ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ
- ਪੈਨਸ਼ਨਾਂ ਸਬੰਧੀ ਸਾਬਕਾ ਸੈਨਿਕ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨਾਲ ਕਰਨ ਤਾਲਮੇਲ
ਫ਼ਰੀਦਕੋਟ 1 ਅਗਸਤ ,2024
ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਰੀਦਕੋਟ ਨੇ ਦੱਸਿਆ ਕਿ ਜੋ ਵੀ ਸਾਬਕਾ ਸੈਨਿਕ ਦੋ ਸਰਵਿਸ ਪੈਨਸ਼ਨਾਂ ਲੈ ਰਹੇ ਹਨ, ਉਹਨਾਂ ਦੀਆਂ ਵਿਧਵਾਵਾਂ ਨੂੰ ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਦੋ ਪੈਨਸ਼ਨਾਂ ਵਿਚੋਂ ਇੱਕ ਹੀ ਫੈਮਿਲੀ ਪੈਨਸ਼ਨ ਲਾਗੂ ਸੀ, ਪਰੰਤੂ ਹੁਣ ਭਾਰਤ ਸਰਕਾਰ ਵੱਲੋਂ ਮਿਤੀ 24 ਸਤੰਬਰ 2012 ਅਤੇ ਪੰਜਾਬ ਸਰਕਾਰ ਵੱਲੋਂ ਮਿਤੀ 18 ਜੂਨ 2016 ਤੋਂ ਸਾਬਕਾ ਸੈਨਿਕ ਦੀ ਮੌਤ ਉਪਰੰਤ ਦੋਨਾਂ ਨੌਕਰੀਆਂ ਦੀ ਫੈਮਿਲੀ ਪੈਨਸ਼ਨ ਵਿਧਵਾਵਾਂ ਨੂੰ ਵੀ ਲਾਗੂ ਕਰ ਦਿੱਤੀ ਗਈ ਹੈ। ਇਸ ਲਈ ਜਿਸ ਵੀ ਸਾਬਕਾ ਸੈਨਿਕ ਨੂੰ ਦੋ ਸਰਵਿਸ ਪੈਨਸ਼ਨਾਂ ਮਿਲ ਰਹੀਆਂ ਹਨ, ਉਹ ਆਪਣੀ ਪਤਨੀ ਦਾ ਨਾਮ ਦੋਨੋਂ ਪੈਨਸ਼ਨਾਂ ਵਿੱਚ ਫੈਮਿਲੀ ਪੈਨਸ਼ਨ ਲਈ ਦਰਜ਼ ਕਰਵਾਉਣ ਹਿੱਤ, ਫੌਜ਼ ਦੀ ਪੈਨਸ਼ਨ ਲਈ ਸਬੰਧਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਅਤੇ ਦੂਸਰੀ ਕੀਤੀ ਨੌਕਰੀ ਲਈ, ਸਬੰਧਤ ਦਫਤਰ, ਜਿੱਥੇ ਨੌਕਰੀ ਕੀਤੀ ਹੈ, ਵਿਖੇ ਪਹੁੰਚ ਕਰਨ। ਇਸੇ ਤਰ੍ਹਾਂ ਜੇਕਰ ਦੋ ਸਰਵਿਸ ਪੈਨਸ਼ਨਾਂ ਲੈਣ ਵਾਲੇ ਸਾਬਕਾ ਸੈਨਿਕ ਦੀ ਮੌਤ ਹੋ ਚੁੱਕੀ ਹੈ ਤਾਂ ਵਿਧਵਾ ਫੈਮਿਲੀ ਪੈਨਸ਼ਰ ਵੱਲੋਂ ਵੀ ਦੋਨਾਂ ਨੌਕਰੀਆਂ ਦੀ ਫੈਮਿਲੀ ਪੈਨਸ਼ਨ ਲੈਣ ਹਿੱਤ ਸਬੰਧਤ ਦਫਤਰ ਵਿਖੇ ਪਹੁੰਚ ਕੀਤੀ ਜਾਵੇ। ਵਧੇਰੇ ਜਾਣਕਾਰੀ ਲਈ ਇਸ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।