ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
- ਖੇਡਾਂ ਵਤਨ ਪੰਜਾਬ ਦੀਆਂ 2024 -
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਮੈਗਾ ਖੇਡ ਸਮਾਗਮ 'ਚ ਭਾਗ ਲੈਣ ਦੀ ਅਪੀਲ
- ਭਾਗ ਲੈਣ ਲਈ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ
ਲੁਧਿਆਣਾ, 28 ਅਗਸਤ (000) - ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋਂ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਸੱਦਾ ਦਿੰਦਿਆ ਕਿਹਾ ਕਿ ਉਹ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆਂ-2024' ਵਿੱਚ ਆਪਣੀ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਸਰਕਾਰ ਦਾ ਸਹਾਈ ਹੋਣ ਅਤੇ 'ਖੇਡ ਸੱਭਿਆਚਾਰ' ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ।
ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਮੇਜ਼ਰ ਸਰੀਨ ਨੇ ਦੱਸਿਆ ਕਿ ਮੈਗਾ ਖੇਡ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 40, 41 ਅਤੇ 50 ਅਤੇ 50 ਸਾਲ ਦੀ ਉਮਰ ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਵਿਸ਼ੇਸ਼ ਪੋਰਟਲ eservices.punjab.gov.in 'ਤੇ ਉਪਲਬਧ ਹੈ ਅਤੇ ਆਫ਼ਲਾਈਨ ਰਜਿਸਟ੍ਰੇਸ਼ਨ ਦਫ਼ਤਰ, ਜ਼ਿਲ੍ਹਾ ਖੇਡ ਅਫ਼ਸਰ ਵਿੱਚ ਕੀਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਭਾਗੀਦਾਰਾਂ ਦੀ ਰਿਹਾਇਸ਼, ਭੋਜਨ, ਸੁਰੱਖਿਆ, ਮੈਡੀਕਲ ਟੀਮਾਂ ਅਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੈਚਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਇਸ ਸਮਾਗਮ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਬਲਾਕ ਪੱਧਰੀ ਖੇਡਾਂ 3 ਸਤੰਬਰ ਨੂੰ ਸ਼ੁਰੂ ਹੋਣਗੀਆਂ ਅਤੇ 11 ਸਤੰਬਰ ਤੱਕ ਸਾਰੇ 14 ਬਲਾਕਾਂ ਵਿੱਚ ਮੈਚ ਕਰਵਾਏ ਜਾਣਗੇ।
ਲਾਅਨ ਟੈਨਿਸ, ਅਥਲੈਟਿਕਸ, ਬੇਸਬਾਲ ਅਤੇ ਜੂਡੋ ਸਮੇਤ ਖੇਡਾਂ ਦੀ ਮੇਜ਼ਬਾਨੀ ਲੁਧਿਆਣਾ ਕਰੇਗਾ। ਪਿਛਲੀ ਵਾਰ ਖੇਡਾਂ ਵਿੱਚ ਲੁਧਿਆਣਾ ਜ਼ਿਲ੍ਹੇ ਨੇ ਦੂਜਾ ਸਥਾਨ ਹਾਸਲ ਕੀਤਾ ਸੀ।