ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ
ਬਾਲਾ ਜੀ ਮਾਨਵ ਸੇਵਾ ਸੰਮਤੀ ਅਬੋਹਰ ਦੇ ਉਧਭਵ ਆਵਾਸ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਅਬੋਹਰ (ਫਾਜਿ਼ਲਕਾ) 12 ਦਸੰਬਰ: Balaji Manav Seva Samiti: ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਅਬੋਹਰ ਦੀ ਨਵੀਂ ਅਬਾਦੀ ਖੇਤਰ ਵਿਚ ਬਾਲਾ ਜੀ ਮਾਨਵ ਸੇਵਾ ਸੰਮਤੀ ਅਬੋਹਰ ਵੱਲੋਂ ਸਵ: ਸ੍ਰਮਤੀ ਸਾਂਤਾ ਕਟਾਰੀਆਂ ਜੀ ਅਤੇ ਅਤੇ ਸਵ: ਸ੍ਰੀ ਸਰਦਾਰੀ ਲਾਲ ਕਟਾਰੀਆ ਜੀ ਦੇ ਪਰਿਵਾਰ ਦੀ ਪ੍ਰੇਰਣਾ ਨਾਲ ਲੜਕੀਆਂ ਲਈ ਚਾਇਲਡ ਕੇਅਰ ਇੰਸਟੀਚਿਊਟ (ਸੀਸੀਆਈ) ਦੀ ਸ਼ੁਰੂਆਤ ਉਧਭਵ ਆਵਾਸ ਦੇ ਰੂਪ ਵਿਚ ਕਰਵਾਈ।
ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਸੰਸਥਾਂ ਤੇ ਸਮਾਜ ਭਲਾਈ ਦੇ ਇਸ ਨੇਕ ਕਾਰਜ ਲਈ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸੰਸਥਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਪ੍ਰਤੀ ਸਮਾਜ ਦੀ ਸੋਚ ਬਦਲ ਰਹੀ ਹੈ ਅਤੇ ਹੁਣ ਲੜਕੀਆਂ ਪੜ੍ਹ ਲਿਖ ਕੇ ਵੱਡੇ ਰੁਤਬੇ ਹਾਸਲ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੜਕੀਆਂ ਦੀ ਪੜਾਈ ਅਤੇ ਉਨ੍ਹਾਂ ਨੂੰ ਜਿੰਦਗੀ ਵਿਚ ਸਫਲ ਕਰਨ ਲਈ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਂਝੇ ਸਮਾਜਿਕ ਯਤਨਾਂ ਨਾਲ ਅਸੀਂ ਇਕ ਚੰਗਾ ਸਮਾਜ ਸਿਰਜ ਸਕਾਂਗੇ। ਉਨ੍ਹਾਂ ਨੇ ਇੱਥੇ ਇਸੇ ਸੰਸਥਾ ਵੱਲੋਂ ਪਹਿਲਾਂ ਤੋਂ ਚੱਲ ਰਹੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜੁਰਗਾਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਆਪ ਆਗੂ ਸ੍ਰੀ ਕੁਲਦੀਪ ਸਿੰਘ ਦੀਪ ਕੰਬੋਜ਼, ਨਗਰ ਨਿਗਮ ਅਬੋਹਰ ਦੇ ਮੇਅਰ ਸ੍ਰੀ ਵਿਮਲ ਠਠਈ, ਐਸਪੀ ਸ੍ਰੀ ਮੋਹਨ ਲਾਲ, ਦੀਦੀ ਬ੍ਰਹਿਮ ਰਿਤਾ, ਸ੍ਰੀ ਗੌਰੀ ਸੰਕਰ ਮਿੱਤਲ, ਡੀਸੀਪੀਓ ਸ੍ਰੀਮਤੀ ਰਿਤੂ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ।
ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸ੍ਰੀ ਰਜਤ ਲੂਥਰਾ ਨੇ ਸੰਸਥਾਂ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਪਵਿੱਤਰ ਕਾਰਜ ਵਿਚ ਸਹਿਯੋਗ ਕਰਨ ਵਾਲੇ ਸ੍ਰੀਮਤੀ ਸੁਮੇਧਾ ਕਟਾਰੀਆਂ ਰਿਟਾ: ਆਈਏਐਸ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।