵਾਂ, ਐਸੋਸੀਏਸ਼ਨਾਂ ਅਤੇ ਹੋਰ ਪਤਵੰਤੇ ਸਜਨਾ ਨੂੰ ਇਸ ਪੰਦਰਵਾੜੇ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜ਼ੋ ਇਕਜੁਟਤਾ ਦਾ ਸੰਦੇਸ਼ ਦਿੰਦੇ ਹੋਏ ਸ਼ਹਿਰ ਨੂੰ ਸਾਫ—ਸੁਥਰਾ ਬਣਾਇਆ ਜਾ ਸਕੇ।