ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ
ਚੰਡੀਗੜ੍ਹ, 19 ਅਗਸਤ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮੱਰਪਿਤ ਚੰਡੀਗੜ੍ਹ ਦੇ ਸੈਕਟਰ 16 ਸਥਿਤ ਕਲਾ ਭਵਨ ਵਿਖੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਪੰਜਾਬ ਕਲਾ ਭਵਨ ਦੇ ਸਹਿਯੋਗ ਨਾਲ ਲਗਾਈ ਗਈ ਇਹ ਪ੍ਰਦਰਸ਼ਨੀ 19 ਅਗਸਤ ਤੋਂ 21 ਅਗਸਤ ਤੱਕ ਚੱਲੇਗੀ।
ਪ੍ਰਦਰਸ਼ਨੀ ਵਿੱਚ 65 ਪ੍ਰਤਿਭਾਸ਼ਾਲੀ ਫੋਟੋਗ੍ਰਾਫ਼ਰਾਂ ਦੁਆਰਾ 150 ਫੋਟੋਆਂ ਪੇਸ਼ ਕੀਤੀਆਂ ਗਈਆਂ ਹਨ, ਜੋ ਉਹਨਾਂ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਹੁਨਰ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ, ਫੋਟੋਗ੍ਰਾਫਰਾਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ 'ਤੇ ਸਾਰੇ ਫੋਟੋਗ੍ਰਾਫਰਾਂ ਨੂੰ ਵਧਾਈ ਦਿੱਤੀ ਅਤੇ ਇਸ ਕਲਾ ਵਿੱਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਪ੍ਰਸਿੱਧ ਫੋਟੋਗ੍ਰਾਫਰਾਂ - ਸੰਜੀਵ ਸ਼ਰਮਾ, ਟੀ.ਐਸ. ਬੇਦੀ, ਰਜਨੀਸ਼ ਕਤਿਆਲ, ਅਜੈ ਵਰਮਾ ਅਤੇ ਜੈਪਾਲ ਨੂੰ ਫੋਟੋਗ੍ਰਾਫੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਉਨ੍ਹਾਂ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਫੋਟੋਗ੍ਰਾਫਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਸੌਂਪੇ।
ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਫ਼ੋਟੋਗ੍ਰਾਫ਼ਰਾਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਅਤੇ ਕੀਮਤੀ ਪਲਾਂ ਨੂੰ ਕੈਦ ਕਰਕੇ ਉਨ੍ਹਾਂ ਨੂੰ ਸਦੀਵੀ ਯਾਦਾਂ ਵਿੱਚ ਬਦਲਣ ਦੀ ਵਿਲੱਖਣ ਸਮਰੱਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰ ਸਾਡੇ ਸਮਾਜ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ, ਜੋ ਸਾਨੂੰ ਸਾਡੇ ਅਤੀਤ, ਭਵਿੱਖ ਅਤੇ ਕੁਦਰਤ ਨਾਲ ਜੋੜਨ ਦੀ ਤਾਕਤ ਰੱਖਦੇ ਹਨ।
ਇਸ ਮੌਕੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਅਤੇ ਬਲਵਿੰਦਰ ਜੰਮੂ, ਪ੍ਰੈਸ ਕਲੱਬ ਦੀ ਫੋਟੋ ਜਰਨਲਿਸਟ ਕਮੇਟੀ ਦੇ ਚੇਅਰਮੈਨ ਉਪੇਂਦਰ ਸੇਨਗੁਪਤਾ, ਕਮੇਟੀ ਮੈਂਬਰ ਵਿਨੈ ਮਲਿਕ, ਅਜੈ ਜਲੰਧਰੀ, ਅਮਰਪ੍ਰੀਤ ਸਿੰਘ, ਸਵਦੇਸ਼ ਤਲਵਾੜ, ਕਰਮ ਸਿੰਘ, ਆਰ.ਪੀ.ਸ਼ਰਮਾ, ਤੋਂ ਇਲਾਵਾਂ ਨਾਮਵਰ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।