ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਡੀ ਸੀ ਨੇ ਐਮ ਸੀ ਜ਼ੀਰਕਪੁਰ ਨੂੰ ਸੁਖਨਾ ਚੋਅ ਦੇ ਬਲਟਾਣਾ ਪੁਲ ਨੂੰ ਮੁੜ ਡਿਜ਼ਾਈਨ ਕਰਵਾਉਣ ਅਤੇ ਉੱਚਾ ਕਰਨ ਦੇ ਹੁਕਮ ਦਿੱਤੇ
ਐਮ ਸੀ ਨੇ ਪੁਲ 'ਤੇ ਆਉਣ-ਜਾਣ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਪ੍ਰਭਾਵ ਨਾਲ ਮੁਰੰਮਤ ਦਾ ਕੰਮ ਸ਼ੁਰੂ ਕੀਤਾ
ਜ਼ੀਰਕਪੁਰ/ਐਸ ਏ ਐਸ ਨਗਰ, 31 ਅਗਸਤ, 2024: ਸੁਖਨਾ ਚੋਅ ਦੇ ਬਲਟਾਣਾ ਪੁਲ 'ਤੇ ਨਿਰਵਿਘਨ ਆਉਣ-ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਨਗਰ ਕੌਂਸਲ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਪੁਲ ਨੂੰ ਨਵੇਂ ਸਿਰੇ ਤੋਂ ਡਿਜ਼ਾਇਨ ਕਰਵਾ ਕੇ ਇਸ ਦਾ ਪੱਧਰ ਉੱਚਾ ਚੁਕਵਾਉਣ ਦੀ ਕਾਰਵਾਈ ਅਰੰਭਣ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਮੁਰੰਮਤ ਦੇ ਕੰਮ ਵਿੱਚ ਰੁਕਾਵਟ ਆਈ ਸੀ ਅਤੇ ਦੇਖਿਆ ਗਿਆ ਹੈ ਕਿ ਪੁਲ ਉਪਰੋਂ ਪਾਣੀ ਓਵਰਫਲੋ ਹੋ ਗਿਆ ਹੈ। ਹੁਣ ਅਸਥਾਈ ਉਪਾਅ ਵਜੋਂ, ਪੁਲ ਤੋਂ ਚਿੱਕੜ ਨੂੰ ਸਾਫ਼ ਕਰਨ ਤੋਂ ਬਾਅਦ, ਢੁਕਵੀਂ ਰੇਲਿੰਗ ਦੁਬਾਰਾ ਲਗਾਉਣ ਦੇ ਨਾਲ-ਨਾਲ ਇਸ ਨੂੰ ਯਾਤਰੀਆਂ ਲਈ ਨਿਰਵਿਘਨ ਬਣਾਉਣ ਲਈ ਟਾਇਲਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਰੰਮਤ ਦਾ ਚੱਲ ਰਿਹਾ ਕੰਮ ਅਗਲੇ ਦਸ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ ਨੂੰ ਵੀ ਸ਼ਹਿਰ ਵਾਸੀਆਂ ਨੂੰ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਕੰਮ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੁਲ ਨੂੰ ਜ਼ਮੀਨੀ ਹਾਲਤਾਂ 'ਤੇ ਲੋੜ ਅਨੁਸਾਰ ਮੁੜ ਡਿਜ਼ਾਇਨ ਕਰਨ ਲਈ ਸਹਿਯੋਗ ਦੇਣ ਤਾਂ ਜੋ ਪਾਣੀ ਓਵਰਫਲੋ ਨਾ ਹੋ ਸਕੇ ਅਤੇ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ।