ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ਔਰਤਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ ਉੱਦਮਾਂ ਦਾ ਸਨਮਾਨ
ਚੰਡੀਗੜ੍ਹ, 16 ਅਗਸਤ:
ਪੰਜਾਬ ਸਰਕਾਰ ਨੇ ਮਹਿਲਾਵਾਂ ਦਰਮਿਆਨ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ 78ਵੇਂ ਆਜ਼ਾਦੀ ਦਿਵਸ ਮੌਕੇ ਮਹਿਲਾਵਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ 10 ਸਟਾਰਟਅੱਪਜ਼, ਜਿਨ੍ਹਾਂ ਨੇ ਸੂਬੇ ਦੇ ਉੱਦਮੀ ਮਾਹੌਲ ਨੂੰ ਹੁਲਾਰਾ ਦੇਣ ਲਈ ਮਿਸਾਲੀ ਯੋਗਦਾਨ ਪਾਇਆ ਹੈ, ਨੂੰ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਬੇਮਿਸਾਲ ਤਰੱਕੀ ਵੱਲ ਵਧ ਰਹੀਆਂ ਇਨ੍ਹਾਂ ਮਹਿਲਾ ਉੱਦਮੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਆਜ਼ਾਦੀ ਦਿਵਸ ਸਮਾਰੋਹਾਂ ਦੌਰਾਨ ਸਨਮਾਨਿਤ ਕੀਤਾ ਗਿਆ।
ਇਹਨਾਂ ਸਟਾਰਟਅੱਪਜ਼ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੀ ਅਗਵਾਈ ਵਾਲੀ ਪੰਜਾਬ ਸਟੇਟ ਇਨੋਵੇਸ਼ਨ ਕੌਂਸਲ ਦੀ ਸਟਾਰਟਅੱਪਜ਼ ਹੈਂਡਹੋਲਡਿੰਗ ਐਂਡ ਇੰਪਾਵਰਮੈਂਟ ਪਹਿਲਕਦਮੀ ਰਾਹੀਂ ਸਮਰਥਨ ਦਿੱਤਾ ਜਾ ਰਿਹਾ ਹੈ।
ਇਹ ਪਹਿਲਕਦਮੀ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਮਿਸ਼ਨ ਇਨੋਵੇਟ ਪੰਜਾਬ ਦਾ ਹਿੱਸਾ ਹੈ ਜਿਸ ਦਾ ਉਦੇਸ਼ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਇਹ ਸਟਾਰਟਅੱਪ ਤਰਜੀਹੀ ਖੇਤਰਾਂ 'ਤੇ ਧਿਆਨ ਕੇਂਦਰਤ ਕਰਦਿਆਂ ਨਵੀਆਂ ਤਕਨੀਕਾਂ ਅਤੇ ਵਿਚਾਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਸਮਾਜ ਵਿਕਾਸ ਨੂੰ ਹੁਲਾਰਾ ਮਿਲੇਗਾ।
ਪੰਜਾਬ ਸਰਕਾਰ ਇਨ੍ਹਾਂ ਮਹਿਲਾ ਉੱਦਮੀਆਂ ਨੂੰ ਵਧਣ-ਫੁੱਲਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰ ਰਹੀ ਹੈ। ਮੋਟੇ ਅਨਾਜਾਂ ਨੂੰ ਟਿਕਾਊ ਖੇਤੀ ਅਤੇ ਪੌਸ਼ਟਿਕ ਖੁਰਾਕ ਵਜੋਂ ਉਤਸ਼ਾਹਿਤ ਕਰਦਿਆਂ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੇ ਦ੍ਰਿਸ਼ਟੀਕੋਣ ਅਨੁਸਾਰ ਮਹਿਲਾ ਨੌਜਵਾਨਾਂ ਦੀ ਅਗਵਾਲੀ ਵਾਲੇ ਤਿੰਨ ਸਟਾਰਟਅੱਪ, ਐਮਕੈਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ (ਡਾ. ਵਿਪਾਸ਼ਾ ਸ਼ਰਮਾ), ਮਿਲਟ ਸਿਸਟਰਜ਼ (ਡਾ. ਅਮਨ ਅਤੇ ਡਾ. ਦਮਨ ਵਾਲੀਆ) ਅਤੇ ਰੋਜ਼ੀ ਫੂਡਜ਼ (ਡਾ. ਰੋਜ਼ੀ ਸਿੰਗਲਾ), ਮੋਟੇ ਅਨਾਜਾਂ ਪੌਸ਼ਟਿਕ ਗੁਣਾਂ ਬਾਰੇ ਜਗਰੂਕਤਾ ਪੈਦਾ ਕਰਨ, ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਸ਼ੂਗਰ ਦੇ ਮਰੀਜਾਂ ਲਈ ਕਸਟਮਾਈਜ਼ਡ ਰੈਡੀ-ਟੂ-ਈਟ (ਖਾਣ ਲਈ ਤਿਆਰ) ਉਤਪਾਦਾਂ ਅਤੇ ਪੀਣ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸਟਾਰਟਅੱਪ ਵਿੱਚੋਂ ਇੱਕ ਡਾ. ਰਿਤੂ ਮਹਾਜਨ ਦੀ ਅਗਵਾਈ ਵਾਲੇ ਰੀਬਾਇਓਪੀ ਐਗਰੋ ਟੈਕ ਪ੍ਰਾਈਵੇਟ ਲਿਮਟਿਡ ਨੇ ਨੈਨੋ-ਬਾਇਓ-ਕੀਟਨਾਸ਼ਕਾਂ ਨੂੰ ਤਿਆਰ ਕਰਨ ਲਈ ਇੱਕ ਨਵੀਨਤਾਕਾਰੀ ਬਾਇਓਡੀਗ੍ਰੇਡੇਬਲ ਅਤੇ ਨਾਨ-ਟੌਕਸਿਕ (ਜ਼ਹਿਰ-ਰਹਿਤ) ਰਚਨਾ ਤਿਆਰ ਕੀਤੀ ਹੈ।
ਹੈਲਥਕੇਅਰ ਆਧਾਰਿਤ ਸਟਾਰਟਅੱਪਸ ਵਿੱਚ ਡਾ. ਗੋਰੀ ਜੈਮੁਰਗਨ ਦੀ ਅਗਵਾਈ ਵਾਲੀ ਗੌਰੀਜ਼ ਸਕਿਨ ਕੇਅਰ ਪ੍ਰਾਈਵੇਟ ਲਿਮਟਿਡ ਐਂਟੀ-ਏਜਿੰਗ ਅਤੇ ਐਂਟੀ-ਕੈਂਸਰ ਵਿਸ਼ੇਸ਼ਤਾਵਾਂ ਵਾਲੇ ਬਾਇਓਮਾਸ-ਅਧਾਰਤ ਕੁਦਰਤੀ ਸਨਸਕ੍ਰੀਨ ਫਾਰਮੂਲੇ ਬਣਾਉਣ ਲਈ ਕੰਮ ਕਰ ਰਹੀ ਹੈ; ਸ਼੍ਰੀਮਤੀ ਸ਼ਕੁੰਤਲਾ ਦੀ ਅਗਵਾਈ ਵਾਲੀ ਜੇ.ਵੀ.-ਸਕੈਨ ਪ੍ਰਾਈਵੇਟ ਲਿਮਟਿਡ ਮੋਬਾਈਲ ਦੁਆਰਾ ਸ਼ੁਰੂਆਤੀ ਪੜਾਅ 'ਤੇ ਹੀ ਬਿਮਾਰੀ ਦਾ ਪਤਾ ਲਗਾਉਣ ਲਈ ਏ.ਆਈ. ਅਧਾਰਤ ਵੌਇਸ ਵਿਸ਼ਲੇਸ਼ਣ ਟੂਲ ਤਿਆਰ ਕਰਨ ਲਈ ਕੰਮ ਕਰ ਰਹੀ ਹੈ; ਡਾ. ਪੱਲਵੀ ਬਾਂਸਲ ਦੀ ਅਗਵਾਈ ਵਾਲੀ ਟੀਮਮੈਡ ਕੇਅਰ ਗਰਭਵਤੀ ਔਰਤਾਂ ਲਈ ਏ.ਆਈ. ਆਧਾਰਤ ਰੀਅਲ-ਟਾਈਮ ਹੈਲਥ ਟ੍ਰੈਕਿੰਗ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਹੈਲਥਕੇਅਰ ਪੇਸ਼ੇਵਰ ਮਾਵਾਂ ਦੀ ਸਿਹਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰ ਸਕਦੇ ਹਨ। ਹੋਰ ਦੋ ਸਟਾਰਟਅੱਪ ਸ਼੍ਰੀਮਤੀ ਪੂਜਾ ਕੌਸ਼ਿਕ ਦੀ ਅਗਵਾਈ ਵਾਲੀ ਕ੍ਰਿਏਟਕਿੱਟ ਅਤੇ ਨੈਨਸੀ ਭੋਲਾ ਦੀ ਅਗਵਾਈ ਵਾਲੀ ਸਖੀਆਂ, ਸਮਾਜਿਕ ਉੱਦਮਤਾ ਮਾਡਲ ਤਹਿਤ ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਗਰੀਬ ਮਹੀਲਾਵਾਂ, ਬੁਣਕਰਾਂ ਅਤੇ ਕਾਰੀਗਰਾਂ ਨੂੰ ਸ਼ਾਮਲ ਕਰਦਿਆਂ ਟੈਕਸਟਾਈਲ ਵੇਸਟ ਤੋਂ ਟਿਕਾਊ ਉਤਪਾਦ ਤਿਆਰ ਕਰ ਰਹੇ ਹਨ। ਸ਼੍ਰੀਮਤੀ ਹਰਦੀਪ ਕੌਰ ਦੀ ਅਗਵਾਈ ਵਾਲੇ ਇੱਕ ਹੋਰ ਸਟਾਰਟਅੱਪ ਇੰਡੋਨਾ ਇਨੋਵੇਟਿਵ ਸਲਿਊਸ਼ਨਜ਼ ਨੇ ਪਾਣੀ ਦੀ ਬਰਬਾਦੀ ਨੂੰ ਘਟਾਉਣ ਲਈ ਵਾਟਰ ਫਲੋਅ ਰੀਸਟ੍ਰਿਕਟਰ ਤਿਆਰ ਕੀਤਾ ਹੈ।
ਸਟਾਰਟਅੱਪਜ਼ ਨੂੰ ਵਧਾਈ ਦਿੰਦਿਆਂ ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਡਾਇਰੈਕਟਰ ਇੰਜਨੀਅਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਐਸ.ਐਚ.ਈ, ਪੀ.ਐਸ.ਸੀ.ਐਸ.ਟੀ. ਦੀ ਪਹਿਲਕਦਮੀ ਹੈ ਜਿਸ ਦੇ ਤਹਿਤ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੰਭਾਵੀ ਮਹਿਲਾ ਸਟਾਰਟਅੱਪਾਂ ਨੂੰ ਉਨ੍ਹਾਂ ਦੇ ਉੱਦਮਾਂ ਦਾ ਸਮਰਥਨ ਕਰਨ ਲਈ ਸਰੋਤ, ਸਲਾਹਕਾਰ ਅਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।
ਇਹ ਪਹਿਲਕਦਮੀ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਦੇ ਸਕੱਤਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਐਸ.ਸੀ.ਐਸ.ਟੀ. ਵੱਲੋਂ ਜਲਦ ਹੀ ਐਚ.ਐਚ.ਈ. (ਸ਼ੀਅ) ਕੋਹਰਟ 3.0 ਲਈ ਸੱਦਾ ਦਿੱਤਾ ਜਾਵੇਗਾ, ਜਿਸ ਜ਼ਰੀਏ ਵਿਦਿਆਰਥਣਾਂ ਨੂੰ ਪ੍ਰੋਗਰਾਮ ਲਈ ਰਜਿਸਟਰ ਕਰਨ ਦੀ ਅਪੀਲ ਕੀਤੀ ਜਾਵੇਗੀ।
ਜੁਆਇੰਟ ਡਾਇਰੈਕਟਰ-ਕਮ-ਪ੍ਰੋਗਰਾਮ ਲੀਡਰ ਡਾ. ਦਪਿੰਦਰ ਕੌਰ ਬਖਸ਼ੀ ਨੇ ਦੱਸਿਆ ਕਿ ਪੀ.ਐਸ.ਸੀ.ਐਸ.ਟੀ. ਨੇ ਪਿਛਲੇ ਦੋ ਸਾਲਾਂ ਵਿੱਚ ਰਾਜ ਵਿੱਚ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ, ਜਿਸ ਵਿੱਚ 3500 ਤੋਂ ਵੱਧ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਸਟਾਰਟਅੱਪਜ਼ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, 20 ਹੋਰ ਸਟਾਰਟਅੱਪਜ਼ ਨੂੰ ਪ੍ਰਮੁੱਖ ਇਨਕਿਊਬੇਟਰਾਂ ਅਤੇ ਸਮਰਥਕਾਂ, ਖਾਸ ਕਰਕੇ ਟੀਪੀਆਈ-ਆਈਸਰ ਮੋਹਾਲੀ, ਅਵਧ ਆਈ.ਆਈ.ਟੀ. ਰੋਪੜ, ਜੀਜੇਸੀਈਆਈ-ਜੀਐਨਡੀਯੂ, ਅੰਮ੍ਰਿਤਸਰ, ਪੀਏਬੀਆਈ-ਪੀਏਯੂ ਲੁਧਿਆਣਾ, ਸਟੈਪ-ਥਾਪਰ ਇੰਸਟੀਚਿਊਟ, ਪਟਿਆਲਾ ਅਤੇ ਚੰਡੀਗੜ੍ਹ ਏਂਜਲਸ ਨੈੱਟਵਰਕ ਦੇ ਸਹਿਯੋਗ ਨਾਲ ਸਿਖਲਾਈ ਅਤੇ ਸਲਾਹ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਔਰਤਾਂ ਦੇ ਯਤਨਾਂ ਅਤੇ ਸਮਰਪਣ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
---------------